ਹਰਜੋਤ ਸਿੰਘ ਅਰੋੜਾ, ਲੁਧਿਆਣਾ : ਆਲ ਇੰਡੀਆ ਸਿਵਲ ਸਰਵਿਸ ਬਾਸਕਟਬਾਲ ਟੂਰਨਾਮੈਂਟ 28 ਤੋਂ 30 ਜਨਵਰੀ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਲਈ ਪੰਜਾਬ ਪੱਧਰੀ ਟੀਮ ਦੀ ਚੋਣ ਕੀਤੀ ਜਾਣੀ ਹੈ। ਟੀਮ ਦੀ ਚੋਣ ਲਈ ਟਰਾਇਲ 15 ਜਨਵਰੀ ਨੂੰ ਸਵੇਰੇ 9 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਸੈਂਟਰਲ ਸਿਵਲ ਸਰਵਿਸ ਕਲਚਰਲ ਅਤੇ ਸਪੋਰਟਸ ਬੋਰਡ, ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿਚ ਸਰਕਾਰੀ ਮੁਲਾਜ਼ਮ (ਰੇਗੂਲਰ) ਖਿਡਾਰੀ ਵਜੋਂ ਹਿੱਸਾ ਲੈ ਸਕਦੇ ਹਨ। ਚੋਣ ਟਰਾਇਲ ਵਿਚ ਪੰਜਾਬ ਦੇ ਸਰਕਾਰੀ ਮੁਲਾਜ਼ਮ ਹਿੱਸਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਟੀਮ ਦੀ ਚੋਣ ਲਈ ਪੰਜਾਬ ਖੇਡ ਵਿਭਾਗ ਵੱਲੋਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ, ਜ਼ਿਲ੍ਹਾ ਖੇਡ ਅਫਸਰ ਲੁਧਿਆਣਾ, ਬਾਸਕਟਬਾਲ ਕੋਚਾਂ ਗੁਰਮੀਤ ਸਿੰਘ ਅਤੇ ਭਵਖੰਡਨ ਸਿੰਘ 'ਤੇ ਅਧਾਰਿਤ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਟਰਾਇਲ ਵਿਚ ਹਿੱਸਾ ਲੈਣ ਵਾਲੇ ਖਿਡਾਰੀ 15 ਜਨਵਰੀ ਨੂੰ ਸਵੇਰੇ 9 ਵਜੇ ਚੋਣ ਕਮੇਟੀ ਨੂੰ ਲੋੜੀਂਦੇ ਦਸਤਾਵੇਜ਼ਾਂ ਸਮੇਤ ਰਿਪੋਰਟ ਕਰ ਸਕਦੇ ਹਨ।