ਬੁਡਾਪੇਸਟ (ਏਜੰਸੀਆਂ) : ਭਾਰਤ ਦੀ ਭਲਵਾਨ ਪਿ੍ਰਆ ਮਲਿਕ ਨੇ ਐਤਵਾਰ ਨੂੰ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ। ਮਲਿਕ ਨੇ ਕੇਨਸੀਆ ਪਟਾਪੋਵਿਚ ਨੂੰ 5-0 ਨਾਲ ਹਰਾਇਆ। ਪਿ੍ਰਆ ਮਲਿਕ ਨੇ ਮਹਿਲਾਵਾਂ ਦੇ 73 ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤ ਹਾਸਲ ਕੀਤੀ ਹੈ ਤੇ ਦੇਸ਼ ਨੂੰ ਖ਼ੁਸ਼ ਹੋਣ ਦਾ ਮੌਕਾ ਦਿੱਤਾ। ਜ਼ਿਕਰਯੋਗ ਹੈ ਕਿ ਪਿ੍ਰਆ ਮਲਿਕ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੁਣੇ ਵਿਚ ਖੇਲੋ ਇੰਡੀਆ ਦੇ 2019 ਐਡੀਸ਼ਨ ਵਿਚ ਵੀ ਗੋਲਡ ਮੈਡਲ ਜਿੱਤਿਆ ਸੀ ਤੇ ਫਿਰ ਉਨ੍ਹਾਂ ਨੇ ਦਿੱਲੀ ਵਿਚ 17ਵੀਆਂ ਸਕੂਲ ਖੇਡਾਂ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ ਪਟਨਾ ਵਿਚ ਰਾਸ਼ਟਰੀ ਕੈਡੇਟ ਚੈਂਪੀਅਨਸ਼ਿਪ ਦੇ ਨਾਲ ਰਾਸ਼ਟਰੀ ਸਕੂਲ ਖੇਲਾਂ ਵਿਚ ਕ੍ਰਮਵਾਰ ਦੋ ਗੋਲਡ ਮੈਡਲ ਜਿੱਤੇ ਹਨ ਤੇ ਆਪਣੇ ਕਰੀਅਰ ਵਿਚ ਇਕ ਲੰਬਾ ਰਾਹ ਤੈਅ ਕਰਨ ਦੀ ਸਮਰੱਥਾ ਦਿਖਾਈ ਹੈ।