ਬੁਡਾਪੇਸਟ (ਪੀਟੀਆਈ) : ਭਾਰਤੀ ਭਲਵਾਨ ਪੂਜਾ ਗਹਿਲੋਤ (53 ਕਿਲੋਗ੍ਰਾਮ) ਨੂੰ ਯੂਡਬਲਯੂਡਬਲਯੂ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਾਪਾਨ ਦੀ 2017 ਵਿਸ਼ਵ ਚੈਂਪੀਅਨ ਹਾਰੂਨਾ ਓਕੁਨੋ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਹਾਰ ਦੇ ਬਾਵਜੂਦ ਉਨ੍ਹਾਂ ਨੇ ਭਾਰਤ ਨੂੰ ਦੂਜਾ ਸਿਲਵਰ ਮੈਡਲ ਦਿਵਾਇਆ। ਰਵਿੰਦਰ (61 ਕਿਲੋਗ੍ਰਾਮ) ਨੇ ਇਸ ਹਫ਼ਤੇ ਸਿਲਵਰ ਮੈਡਲ ਜਿੱਤਿਆ ਸੀ। ਤਿੰਨ ਵਾਰ ਦੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਮੈਡਲ ਜੇਤੂ ਸਾਜਨ ਭਾਨਵਾਲ (77 ਕਿਲੋਗ੍ਰਾਮ) ਸੈਮੀਫਾਈਨਲ ਵਿਚ ਜਾਪਾਨ ਦੇ ਕੋਦਾਈ ਸਾਕੁਰਾਬਾ ਹੱਥੋਂ 4-5 ਨਾਲ ਹਾਰ ਗਏ। ਹੁਣ ਉਹ ਕਾਂਸੇ ਦੇ ਮੈਡਲ ਲਈ ਭਿੜਨਗੇ। ਸਾਜਨ ਨੇ ਇਸ ਤੋਂ ਪਹਿਲਾਂ ਕੁਆਲੀਫਾਇਰ ਵਿਚ ਜੇਸੇ ਅਲੈਗਜ਼ੈਂਡਰ ਪੋਰਟਰ ਨੂੰ 6-0 ਨਾਲ ਤੇ ਪ੍ਰੀ ਕੁਆਰਟਰ ਫਾਈਨਲ ਵਿਚ ਅਜਰਬਾਈਜਾਨ ਦੇ ਤੁਨਜੇ ਵਾਜਿਰਜਾਦੇ ਨੂੰ 3-1 ਨਾਲ ਹਰਾਇਆ ਸੀ। ਇਸ ਤੋਂ ਬਾਅਦ ਉਹ ਸਵੀਡਨ ਦੇ ਪੇਰ ਅਲਬੀਨ ਓਲੋਫਸਨ 'ਤੇ 6-2 ਦੀ ਜਿੱਤ ਨੈਲ ਸੈਮੀਫਾਈਨਲ ਵਿਚ ਪੁੱਜੇ ਸਨ। ਗ੍ਰੀਕੋ ਰੋਮਨ ਵਿਚ ਅਰਜੁਨ ਹਾਲਾਕੁਰਕੀ (55 ਕਿਲੋਗ੍ਰਾਮ) ਨੂੰ ਕੁਆਰਟਰ ਫਾਈਨਲ ਵਿਚ ਰੂਸ ਦੇ ਏਮੀਨ ਨਾਰੀਮਾਨੋਵਿਕ ਸ਼ੇਫੇਰਸ਼ਾਏਵ ਹੱਥੋਂ 12-4 ਨਾਲ ਹਾਰ ਮਿਲੀ ਸੀ। ਪਰ ਉਹ ਰੇਪਚੇਜ ਗੇੜ ਵਿਚ ਪੁੱਜ ਗਏ ਕਿਉਂਕਿ ਉਨ੍ਹਾਂ ਦਾ ਵਿਰੋਧੀ ਫਾਈਨਲ ਵਿਚ ਪੁੱਜ ਗਿਆ।

ਸੁਨੀਲ, ਰਾਜੀਤ ਤੇ ਦੀਪਕ ਨੂੰ ਮਿਲੀ ਹਾਰ

ਹੋਰ ਮੁਕਾਬਲਿਆਂ 'ਚ ਸੁਨੀਲ ਕੁਮਾਲ 87 ਕਿਲੋਗ੍ਰਾਮ ਵਿਚ, ਰਾਜੀਤ 63 ਕਿਲੋਗ੍ਰਾਮ ਵਿਚ ਤੇ ਦੀਪਕ ਪੂਨੀਆ 130 ਕਿਲੋਗ੍ਰਾਮ ਵਰਗ ਵਿਚ ਹਾਰ ਕੇ ਬਾਹਰ ਹੋ ਗਏ।