ਭਾਰਤੀ ਫੁੱਟਬਾਲ ਟੀਮ ਦੀ ਮਿਡਫੀਲਡਰ ਮਨੀਸ਼ਾ ਕਲਿਆਣ ਕਦੀ ਬਾਸਕਟਬਾਲ ਖੇਡਿਆ ਕਰਦੀ ਸੀ ਪਰ ਜਦ ਉਨ੍ਹਾਂ ਨੇ ਪਹਿਲੀ ਵਾਰ ਫੁੱਟਬਾਲ ਨੂੰ ਛੋਹਿਆ ਤਾਂ ਉਨ੍ਹਾਂ ਨੂੰ ਇਸ ਖੇਡ ਨਾਲ ਇੰਨਾ ਪਿਆਰ ਹੋ ਗਿਆ ਕਿ ਮਨੀਸ਼ਾ ਨੇ ਫੁੱਟਬਾਲ ਵਿਚ ਹੀ ਅੱਗੇ ਵਧਣ ਦਾ ਫ਼ੈਸਲਾ ਕੀਤਾ। ਮਨੀਸ਼ਾ ਮਹਿਲਾ ਆਈ ਲੀਗ ਵਿਚ ਗੋਕੁਲਮ ਕੇਰਲਾ ਦੀ ਨੁਮਾਇੰਦਗੀ ਕਰਦੀ ਹੈ ਜਿਨ੍ਹਾਂ ਨੇ 2021-22 ਸੈਸ਼ਨ ਵਿਚ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਸੀ। ਮਨੀਸ਼ਾ ਇਸ ਟੂਰਨਾਮੈਂਟ ਵਿਚ ਇਸ ਵਾਰ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲ ਖਿਡਾਰੀ ਸੀ। ਫੁੱਟਬਾਲ ਵਿਚ ਉਨ੍ਹਾਂ ਦੇ ਸਫ਼ਰ ਤੇ ਭਵਿੱਖ ਦੀਆਂ ਤਿਆਰੀਆਂ ਨੂੰ ਲੈ ਕੇ ਸ਼ੋਭਿਤ ਚਤੁਰਵੇਦੀ ਨੇ ਮਨੀਸ਼ਾ ਕਲਿਆਣ ਨਾਲ ਖ਼ਾਸ ਗੱਲਬਾਤ ਕੀਤੀ, ਪੇਸ਼ ਹਨ ਮੁੱਖ ਅੰਸ਼ :

-ਤੁਸੀਂ ਇੰਡੀਅਨ ਵੁਮੈਨ ਲੀਗ (ਆਈਡਬਲਯੂਐੱਲ) ਵਿਚ ਭਾਰਤ ਵੱਲੋਂ ਸਰਬੋਤਮ ਗੋਲ ਕਰਨ ਵਾਲੀ ਖਿਡਾਰਨ ਹੋ, ਹੁਣ ਅੱਗੇ ਕੀ ਯੋਜਨਾ ਹੈ?

-ਅਜੇ ਰਾਸ਼ਟਰੀ ਟੀਮ ਵਿਚ ਬਿਹਤਰ ਕਰਨ ਦੀ ਯੋਜਨਾ ਹੈ। ਮੈਂ ਰਾਸ਼ਟਰੀ ਟੀਮ ਵੱਲੋਂ ਖੇਡਦੇ ਹੋਏ ਚੰਗੇ ਨਤੀਜੇ ਹਾਸਲ ਕਰਨੇ ਹਨ। ਹਾਲਾਂਕਿ ਜੇ ਮੌਕਾ ਮਿਲਦਾ ਹੈ ਤਾਂ ਮੇਰੀ ਕੋਸ਼ਿਸ਼ ਵਿਦੇਸ਼ੀ ਦੌਰਿਆਂ ਵਿਚ ਜਾ ਕੇ ਖੇਡਣ ਦੀ ਹੋਵੇਗੀ।

-ਤੁਹਾਡਾ ਜਨਮ ਪੰਜਾਬ ਵਿਚ ਹੋਇਆ ਪਰ ਤੁਸੀਂ ਆਈਡਬਲਯੂਐੱਲ ਵਿਚ ਕੇਰਲ ਲਈ ਖੇਡਦੇ ਹੋ। ਇਕ ਤਰ੍ਹਾਂ ਤੁਸੀਂ ਦੋ ਸੂਬਿਆਂ ਦੀ ਨੁਮਾਇੰਦਗੀ ਕਰ ਰਹੇ ਹੋ। ਪੰਜਾਬ ਤੋਂ ਕੇਰਲ ਤਕ ਦਾ ਸਫ਼ਰ ਕਿਹੋ ਜਿਹਾ ਰਿਹਾ?

-ਕਲੱਬ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਮੈਂ ਸੇਥੂ ਐੱਫਸੀ ਦੇ ਨਾਲ ਆਈਡਬਲਯੂਐੱਲ ਲਈ ਕਰਾਰ ਕੀਤਾ ਸੀ। 2018 ਵਿਚ ਜਦ ਇਹ ਪੰਜਾਬ ਵਿਚ ਹੋਇਆ ਤਾਂ ਮੈਂ ਗੋਕੁਲਮ ਕੇਰਲਾ ਲਈ ਖੇਡਣਾ ਸ਼ੁਰੂ ਕੀਤਾ। ਇਸ ਕਲੱਬ ਲਈ ਖੇਡਣਾ ਚੰਗਾ ਰਿਹਾ ਤੇ ਮੈਨੂੰ ਸ਼ੁਰੂਆਤ ਤੋਂ ਹੀ ਇੱਥੇ ਮਜ਼ਾ ਆਇਆ। ਇਸ ਕਲੱਬ ਵਿਚ ਚੰਗੀ ਸਹੂਲਤ ਹੈ ਤੇ ਕੋਚ ਵੀ ਚੰਗੇ ਹਨ। ਮੈਂ ਇੱਥੇ ਸਹਿਜ ਮਹਿਸੂਸ ਕਰਦੀ ਹਾਂ ਤੇ ਇਹੀ ਕਾਰਨ ਹੈ ਕਿ ਮੈਂ ਇਸ ਕਲੱਬ ਨਾਲ ਬਣੀ ਹੋਈ ਹਾਂ। ਇਸ ਕਲੱਬ ਨਾਲ ਮੇਰਾ ਸਫ਼ਰ ਚੰਗਾ ਰਿਹਾ ਹੈ।

-ਹੁਣ ਗੋਕੁਲਮ ਕੇਰਲਾ ਨਾਲ ਹੀ ਰਹੋਗੇ ਜਾਂ ਭਵਿੱਖ ਵਿਚ ਕਿਸੇ ਹੋਰ ਕਲੱਬ ਨਾਲ ਜਾਣ ਦਾ ਵਿਚਾਰ ਹੈ?

-ਜੇ ਕਿਤਿਓਂ ਵੀ ਬਿਹਤਰ ਮੌਕਾ ਮਿਲਦਾ ਹੈ ਤਾਂ ਮੈਂ ਜ਼ਰੂਰ ਜਾਵਾਂਗੀ। ਹੁਣ ਖਿਡਾਰੀ ਚੰਗੇ ਮੌਕੇ ਦੀ ਭਾਲ ਵਿਚ ਹੁੰਦੇ ਹਨ।

-ਗੋਕੁਲਮ ਕੇਰਲਾ ਟੀਮ ਦਾ ਵਾਤਾਵਰਣ ਕਿਹੋ ਜਿਹਾ ਹੈ। ਆਈਡਬਲਯੂਐੱਲ ਵਿਚ ਖ਼ਿਤਾਬ ਜਿੱਤਣ ਤੋਂ ਬਾਅਦ ਟੀਮ ਦਾ ਮਾਹੌਲ ਕਿਹੋ ਜਿਹਾ ਰਿਹਾ?

-ਖ਼ਿਤਾਬ ਜਿੱਤਣ ਤੋਂ ਬਾਅਦ ਮੈਨੇਜਮੈਂਟ ਤੇ ਖਿਡਾਰੀ ਸਾਰੇ ਖ਼ੁਸ਼ ਸਨ। ਸਾਡੀ ਮਰਦ ਤੇ ਮਹਿਲਾ ਟੀਮਾਂ ਨੇ ਆਈ ਲੀਗ ਦਾ ਖ਼ਿਤਾਬ ਜਿੱਤਿਆ ਜਿਸ ਨਾਲ ਸਾਰਿਆਂ ਨੂੰ ਚੰਗਾ ਮਹਿਸੂਸ ਹੋ ਰਿਹਾ ਸੀ। ਅਸੀਂ ਸਾਰਿਆਂ ਨੇ ਇਸ ਪਲ ਦਾ ਆਨੰਦ ਲਿਆ।

-ਤੁਸੀਂ ਇਕ ਅਜਿਹੀ ਖੇਡ ਨਾਲ ਜੁੜੇ ਹੋ ਜੋ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿਚ ਹੀ ਪਸੰਦ ਕੀਤੀ ਜਾਂਦੀ ਹੈ। ਇਸ ਕਾਰਨ ਇਕ ਮਹਿਲਾ ਹੋਣ ਵਜੋਂ ਤੁਸੀਂ ਖ਼ੁਦ ਨੂੰ ਇਸ ਖੇਡ ਵਿਚ ਆਉਣ ਲਈ ਕਿਵੇਂ ਪ੍ਰੇਰਿਤ ਕੀਤਾ?

-ਪਹਿਲਾਂ ਤਾਂ ਮੈਨੂੰ ਫੁੱਟਬਾਲ ਬਾਰੇ ਜ਼ਿਆਦਾ ਪਤਾ ਨਹੀਂ ਸੀ ਤੇ ਮੈਂ ਬਾਸਕਟਬਾਲ ਖੇਡਦੀ ਸੀ। ਮੇਰੇ ਕੋਚ ਨੇ ਮੈਨੂੰ ਕਿਹਾ ਕਿ ਕੀ ਤੁਸੀਂ ਫੁੱਟਬਾਲ ਖੇਡਣਾ ਪਸੰਦ ਕਰੋਗੇ। ਇਸ ਤੋਂ ਬਾਅਦ ਮੈਂ ਖੇਡਣਾ ਸ਼ੁਰੂ ਕੀਤਾ ਤੇ ਮੈਨੂੰ ਬਾਸਕਟਬਾਲ ਦੇ ਮੁਕਾਬਲੇ ਫੁੱਟਬਾਲ ਖੇਡਣਾ ਵੱਧ ਚੰਗਾ ਲੱਗਣ ਲੱਗਾ। ਇਸ ਤੋਂ ਬਾਅਦ ਮੈਂ ਆਪਣੇ ਮਨ ਵਿਚ ਸੋਚਿਆ ਕਿ ਹੁਣ ਮੈਂ ਫੁੱਟਬਾਲ ਵਿਚ ਹੀ ਅੱਗੇ ਵਧਣਾ ਹੈ ਤੇ ਇਸ ਵਿਚ ਹੀ ਕਰੀਅਰ ਬਣਾਉਣਾ ਹੈ। ਜਦ ਮੈਂ ਪਹਿਲੀ ਵਾਰ ਫੁੱਟਬਾਲ ਨੂੰ ਪੈਰ ਨਾਲ ਛੋਹਿਆ ਤਾਂ ਮੈਨੂੰ ਲੱਗਾ ਕਿ ਬਸ ਹੁਣ ਕੋਈ ਹੋਰ ਖੇਡ ਨਹੀਂ ਖੇਡਣੀ ਹੈ। ਫੁੱਟਬਾਲ ਹੀ ਖੇਡਣਾ ਹੈ। ਮੈਨੂੰ ਪਹਿਲੀ ਵਾਰ ਖੇਡਦੇ ਹੋਏ ਹੀ ਇਹ ਖੇਡ ਬਹੁਤ ਪਸੰਦ ਆਈ।

-ਤੁਸੀਂ ਸਿਰਫ਼ 20 ਸਾਲ ਦੇ ਹੋ ਤੇ ਇੰਨੀ ਘੱਟ ਉਮਰ ਵਿਚ ਹੀ ਤੁਸੀਂ ਕਲੱਬ ਤੋਂ ਲੈ ਕੇ ਰਾਸ਼ਟਰੀ ਟੀਮ ਦਾ ਸਫ਼ਰ ਤੈਅ ਕੀਤਾ ਹੈ। ਇਹ ਸਫ਼ਰ ਤੁਹਾਡੇ ਲਈ ਕਿਹੋ ਜਿਹਾ ਰਿਹਾ?

-ਜਦ ਮੈਂ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤਾਂ ਮੇਰੀ ਉਮਰ 12-13 ਸਾਲ ਦੀ ਸੀ ਤੇ ਉਸ ਦੌਰਾਨ ਮੈਨੂੰ ਮੁਸ਼ਕਲਾਂ ਵੀ ਆਈਆਂ ਸਨ। ਮੈਂ ਜਿੱਥੇ ਰਹਿੰਦੀ ਸੀ ਉਸ ਦੇ ਆਲੇ ਦੁਆਲੇ ਫੁੱਟਬਾਲ ਲਈ ਜ਼ਿਆਦਾ ਮੌਕੇ ਨਹੀਂ ਸਨ। ਮੇਰੇ ਸਕੂਲ ਵਿਚ ਵੀ ਫੁੱਟਬਾਲ ਦੀ ਟੀਮ ਨਹੀਂ ਸੀ। ਮੇਰਾ ਪਿੰਡ ਦਾ ਸਕੂਲ ਅੱਠਵੀਂ ਤਕ ਹੀ ਸੀ ਤੇ ਫੁੱਟਬਾਲ ਟੀਮ ਵੀ ਨਹੀਂ ਸੀ। ਮੇਰੇ ਘਰ ਤੋਂ 15 ਕਿਲੋਮੀਟਰ ਦੂਰ ਇਕ ਸਕੂਲ ਸੀ ਤੇ ਉਥੇ ਪਾਲ ਜੀ ਅਕੈਡਮੀ ਹੈ ਤਾਂ ਮੈਂ ਉਥੇ ਜਾਣਾ ਸ਼ੁਰੂ ਕੀਤਾ। ਪਾਲ ਜੀ ਅਕੈਡਮੀ ਵਿਚ ਮੈਨੂੰ ਤਜਰਬਾ ਹਾਸਲ ਹੋਇਆ ਤੇ ਉਥੇ ਦੇ ਕੋਚ ਚੰਗੇ ਸਨ ਤੇ ਇਨ੍ਹਾਂ ਨੇ ਮੇਰੀ ਖੇਡ ਵਿਚ ਸੁਧਾਰ ਲਿਆਉਣ ਲਈ ਕਾਫੀ ਮਦਦ ਕੀਤੀ। ਹਾਲਾਂਕਿ ਉਥੇ ਜਾਣ ਵਿਚ ਮੈਨੂੰ ਕਾਫੀ ਮੁਸ਼ਕਲ ਹੁੰਦੀ ਸੀ।

Posted By: Gurinder Singh