ਰਵੀ ਖਹਿਰਾ/ਮਾਨ ਸਿੰਘ, ਖਡੂਰ ਸਾਹਿਬ/ਮੀਆਂਵਿੰਡ : ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਹਾਕੀ ਮੈਦਾਨ 'ਚ ਪੰਜਾਬ ਰਾਜ ਸਬ ਜੂਨੀਅਰ ਹਾਕੀ ਚੈਂਪੀਅਨਸ਼ਿਪ ਸ਼ੁਰੂ ਹੋ ਗਈ। ਇਸ ਟੂਰਨਾਮੈਂਟ ਦਾ ਉਦਘਾਟਨ ਨਿਸ਼ਾਨ-ਏ-ਸਿੱਖੀ ਟਰੱਸਟ ਦੇ ਸਕੱਤਰ ਅਵਤਾਰ ਸਿੰਘ ਬਾਜਵਾ ਵੱਲੋਂ ਕੀਤਾ ਗਿਆ। ਇਸ ਮੌਕੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸਕੂਲ ਦੇ ਪਿ੍ਰੰਸੀਪਲ ਬੀਰਇੰਦਰ ਸਿੰਘ, ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਦੇ ਮੁੱਖ ਕੋਚ ਬਲਵਿੰਦਰ ਸਿੰਘ, ਕੋਚ ਜਸਪਾਲ ਸਿੰਘ, ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਦੇ ਪਿ੍ਰੰਸੀਪਲ ਸਿਮਰਪ੍ਰਤ ਕੌਰ, ਹਾਕੀ ਪੰਜਾਬ ਵੱਲੋਂ ਗੁਰਮੀਤ ਸਿੰਘ ਅਤੇ ਜੋਤੀ ਮੌਜੂਦ ਸਨ। ਇਸ ਦੌਰਾਨ ਹੋਏ ਮੈਚਾਂ ਵਿਚ ਤਰਨਤਾਰਨ ਨੇ ਕਪੂਰਥਲਾ ਨੂੰ 8-0 ਨਾਲ ਅਤੇ ਜਲੰਧਰ ਨੇ ਗੁਰਦਾਸਪੁਰ ਨੂੰ 4-1 ਦੇ ਫ਼ਰਕ ਨਾਲ ਹਰਾਇਆ। ਪਠਾਨਕੋਟ ਦੀ ਟੀਮ ਦੇ ਨਾ ਪਹੁੰਚਣ ਕਾਰਨ ਮੁਹਾਲੀ ਦੀ ਟੀਮ ਨੂੰ ਇਕਤਰਫ਼ਾ ਜੇਤੂ ਕਰਾਰ ਦਿੱਤਾ ਗਿਆ। ਪਹਿਲੇ ਦੋ ਮੈਚਾਂ ਵਿਚ ਤਰਨਤਾਰਨ ਦੇ ਸਵਰਾਜ ਸਿੰਘ ਅਤੇ ਜਲੰਧਰ ਦੇ ਦਿਲਰਾਜ ਸਿੰਘ ਨੂੰ ਮੈਨ ਆਫ ਦਾ ਮੈਚ ਕਰਾਰ ਦਿੱਤਾ ਗਿਆ। ਤਿੰਨ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਐਤਵਾਰ ਨੂੰ ਹੋਵੇਗਾ।