ਨਵੀਂ ਦਿੱਲੀ : ਭਾਰਤ ਦੀ ਮਹਾਨ ਟ੍ਰੈਕ ਅਤੇ ਫੀਲਡ ਅਥਲੀਟ ਪੀਟੀ ਊਸ਼ਾ ਨੂੰ ਖੇਡ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਅੰਤਰਰਾਸ਼ਟਰੀ ਅਥਲੈਟਿਕਸ ਮਹਾਸੰਘ (ਆਈਏਏਐੱਫ) ਦੇ 'ਵੈਟਰਨ ਪਿੰਨ' ਲਈ ਨਾਮਜ਼ਦ ਕੀਤਾ ਗਿਆ। ਭਾਰਤ ਦੀ ਸਰਵਸ਼ੇ੍ਸ਼ਠ ਫਰਾਟਾ ਦੌੜਾਕ ਵਜੋਂ ਮਸ਼ਹੂਰ ਊਸ਼ਾ ਨੂੰ 'ਉਡਨਪਰੀ' ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ 1985 ਜਕਾਰਤਾ ਏਸ਼ੀਅਨ ਗੇਮਜ਼ ਵਿਚ 100 ਮੀਟਰ, 200 ਮੀਟਰ, 400 ਮੀਟਰ ਅਤੇ ਚਾਰ ਗੁਣਾ 400 ਮੀਟਰ ਵਿਚ ਸੋਨ ਤਮਗੇ ਜਿੱਤੇ ਸਨ। ਆਈਏਏਐੱਫ ਦੇ ਸੀਈਓ ਜਾਨ ਰਿਜ਼ੋਨ ਨੇ ਊਸ਼ਾ ਨੂੰ ਇਕ ਪੱਤਰ ਵਿਚ ਕਿ ਸਾਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਕਿ ਤੁਹਾਨੂੰ ਆਈਏਏਐੱਫ ਵੈਟਰਨ ਪਿਨ ਲਈ ਨਾਮਜ਼ਦ ਕੀਤਾ ਹੈ ਜੋ ਵਿਸ਼ਵ ਅਥਲੈਟਿਕਸ ਵਿਚ ਤੁਹਾਡੇ ਯੋਗਦਾਨ ਲਈ ਹੈ। ਉਨ੍ਹਾਂ ਨੇ ਸਤੰਬਰ ਵਿਚ ਕਤਰ ਵਿਚ ਹੋਣ ਵਾਲੀ ਆਈਏਏਐੱਫ ਦੀ 52ਵੀਂ ਕਾਂਗਰਸ ਵਿਚ ਆਉਣ ਲਈ ਊਸ਼ਾ ਨੂੰ ਸੱਦਾ ਵੀ ਦਿੱਤਾ ਹੈ। ਊਸ਼ਾ 1984 ਲਾਸ ਏਂਜਲਿਸ ਓਲੰਪਿਕ ਵਿਚ 400 ਮੀਟਰ ਦੌੜ ਦੇ ਫਾਈਨਲ ਵਿਚ ਪੁੱਜੀ ਸੀ। ਊਸ਼ਾ ਨੇ ਟਵੀਟ ਕੀਤਾ, 'ਆਈਏਏਐੱਫ ਵੈਟਰਨ ਪਿੰਨ। ਵਿਸ਼ਵ ਅਥਲੈਟਿਕਸ ਵਿਚ ਲੰਮੇ ਸਮੇਂ ਤੋਂ ਯੋਗਦਾਨ ਲਈ। ਇਸ ਸਨਮਾਨ ਲਈ ਆਈਏਏਐੱਫ ਦਾ ਧੰਨਵਾਦ।'

ਮੈਰਾਥਨ ਦੌੜਾਕ 'ਤੇ ਲੱਗੀ ਅੱਠ ਸਾਲ ਦੀ ਪਾਬੰਦੀ

ਨੈਰੋਬੀ : ਕੀਨੀਆਈ ਮੈਰਾਥਨ ਦੌੜਾਕ ਸਲੋਮ ਬਿਵੋਟ ਨੂੰ ਦੂਜੀ ਵਾਰ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਠ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ। 'ਅਥਲੈਟਿਕਸ ਇੰਟੀਗਿ੍ਟੀ ਯੂਨਿਟ' (ਏਆਈਯੂ) ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ 36 ਸਾਲਾ ਦੌੜਾਕ ਨੂੰ ਜੂਨ ਵਿਚ ਸਾਓ ਪਾਓਲੋ ਅੰਤਰਰਾਸ਼ਟਰੀ ਮੈਰਾਥਨ ਦੌਰਾਨ ਪਾਬੰਦੀਸ਼ੁਦਾ ਐਨਾਬੋਲਿਕ ਸਟੇਰਾਇਡ ਦੇ ਸੇਵਾਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਪਹਿਲਾਂ 2012 ਵਿਚ ਵੀ ਉਸ ਦਾ ਪ੍ਰੀਖਣ 'ਪਾਜ਼ੀਟਵ' ਪਾਇਆ ਗਿਆ ਸੀ। ਉਦੋਂ ਉਸ 'ਤੇ ਦੋ ਸਾਲ ਦੀ ਪਾਬੰਦੀ ਲੱਗੀ ਸੀ। ਉਹ ਕੀਨੀਆ ਦੀ ਤੀਜੀ ਮੈਰਾਥਨ ਦੌੜਾਕ ਹੈ ਜਿਸ 'ਤੇ ਡੋਪਿੰਗ ਲਈ ਲੰਬੀ ਮਿਆਦ ਲਈ ਪਾਬੰਦੀ ਲੱਗੀ ਹੈ।

ਐੱਚਸੀਏ ਪ੍ਰਧਾਨ ਅਹੁਦੇ ਲਈ ਚੋਣ ਲੜਨਗੇ ਅਜ਼ਹਰੂਦੀਨ

ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਵੀਰਵਾਰ ਨੂੰ ਕਿਹਾ ਕਿ ਜਦ ਵੀ ਚੋਣਾਂ ਹੋਈਆਂ, ਉਦੋਂ ਉਹ ਹੈਦਰਾਬਾਦ ਕ੍ਰਿਕਟ ਸੰਘ (ਐੱਚਸੀਏ) ਵਿਚ ਪ੍ਰਧਾਨ ਅਹੁਦੇ ਲਈ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਕਿ ਹਾਂ ਮੈਂ ਐੱਚਸੀਏ ਪ੍ਰਧਾਨ ਦੀ ਚੋਣ ਲੜਾਂਗਾ। ਐੱਚਸੀਏ ਦੀ ਆਮ ਮੀਟਿੰਗ (ਏਜੀਐੱਮ) 21 ਜੁਲਾਈ ਨੂੰ ਹੋਵੇਗੀ, ਜਿਸ ਵਿਚ ਚੋਣ ਸਬੰਧੀ ਚਰਚਾ ਦੀ ਸੰਭਾਵਨਾ ਹੈ।