ਅਹਿਮਦਾਬਾਦ (ਆਈਏਐੱਨਐੱਸ) : ਮੁਹੰਮਦ ਨਬੀ ਬਖ਼ਸ਼ ਦੇ ਸੁਪਰ-10 ਦੇ ਦਮ 'ਤੇ ਬੰਗਾਲ ਵਾਰੀਅਰਜ਼ ਨੇ ਸ਼ਨਿਚਰਵਾਰ ਨੂੰ ਇੱਥੇ ਟ੍ਰਾਂਸਟੇਡੀਆ ਦੇ ਏਕਾ ਏਰੇਨਾ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ (ਪੀਕੇਐੱਲ) ਦੇ ਸੱਤਵੇਂ ਸੈਸ਼ਨ ਦੇ ਰੋਮਾਂਚਕ ਫਾਈਨਲ ਵਿਚ ਦਬੰਗ ਦਿੱਲੀ ਨੂੰ 39-34 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ।

ਦੋਵੇਂ ਟੀਮਾਂ ਪਹਿਲੇ ਅੱਧ ਵਿਚ 17-17 ਦੀ ਬਰਾਬਰੀ 'ਤੇ ਸਨ ਪਰ ਬੰਗਾਲ ਨੇ ਦੂਜੇ ਅੱਧ ਵਿਚ ਚੰਗੀ ਵਾਪਸੀ ਕਰਦੇ ਹੋਏ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਚੈਂਪੀਅਨ ਬੰਗਾਲ ਲਈ ਮੁਹੰਮਦ ਨਬੀ ਬਖ਼ਸ਼ ਦੇ ਸੁਪਰ ਟੈਨ ਤੋਂ ਇਲਾਵਾ ਸੁਕੇਸ਼ ਹੇਗੜੇ ਨੇ ਅੱਠ ਅੰਕ ਹਾਸਲ ਕੀਤੇ।

ਟੀਮ ਨੂੰ ਰੇਡ ਨਾਲ 22, ਟੈਕਲ ਨਾਲ 10, ਆਲਆਊਟ ਨਾਲ ਛੇ ਤੇ ਇਕ ਵਾਧੂ ਅੰਕ ਮਿਲਿਆ। ਦਿੱਲੀ ਲਈ ਨਵੀਨ ਦੇ 18 ਅੰਕਾਂ ਤੋਂ ਇਲਾਵਾ ਅਨਿਲ ਕੁਮਾਰ ਨੇ ਤਿੰਨ ਅੰਕ ਲਏ। ਟੀਮ ਰੇਡ ਨਾਲ 27, ਟੈਕਲ ਨਾਲ ਤਿੰਨ, ਆਲ ਆਊਟ ਨਾਲ ਦੋ ਤੇ ਦੋ ਵਾਧੂ ਅੰਕ ਮਿਲੇ।