ਗੁਰੂਗ੍ਰਾਮ : ਸਾਲ 2018 ਵਿਚ ਜਕਾਰਤਾ ਏਸ਼ੀਅਨ ਖੇਡਾਂ ਦੇ ਮੈਡਲ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀਆਂ ਨੂੰ ਇਨਾਮੀ ਰਕਮ ਦੀ ਉਡੀਕ ਹੈ। ਜਕਾਰਤਾ ਵਿਚ ਭਾਰਤ ਨੇ 15 ਗੋਲਡ ਸਮੇਤ 69 ਮੈਡਲ ਜਿੱਤੇ ਹਨ ਜਿਸ ਵਿਚ ਇਕੱਲੇ ਹਰਿਆਣਾ ਦੇ 30 ਖਿਡਾਰੀਆਂ ਨੇ ਨਿੱਜੀ ਮੁਕਾਬਲੇ ਤੇ ਟੀਮ ਮੁਕਾਬਲੇ ਵਿਚ 18 ਮੈਡਲ (ਛੇ ਗੋਲਡ, ਪੰਜ ਸਿਲਵਰ ਤੇ ਸੱਤ ਕਾਂਸੇ ਦੇ ਮੈਡਲ) ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਇਸ ਸਬੰਧੀ ਖੇਡ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਦਾ ਕਹਿਣਾ ਹੈ ਕਿ ਅਗਲੇ ਦਸ ਦਿਨ ਵਿਚ ਇਸ ਬਾਰੇ ਫ਼ੈਸਲਾ ਹੋ ਜਾਵੇਗਾ ਕਿ ਜਕਾਰਤਾ ਦੇ ਜੇਤੂਆਂ ਨੂੰ ਕਦ ਇਨਾਮੀ ਰਕਮ ਵੰਡੀ ਜਾ ਰਹੀ ਹੈ। ਇਸ ਲਈ ਤਿਆਰੀ ਚੱਲ ਰਹੀ ਹੈ। ਖਿਡਾਰੀਆਂ ਦੇ ਕਾਗਜ਼ਾਤ ਦੀ ਜਾਂਚ ਚੱਲ ਰਹੀ ਹੈ। ਇਨ੍ਹਾਂ ਖਿਡਾਰੀਆਂ ਵਿਚ ਕੁਸ਼ਤੀ 'ਚ ਵਿਨੇਸ਼ ਫੋਗਾਟ (ਗੋਲਡ), ਬਜਰੰਗ ਪੂਨੀਆ (ਗੋਲਡ), ਮੁੱਕੇਬਾਜ਼ੀ 'ਚ ਅਮਿਤ ਪੰਘਾਲ (ਗੋਲਡ), ਵਿਕਾਸ ਕ੍ਰਿਸ਼ਣਨ (ਕਾਂਸਾ), ਐਥਲੈਟਿਕਸ ਵਿਚ ਨੀਰਜ ਚੋਪੜਾ (ਨੇਜ਼ਾ ਸੁੱਟ, ਗੋਲਡ), ਅਰਪਿੰਦਰ ਸਿੰਘ (ਟਿ੍ਪਲ ਜੰਪ, ਗੋਲਡ), ਮਨਜੀਤ ਚਹਿਲ (800 ਮੀਟਰ ਦੌੜ, ਗੋਲਡ), ਸੀਮਾ ਪੂਨੀਆ (ਡਿਸਕਸ ਥ੍ਰੋਅ, ਕਾਂਸਾ), ਘੋੜਸਵਾਰੀ 'ਚ ਆਸ਼ੀਸ਼ ਮਲਿਕ (ਸਿਲਵਰ), ਮਰਦ ਹਾਕੀ ਟੀਮ ਦੇ ਸੁਰਿੰਦਰ ਕੁਮਾਰ ਤੇ ਸਰਦਾਰ ਸਿੰਘ (ਕਾਂਸਾ), ਮਹਿਲਾ ਹਾਕੀ ਟੀਮ ਦੀਆਂ ਰਾਣੀ ਰਾਮਪਾਲ, ਨਵਨੀਤ ਕੌਰ, ਨਵਜੋਤ ਕੌਰ, ਦੀਪਿਕਾ, ਨੇਹਾ, ਸਵਿਤਾ, ਮੋਨਿਕਾ, ਉਦਿਤਾ (ਸਿਲਵਰ), ਵੁਸ਼ੂ 'ਚ ਨਰਿੰਦਰ ਗਰੇਵਾਲ (ਕਾਂਸਾ), ਸ਼ੂਟਿੰਗ 'ਚ ਸੰਜੀਵ ਰਾਜਪੂਤ (ਸਿਲਵਰ), ਲਕਸ਼ੇ ਸ਼ਿਓਰਾਣ (ਸਿਲਵਰ), ਅਭਿਸ਼ੇਕ ਵਰਮਾ (ਕਾਂਸਾ), ਮਹਿਲਾ ਕਬੱਡੀ 'ਚ ਸਾਕਸ਼ੀ ਕੁਮਾਰੀ (ਸਿਲਵਰ), ਪਾਇਲ ਚੌਧਰੀ (ਸਿਲਵਰ), ਮਰਦ ਕਬੱਡੀ ਟੀਮ ਦੇ ਦੀਪਕ ਹੁੱਡਾ, ਪ੍ਰਦੀਪ ਨਰਵਾਲ, ਮੋਨੂ ਗੋਇਤ, ਸੰਦੀਪ ਨਰਵਾਲ (ਕਾਂਸਾ), ਰੋਇੰਗ 'ਚ ਦੁਸ਼ਯੰਤ ਚੌਹਾਨ (ਕਾਂਸਾ) ਸ਼ਾਮਲ ਹਨ।