ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਾਬਕਾ ਦਿੱਗਜ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਨ ਕੋਵਿਡ-19 ਲਈ ਪਾਜ਼ੇਟਿਵ ਪਾਏ ਗਏ ਹਨ ਤੇ ਬੈਂਗਲੁਰੂ ਦੇ ਹਸਪਤਾਲ ਵਿਚ ਇਸ ਵਾਇਰਸ ਦਾ ਇਲਾਜ ਕਰਵਾ ਰਹੇ ਹਨ। ਆਲ ਇੰਗਲੈਂਡ ਚੈਂਪੀਅਨਸ਼ਿਪ ਦਾ 1980 ਵਿਚ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ 65 ਸਾਲ ਦੇ ਪਾਦੂਕੋਨ ਨੂੰ ਇਸ ਹਫ਼ਤੇ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ। ਇਸ ਦਿੱਗਜ ਖਿਡਾਰੀ ਦੇ ਦੋਸਤ ਤੇ ਪ੍ਰਕਾਸ਼ ਪਾਦੂਕੋਨ ਬੈਡਮਿੰਟਨ ਅਕੈਡਮੀ (ਪੀਪੀਬੀਏ) ਦੇ ਡਾਇਰੈਕਟਰ ਵਿਮਲ ਕੁਮਾਰ ਨੇ ਕਿਹਾ ਕਿ ਲਗਭਗ 10 ਦਿਨ ਪਹਿਲਾਂ ਪ੍ਰਕਾਸ਼, ਉਨ੍ਹਾਂ ਦੀ ਪਤਨੀ (ਉਜਾਲਾ) ਤੇ ਦੂਜੀ ਧੀ (ਅਨੀਸ਼ਾ) ਵਿਚ ਲੱਛਣ ਦਿਖਾਈ ਦਿੱਤੇ ਤੇ ਉਨ੍ਹਾਂ ਨੇ ਜਾਂਚ ਕਰਵਾਈ ਤੇ ਨਤੀਜੇ ਪਾਜ਼ੇਟਿਵ ਆਏ। ਉਨ੍ਹਾਂ ਆਪਣੇ ਆਪ ਨੂੰ ਕੁਆਰੰਟਾਈਨ 'ਚ ਰੱਖਿਆ ਪਰ ਇਕ ਹਫ਼ਤੇ ਬਾਅਦ ਵੀ ਪ੍ਰਕਾਸ਼ ਦਾ ਬੁਖ਼ਾਰ ਘੱਟ ਨਹੀਂ ਹੋਇਆ ਇਸ ਲਈ ਪਿਛਲੇ ਸ਼ਨਿਚਰਵਾਰ ਨੂੰ ਉਨ੍ਹਾਂ ਨੂੰ ਇੱਥੇ ਬੈਂਗਲੁਰੂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਹ ਹੁਣ ਠੀਕ ਹਨ। ਉਨ੍ਹਾਂ ਦੇ ਸਾਰੇ ਅੰਗ ਸਹੀ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਤੇ ਧੀ ਘਰ ਹਨ ਤੇ ਉਨ੍ਹਾਂ ਨੂੰ ਵੀ ਦੋ ਜਾਂ ਤਿੰਨ ਦਿਨ ਵਿਚ ਛੁੱਟੀ ਮਿਲਣ ਦੀ ਉਮੀਦ ਹੈ। ਪਾਦੂਕੋਨ 1980 ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਬਣਨ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਨੇ ਡੈਨਮਾਰਕ ਓਪਨ, ਆਲ ਇੰਗਲੈਂਡ ਚੈਂਪੀਅਨਸ਼ਿਪ ਤੇ ਸਵੀਡਿਸ਼ ਓਪਨ ਵਿਚ ਲਗਾਤਾਰ ਤਿੰਨ ਖ਼ਿਤਾਬ ਜਿੱਤ ਕੇ ਇਹ ਉਪਲੱਬਧੀ ਹਾਸਲ ਕੀਤੀ। ਸਾਲ 1991 ਵਿਚ ਖੇਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਪਾਦੂਕੋਨ ਭਾਰਤੀ ਬੈਡਮਿੰਟਨ ਸੰਘ ਦੇ ਪ੍ਰਧਾਨ ਰਹੇ। ਉਹ 1993 ਤੋਂ 1996 ਤਕ ਭਾਰਤੀ ਟੀਮ ਦੇ ਕੋਚ ਵੀ ਰਹੇ।