ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਕਾਦੀਆਂ ਗੁੱਜਰਾਂ ਦੇ ਜੰਮਪਲ ਬਾਸਕਟਬਾਲ ਖਿਡਾਰੀ ਪ੍ਰਿੰਸਪਾਲ ਸਿੰਘ ਪੁੱਤਰ ਗੁਰਮੇਜ ਸਿੰਘ ਦੀ ਮੰਗਲਵਾਰ ਨੂੰ ਜੀ ਲੀਗ ਵਿਚ ਚੋਣ ਹੋਣ 'ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਛੇ ਫੁੱਟ 10 ਇੰਚ ਲੰਬੇ ਇਸ ਹੋਣਹਾਰ ਨੌਜਵਾਨ ਵੱਲੋਂ ਪਿਛਲੇ ਸਮੇਂ ਤੋਂ ਆਸਟ੍ਰੇਲੀਆ ਦੀ ਐੱਨਬੀਏ ਅਕੈਡਮੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਪ੍ਰਿੰਸਪਾਲ ਨੇ ਜੀ ਲੀਗ ਵਿਚ ਚੋਣ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਸਖ਼ਤ ਮਿਹਨਤ ਦੀ ਬਦੌਲਤ ਅੱਜ ਉਸ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਉਹ ਜੀ ਲੀਗ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਆਪਣੇ ਭਾਰਤ ਦੇਸ਼ ਦਾ ਨਾਂ ਰੋਸ਼ਨ ਕਰੇਗਾ। ਪ੍ਰਿੰਸਪਾਲ ਨੇ ਦੱਸਿਆ ਕਿ ਉਹ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਆਸਟਰੀਆ ਸਥਿਤ ਗਲੋਬਲ ਅਕੈਡਮੀ ਵਿਚ ਦੁਨੀਆ ਭਰ ਦੇ 22 ਦੇਸ਼ਾਂ ਦੇ ਖਿਡਾਰੀਆਂ ਨਾਲ ਬਾਸਕਟਬਾਲ ਸਬੰਧੀ ਭਾਰਤ ਦੇ ਇਕਲੌਤੇ ਖਿਡਾਰੀ ਵਜੋਂ ਅਭਿਆਸ ਕਰ ਚੁੱਕਾ ਹੈ। ਇਸ ਤੋਂ ਇਲਾਵਾ 70ਵੀਂ ਜੂਨੀਅਰ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਵੀ ਹਿੱਸਾ ਲੈ ਚੁੱਕਾ ਹੈ। ਹੁਣ ਜੀ ਲੀਗ ਵਿਚ ਉਸ ਦੀ ਚੋਣ ਹੋਣ ਕਾਰਨ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ।