ਨਵੀਂ ਦਿੱਲੀ (ਆਈਏਐੱਨਐੱਸ) : ਪੰਜਾਬ ਦੀ ਬਾਸਕਿਟਬਾਲ ਖਿਡਾਰਣ ਹਰਸਿਮਰਨ ਕੌਰ ਨੂੰ ਐੱਨਬੀਏ ਗਲੋਬਲ ਅਕਾਦਮੀ ਨੇ ਸਿਖਲਾਈ ਕੈਂਪ ਲਈ ਚੁਣਿਆ ਹੈ। ਇਹ ਕੈਂਪ ਸੱਤ ਤੋਂ 24 ਨਵੰਬਤ ਤਕ ਆਸਟ੍ਰੇਲੀਆ ਦੇ ਸੈਂਟਰ ਫਾਰ ਐਕਸੀਲੈਂਸ 'ਚ ਹੋਵੇਗਾ। 16 ਸਾਲ ਦੀ ਹਰਸਿਮਰਨ ਇਸ ਕੈਂਪ ਲਈ ਸੱਦਾ ਹਾਸਲ ਕਰਨ ਵਾਲੀ ਪੰਜਾਬ ਹੀ ਨਹੀਂ ਬਲਕਿ ਭਾਰਤ ਦੀ ਵੀ ਪਹਿਲੀ ਮਹਿਲਾ ਖਿਡਾਰੀ ਹੈ।

ਹਰਸਿਮਰਨ ਨੂੰ ਮੁੰਬਈ 'ਚ ਅਕਤੂਬਰ 'ਚ ਔਰਤਾਂ ਦੇ ਹੋਏ ਤੀਜੇ ਐੱਨਬੀਏ ਅਕਾਦਮੀ ਪ੍ਰੋਗਰਾਮ ਕੈਂਪ 'ਚ ਸਭ ਤੋਂ ਮੁੱਲਵਾਨ ਖਿਡਾਰੀ (ਐੱਮਵੀਪੀ) ਚੁਣਿਆ ਗਿਆ ਸੀ। ਪੰਜਾਬ ਦੀ ਇਸ ਖਿਡਾਰਣ ਨੇ ਅਗਸਤ 2019 'ਚ ਜਕਾਰਤਾ 'ਚ ਹੋਈ ਤਿੰਨ ਗੁਣਾ ਤਿੰਨ ਏਸ਼ੀਅਨ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਸੀ। ਉਹ ਉਨ੍ਹਾਂ ਚਾਰ ਖਿਡਾਰੀਆਂ ਵਿਚ ਸ਼ਾਮਲ ਰਹਿ ਚੁੱਕੀ ਹੈ ਜਿਨ੍ਹਾਂ ਨੂੰ ਅਪ੍ਰੈਲ 'ਚ ਥੰਪਾ 'ਚ ਫਾਸਟ ਨੈਕਸਟ ਜੈਨਰੇਸ਼ਨ ਪ੍ਰੋਗਰਾਮ ਤਹਿਤ ਸੱਦਾ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਉਹ ਅਮਰੀਕਾ ਦੀ ਜੂਨੀਅਰ ਰਾਸ਼ਟਰੀ ਟੀਮ ਦੇ ਮੈਂਬਰਾਂ ਵਿਰੁੱਧ ਵੀ ਖੇਡ ਚੁੱਕੀ ਹੈ। ਐੱਨਬੀਏ ਨੈਸ਼ਨਲ ਗਲੋਬਲ ਅਕਾਦਮੀ ਦਾ ਉਦੇਸ਼ ਅਮਰੀਕਾ ਤੋਂ ਬਾਹਰ ਆਸਟ੍ਰੇਲੀਆ 'ਚ ਐੱਨਬੀਏ ਹੱਬ ਤਿਆਰ ਕਰਨਾ ਹੈ। ਅਭਿਆਸ ਦੌਰਾਨ ਹਰਸਿਮਰਨ ਐੱਨਬੀਏ ਅਕਾਦਮੀ ਦੇ ਕੋਚਾਂ ਤੇ ਆਸਟ੍ਰੇਲੀਆ ਦੇ ਬਾਸਕਿਟਬਾਲ ਸੈਂਟਰ ਆਫ ਐਕਸੀਲੈਂਸ ਤੋਂ ਗੁਰ ਸਿੱਖੇਗੀ।

ਇਸ ਉਪਲਬਧੀ 'ਤੇ ਹਰਸਿਮਰਨ ਨੇ ਕਿਹਾ ਕਿ ਇਸ ਮੌਕੇ ਨੂੰ ਪ੍ਰਾਪਤ ਕਰ ਕੇ ਮੈਂ ਬਹੁਤ ਉਤਸੁਕ ਹਾਂ। ਮੈਂ ਸਖ਼ਤ ਮਿਹਨਤ ਜਾਰੀ ਰੱਖਾਂਗੀ। ਇਹ ਇਕ ਅਜਿਹਾ ਪਲੇਟਫਾਰਮ ਹੈ ਜੋ ਮੇਰੀ ਯੋਗਤਾ ਨੂੰ ਸਾਹਮਣੇ ਲਿਆਏਗਾ। ਮੇਰਾ ਸਭ ਤੋਂ ਵੱਡਾ ਉਦੇਸ਼ ਔਰਤਾਂ ਦੀ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਡਬਲਿਊਐੱਨਬੀਏ) ਲਈ ਖੇਡਣਾ ਹੈ।