ਨਵੀਂ ਦਿੱਲੀ (ਪੀਟੀਆਈ) : ਨਹਿਰੂ ਹਾਕੀ ਸੁਸਾਇਟੀ ਪ੍ਰਬੰਧਕਾਂ ਨੇ ਨਹਿਰੂ ਹਾਕੀ ਦੇ ਫਾਈਨਲ ਮੈਚ ਦੌਰਾਨ ਹੋਈ ਖਿਡਾਰੀਆਂ ਦੀ ਭਿੜੰਤ ਦੇ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਦੀ ਟੀਮ ਨੂੰ 4 ਸਾਲ ਲਈ ਤੇ ਪੀਐੱਨਬੀ ਦੀ ਟੀਮ ਨੂੰ 2 ਸਾਲ ਲਈ ਬੈਨ ਕਰ ਦਿੱਤਾ ਹੈ। ਸੁਸਾਇਟੀ ਦੇ ਜਨਰਲ ਸਕੱਤਰ ਨੇ ਇਹ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਮਾਮਲੇ ਦੀ ਸਾਰੀ ਰਿਪੋਰਟ ਅਤੇ ਵੀਡੀਓ ਨੈਸ਼ਨਲ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਸੂਰਵਾਰ ਖਿਡਾਰੀਆਂ ਉੱਪਰ ਸਖ਼ਤ ਕਾਰਵਾਈ ਹੋਵੇਗੀ। ਅਗਲੇਰੀ ਕਾਰਵਾਈ ਜਾਂਚ ਤੋਂ ਬਾਅਦ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਤੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੇ ਖਿਡਾਰੀਆਂ ਵਿਚਾਲੇ ਸੋਮਵਾਰ ਨੂੰ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਮੈਦਾਨ 'ਤੇ ਹੀ ਰੱਜ ਕੇ ਮਾਰਕੁੱਟ ਹੋਈ। ਇਸ ਦਾ ਨੋਟਿਸ ਲੈਂਦਿਆਂ ਰਾਸ਼ਟਰੀ ਮਹਾਸੰਘ ਹਾਈ ਇੰਡੀਆ ਨੇ ਇਸ 'ਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਵਿਸਥਾਰ ਵਿਚ ਰਿਪੋਰਟ ਦੇਣ ਲਈ ਕਿਹਾ ਸੀ।

ਇਹ ਹੈ ਮਾਮਲਾ

ਝਗੜਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਦੋਵੇਂ ਟੀਮਾਂ 3-3 ਦੀ ਬਰਾਬਰੀ 'ਤੇ ਸਨ ਅਤੇ ਗੇਂਦ ਪੰਜਾਬ ਪੁਲਿਸ ਦੇ ਸਰਕਲ 'ਚ ਪੀਐੱਨਬੀ ਦੇ ਖਿਡਾਰੀਆਂ ਕੋਲ ਸੀ। ਇਸੇ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਮੈਦਾਨ 'ਤੇ ਹੀ ਇਕ-ਦੂਜੇ 'ਤੇ ਘਸੁੰਨ ਜੜੇ ਤੇ ਹਾਕੀ ਸਟਿਕ ਨਾਲ ਮਾਰਕੁਟ ਕੀਤੀ। ਇਸ ਤੋਂ ਬਾਅਦ ਟੂਰਨਾਮੈਂਟ ਦੇ ਅਧਿਕਾਰੀ ਬਚਾਅ ਕਰਨ ਲਈ ਆ ਗਏ। ਖੇਡ ਕੁਝ ਦੇਰ ਤਕ ਰੁਕੀ ਰਹੀ ਜਿਸ ਤੋਂ ਬਾਅਦ ਦੋਵਾਂ ਟੀਮਾਂ ਦੇ ਅੱਠ-ਅੱਠ ਖਿਡਾਰੀਆਂ ਨਾਲ ਮੈਚ ਅੱਗੇ ਸ਼ੁਰੂ ਹੋਇਆ। ਦੋਵਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਦਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਉਕਸਾਉਣ ਲਈ ਲਾਲ ਕਾਰਡ ਮਿਲਿਆ। ਪੀਐੱਨਬੀ ਨੇ ਆਖ਼ਰ ਇਹ ਮੈਚ 6-3 ਨਾਲ ਜਿੱਤ ਲਿਆ।

ਹਾਕੀ ਇੰਡੀਆ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਤੇ ਟੂਰਨਾਮੈਂਟ ਦੇ ਨਿਰਦੇਸ਼ਕ ਮਹੇਸ਼ ਕੁਮਾਰ ਤੋਂ ਵਿਸਥਾਰ ਵਿਚ ਰਿਪੋਰਟ ਦੇਣ ਲਈ ਕਿਹਾ ਸੀ। ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਵੀ ਹਾਕੀ ਇੰਡੀਆ ਨੂੰ ਇਸ ਘਟਨਾ 'ਚ ਸ਼ਾਮਲ ਖਿਡਾਰੀਆਂ ਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਬੱਤਰਾ ਕੌਮਾਂਤਰੀ ਹਾਕੀ ਮਹਾਸੰਘ (ਐੱਫਆਈਐੱਚ) ਦੇ ਮੁਖੀ ਵੀ ਹਨ।

Posted By: Seema Anand