ਲੁਧਿਆਣਾ (ਜੇਐੱਨਐੱਨ) : ਆਖ਼ਰੀ ਸਮੇਂ ਵਿਚ ਕੀਤੇ ਗਏ ਗੋਲ ਦੀ ਬਦੌਲਤ ਮੋਹਨ ਬਾਗਾਨ ਨੇ ਪੰਜਾਬ ਐੱਫਸੀ ਦੀਆਂ ਜਿੱਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਇਹ ਮੁਕਾਬਲਾ 1-1 ਦੀ ਬਰਾਬਰੀ 'ਤੇ ਰਿਹਾ। ਇੰਡੀਅਨ ਨੈਸ਼ਨਲ ਫੁੱਟਬਾਲ ਲੀਗ ਦਾ ਮੁਕਾਬਲਾ ਗੁਰੂ ਨਾਨਕ ਸਟੇਡੀਅਮ ਵਿਚ ਖੇਡਿਆ ਗਿਆ।

ਇਸ ਡਰਾਅ ਨਾਲ ਮੋਹਨ ਬਾਗਾਨ ਸੱਤ ਮੈਚਾਂ ਵਿਚ ਚਾਰ ਜਿੱਤਾਂ, ਦੋ ਡਰਾਅ ਤੇ ਇਕ ਹਾਰ ਨਾਲ 14 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ ਉਥੇ ਮੇਜ਼ਬਾਨ ਪੰਜਾਬ ਐੱਫਸੀ ਅੱਠ ਮੈਚਾਂ ਵਿਚ ਦੋ ਜਿੱਤਾਂ, ਪੰਜ ਡਰਾਅ ਤੇ ਇਕ ਹਾਰ ਨਾਲ 11 ਅੰਕ ਲੈ ਕੇ ਤੀਜੇ ਤੋਂ ਦੂਜੇ ਸਥਾਨ 'ਤੇ ਪੁੱਜ ਗਿਆ ਹੈ।

ਮੈਨ ਆਫ ਦ ਮੈਚ ਦਾ ਪੁਰਸਕਾਰ ਮੋਹਨ ਬਾਗਾਨ ਦੇ ਸਟਾਪਰ ਡੇਨੀਲੋ ਨੂੰ ਮਿਲਿਆ। ਪੰਜਾਬ ਦੇ ਡੀਕਾ ਦੇ ਗੋਲ ਦੀ ਬਦੌਲਤ ਟੀਮ ਨੇ 1-0 ਦੀ ਬੜ੍ਹਤ ਬਣਾਈ ਪਰ ਇਸ ਤੋਂ ਬਾਅਦ 87ਵੇਂ ਮਿੰਟ ਵਿਚ ਮੋਹਨ ਬਾਗਾਨ ਦੇ ਖਿਡਾਰੀ ਸ਼ੁਭਾ ਘੋਸ਼ ਨੇ ਪੰਜਾਬ ਦੇ ਡਿਫੈਂਸ ਵੱਲੋਂ ਕੀਤੀ ਗਈ ਗ਼ਲਤੀ ਦਾ ਲਾਭ ਉਠਾਉਂਦੇ ਹੋਏ ਗੋਲ ਕਰ ਕੇ ਪੰਜਾਬ ਦੇ ਖੇਮੇ ਵਿਚ ਨਿਰਾਸ਼ਾ ਲਿਆ ਦਿੱਤੀ। ਇਸ ਤੋਂ ਬਾਅਦ ਕੋਈ ਵੀ ਟੀਮ ਗੋਲ ਨਾ ਕਰ ਸਕੀ ਤੇ ਦੋਵਾਂ ਟੀਮਾਂ ਨੂੰ 1-1 ਅੰਕ ਨਾਲ ਸਬਰ ਕਰਨਾ ਪਿਆ।