ਏਸਪੂ (ਪੀਟੀਆਈ) : ਪ੍ਰਜਨੇਸ਼ ਗੁਣੇਸ਼ਵਰਨ ਮੁੜ ਡੇਵਿਸ ਕੱਪ ਵਿਚ ਇੱਥੇ ਆਪਣੇ ਤੋਂ ਹੇਠਲੀ ਰੈਂਕਿੰਗ ਦੇ ਖਿਡਾਰੀ ਹੱਥੋਂ ਹਾਰ ਗਏ ਜਦਕਿ ਰਾਮ ਕੁਮਾਰ ਰਾਮਨਾਥਨ ਨੂੰ ਵੀ ਦੂਜੇ ਸਿੰਗਲਜ਼ ਵਿਚ ਹਾਰ ਸਹਿਣੀ ਪਈ ਜਿਸ ਨਾਲ ਫਿਨਲੈਂਡ ਦੇ ਖ਼ਿਲਾਫ਼ ਵਿਸ਼ਵ ਗਰੁੱਪ-ਇਕ ਦੇ ਮੁਕਾਬਲੇ ਵਿਚ ਭਾਰਤ 0-2 ਨਾਲ ਪੱਛੜ ਗਿਆ। ਦਿਨ ਦੇ ਪਹਿਲੇ ਮੁਕਾਬਲੇ ਵਿਚ ਵਿਸ਼ਵ ਰੈਂਕਿੰਗ ਵਿਚ 165ਵੇਂ ਸਥਾਨ 'ਤੇ ਕਾਬਜ ਪ੍ਰਜਨੇਸ਼ ਨੂੰ ਰੈਂਕਿੰਗ ਵਿਚ ਕਾਫੀ ਹੇਠਲੇ ਖਿਡਾਰੀ ਓਟੋ ਵਿਰਤਾਨੇਨ (419ਵੀਂ ਰੈਂਕਿੰਗ) ਹੱਥੋਂ 25 ਮਿੰਟ ਤਕ ਚੱਲੇ ਮੈਚ ਵਿਚ 3-6, 6-7 (1-7) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਰਾਮ ਕੁਮਾਰ ਰਾਮਨਾਥਨ (187ਵੀਂ ਰੈਂਕਿੰਗ) ਨੇ ਦੂਜੇ ਮੈਚ ਵਿਚ ਫਿਨਲੈਂਡ ਦੇ ਨੰਬਰ ਇਕ ਖਿਡਾਰੀ ਏਮਿਲ ਰੂਸੁਵੁਓਰੀ ਨੂੰ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਹ ਵਿਸ਼ਵ ਰੈਂਕਿੰਗ ਵਿਚ 74ਵੇਂ ਸਥਾਨ 'ਤੇ ਕਾਬਜ ਖਿਡਾਰੀ ਹੱਥੋਂ 4-6, 5-7 ਨਾਲ ਹਾਰ ਗਏ। ਭਾਰਤ ਨੂੰ ਚੰਗਾ ਡਰਾਅ ਮਿਲਿਆ ਸੀ ਜਿਸ ਵਿਚ ਪ੍ਰਜਨੇਸ਼ ਹੇਠਲੀ ਰੈਂਕਿੰਗ ਦੇ ਖਿਡਾਰੀ ਨਾਲ ਖੇਡ ਰਹੇ ਸਨ ਪਰ ਵਿਰਤਾਨੇਨ ਨੇ ਆਸਾਨ ਜਿੱਤ ਹਾਸਲ ਕੀਤੀ। ਮੁਕਾਬਲੇ ਨੂੰ ਕਾਇਮ ਰੱਖਣ ਲਈ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਨੂੰ ਡਬਲਜ਼ ਵਿਚ ਜਿੱਤ ਹਾਸਲ ਕਰਨੀ ਪਵੇਗੀ।