ਨਵੀਂ ਦਿੱਲੀ (ਪੀਟੀਆਈ) : ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਚਾਰ ਦਸੰਬਰ ਨੂੰ ਅਹਿਮਦਾਬਾਦ ਦੇ ਸੰਸਕਾਰਧਾਮ ਸਕੂਲ ਦਾ ਦੌਰਾ ਕਰਨਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿਸ਼ਨ ਦੀ ਸ਼ੁਰੂਆਤ ਕਰਦੇ ਹੋਏ ਸੰਤੁਲਿਤ ਭੋਜਨ, ਫਿਟਨੈੱਸ ਤੇ ਖੇਡਾਂ ਪ੍ਰਤੀ ਜਾਗਰੂਕਤਾ ਫੈਲਾਉਣਗੇ। ਮੋਦੀ ਨੇ 16 ਅਗਸਤ ਨੂੰ ਆਪਣੀ ਰਿਹਾਇਸ਼ 'ਤੇ ਟੋਕੀਓ ਓਲੰਪੀਅਨਾਂ ਦੇ ਨਾਲ ਮੁਲਾਕਾਤ ਦੌਰਾਨ ਭਾਰਤੀ ਓਲੰਪੀਅਨਾਂ ਤੇ ਪੈਰਾ-ਓਲੰਪੀਅਨਾਂ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਵਿਚੋਂ ਹਰੇਕ 2023 'ਚ ਆਜ਼ਾਦੀ ਦਿਹਾੜੇ ਤੋਂ ਪਹਿਲਾਂ 75 ਸਕੂਲਾਂ ਦਾ ਦੌਰਾ ਕਰਨ ਤੇ ਕੁਪੋਸ਼ਣ ਖ਼ਿਲਾਫ਼ ਜਾਗਰੂਕਤਾ ਫੈਲਾਉਣ ਤੇ ਸਕੂਲੀ ਬੱਚਿਆਂ ਨਾਲ ਖੇਡਣ। ਬੁੱਧਵਾਰ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕੀਤਾ ਕਿ ਨੇਜ਼ਾ ਸੁੱਟ ਦੇ ਖਿਡਾਰੀ ਚੋਪੜਾ ਪ੍ਰਧਾਨ ਮੰਤਰੀ ਦੇ ਮਿਸ਼ਨ ਦੀ ਸ਼ੁਰੂਆਤ ਕਰਨਗੇ।

ਠਾਕੁਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਓਲੰਪੀਅਨਾਂ ਤੇ ਪੈਰਾ-ਓਲੰਪੀਅਨਾਂ ਨੂੰ ਕਿਹਾ ਸੀ ਕਿ ਉਹ ਸਕੂਲਾਂ ਦਾ ਦੌਰਾ ਕਰਨ ਤੇ ਵਿਦਿਆਰਥੀਆਂ ਨਾਲ ਸੰਤੁਲਿਤ ਆਹਾਰ, ਫਿਟਨੈੱਸ, ਖੇਡ ਤੇ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਗੱਲ ਕਰਨ। ਚਾਰ ਦਸੰਬਰ ਨੂੰ ਨੀਰਜ ਚੋਪੜਾ ਅਹਿਮਦਾਬਾਦ ਦੇ ਸੰਸਕਾਰਧਾਮ ਸਕੂਲ ਵਿਚ ਇਸ ਮਿਸ਼ਨ ਦੀ ਸ਼ੁਰੂਆਤ ਕਰਨਗੇ। ਭਾਰਤੀ ਖੇਡ ਅਥਾਰਟੀ (ਸਾਈ) ਤੇ ਸਿੱਖਿਆ ਮੰਤਰਾਲਾ ਇਸ ਨੂੰ ਅਗਲੇ ਦੋ ਸਾਲ ਵਿਚ 'ਚੈਂਪੀਅਨਜ਼ ਨਾਲ ਮੁਲਾਕਾਤ' ਪ੍ਰਰੋਗਰਾਮ ਦੇ ਰੂਪ ਵਿਚ ਚਲਾਉਣ 'ਤੇ ਕੰਮ ਕਰ ਰਹੇ ਹਨ। ਇਹ ਪ੍ਰਰੋਗਰਾਮ 'ਆਜ਼ਾਦੀ ਦਾ ਅਮਿ੍ਤ ਮਹਾਉਤਸਵ' ਦਾ ਹਿੱਸਾ ਹੋਵੇਗਾ ਜੋ ਦੇਸ਼ ਦੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਹੈ।