ਨਵੀਂ ਦਿੱਲੀ : ਭਾਰਤੀ ਖਿਡਾਰੀਆਂ ਦੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) 'ਚ ਖੇਡਣ ਨਾਲ ਉਨ੍ਹਾਂ 'ਤੇ ਪੈਣ ਵਾਲਾ ਕੰਮ ਦਾ ਬੋਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਹ ਫ਼ੈਸਲਾ ਆਪਣੇ ਸਾਥੀਆਂ 'ਤੇ ਛੱਡ ਦਿੱਤਾ ਹੈ ਕਿ ਉਨ੍ਹਾਂ ਨੂੰ ਇਸ ਟੀ-20 ਟੂਰਨਾਮੈਂਟ 'ਚ ਕਿੰਨੇ ਮੈਚ ਖੇਡਣੇ ਹਨ ਤੇ ਕਿੰਨੇ ਨਹੀਂ।

ਆਈਪੀਐੱਲ 23 ਮਾਰਚ ਤੋਂ ਸ਼ੁਰੂ ਹੋ ਜਾਵੇਗਾ ਤੇ ਇਸ ਦੇ ਸਮਾਪਤੀ ਦੇ ਤੁਰੰਤ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ਰਵਾਨਾ ਹੋਣਾ ਹੈ, ਜਿੱਥੇ 30 ਮਈ ਤੋਂ ਵਿਸ਼ਵ ਕੱਪ ਖੇਡਿਆ ਜਾਵੇਗਾ। ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਖਿਡਾਰੀਆਂ 'ਤੇ ਪੈ ਰਹੇ ਬੋਝ ਨੂੰ ਲੈ ਕੇ ਫਰੈਂਚਾਈਜ਼ੀ ਨਾਲ ਗੱਲ ਕੀਤੀ ਗਈ ਹੈ, ਪਰ ਕੋਹਲੀ ਨੇ ਕਿਹਾ ਕਿ ਆਪਣੇ ਕਾਰਜ ਭਾਰ ਨੂੰ ਵਿਵਸਥਿਤ ਕਰਨਾ ਖਿਡਾਰੀ ਦਾ ਕੰਮ ਹੈ। ਕੋਹਲੀ ਨੇ ਕਿਹਾ, 'ਅਸੀਂ ਖਿਡਾਰੀ ਨੂੰ ਪੂਰੀ ਬੁੱਧੀਮਤਾ ਨਾਲ ਕੰਮ ਲੈਣ ਤੇ ਫਰੈਂਚਾਈਜ਼ੀ ਪ੍ਰਬੰਧਨ ਨੂੰ ਸੂਚਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਉਹ ਸਾਡੇ ਫਿਜ਼ੀਓ ਪੈਟਿ੍ਕ ਫਰਹਾਰਟ ਦੇ ਸੰਪਰਕ 'ਚ ਰਹਿਣਗੇ।

ਵਿਸ਼ਵ ਕੱਪ ਲਈ ਸਾਰੀਆਂ ਚੀਜ਼ਾਂ 'ਤੇ ਨਿਗਰਾਨੀ ਰੱਖੀ ਜਾਵੇਗੀ ਤੇ ਇਸ 'ਚ ਕਾਰਜਭਾਰ ਵੀ ਸ਼ਾਮਲ ਹੈ। ਅਸੀਂ ਕੋਈ ਅਜਿਹਾ ਸਮਾਂ ਦੱਸਾਂਗੇ ਜਿੱਥੇ ਖਿਡਾਰੀ ਆਰਾਮ ਕਰ ਸਕਦੇ ਹਨ। ਉਹ ਨਿਸ਼ਚਿਤ ਤੌਰ 'ਤੇ ਇਸ ਮੌਕੇ ਦਾ ਫਾਇਦਾ ਚੁੱਕਣਗੇ। ਵਿਸ਼ਵ ਕੱਪ ਚਾਰ ਸਾਲ 'ਚ ਇਕ ਵਾਰ ਆਉਂਦਾ ਹੈ ਤੇ ਆਈਪੀਐੱਲ ਹਰ ਸਾਲ ਹੁੰਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਟੂਰਨਾਮੈਂਟ 'ਚ ਖੇਡਣ ਨੂੰ ਲੈ ਕੇ ਪ੍ਰਤੀਬੱਧ ਨਹੀਂ ਹਾਂ। ਸਾਨੂੰ ਚਲਾਕ ਬਣਨਾ ਹੋਵੇਗਾ। ਕਿਸੇ ਨੂੰ ਵੀ ਕੋਈ ਫ਼ੈਸਲਾ ਲੈਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।'

ਕੋਹਲੀ ਨੇ ਹਾਲਾਂਕਿ ਇਸ ਦੇ ਨਾਲ ਹੀ ਕਿਹਾ ਕਿ ਭਾਰਤੀ ਟੀਮ ਲਈ ਇਹ ਸੈਸ਼ਨ ਕਾਫੀ ਰੁਝੇਵੇਂ ਵਾਲਾ ਰਿਹਾ, ਪਰ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ ਤੇ ਖਿਡਾਰੀ ਆਈਪੀਐੱਲ ਦਾ ਆਨੰਦ ਲੈਣ ਦੇ ਹੱਕਦਾਰ ਹਨ। ਉਨ੍ਹਾਂ ਕਿਹਾ, 'ਲੰਬੇ ਸਮੇਂ ਤਕ ਖੇਡਦੇ ਰਹਿਣ ਦਾ ਅਸਰ ਪੈਂਦਾ ਹੈ। ਮੈਂ ਇਸ ਨੂੰ ਬਹਾਨਾ ਨਹੀਂ ਮੰਨ ਰਿਹਾ ਹਾਂ, ਕਿਉਂਕਿ ਇਕ ਟੀਮ ਦੇ ਰੂਪ 'ਚ ਤੁਸੀਂ ਜੋ ਵੀ ਮੈਚ ਖੇਡਦੇ ਹੋ ਉਸ 'ਚ ਤੁਹਾਡੇ ਤੋਂ ਜਿੱਤ ਦੀ ਉਮੀਦ ਕੀਤੀ ਜਾਂਦੀ ਹੈ। ਜਦੋਂ ਲੰਬਾ ਸੈਸ਼ਨ ਹੁੰਦਾ ਹੈ ਤਾਂ ਤੁਸੀਂ ਉਸ 'ਤੇ ਵਿਚਾਰ ਕਰਦੇ ਹੋ। ਇਹ ਕਾਫੀ ਰੁਝੇਵਿਆਂ ਨਾਲ ਭਰਿਆ ਸੈਸ਼ਨ ਰਿਹਾ। ਅਸੀਂ ਜਿਸ ਤਰ੍ਹਾਂ ਦੀ ਕ੍ਰਿਕਟ ਖੇਡੀ, ਉਸ ਤੋਂ ਅਸੀਂ ਖੁਸ਼ ਹਾਂ। ਜਿਸ ਤਰ੍ਹਾਂ ਨਾਲ ਖਿਡਾਰੀਆਂ ਨੇ ਆਪਣੀ ਸਮੱਰਥਾ ਦਾ ਪ੍ਰਦਰਸ਼ਨ ਕੀਤਾ, ਉਸ 'ਤੇ ਸਾਨੂੰ ਖੁਸ਼ੀ ਹੈ। ਅਸੀਂ ਜਿਸ ਆਤਮਵਿਸ਼ਵਾਸ ਨੂੰ ਲੈ ਕੇ ਅੱਗੇ ਵਧੇ ਉਹ ਦੇਖਣਾ ਚੰਗਾ ਰਿਹਾ। ਇਸ ਲਿਹਾਜ਼ ਨਾਲ ਅਸੀਂ ਆਈਪੀਐੱਲ ਦਾ ਆਨੰਦ ਲੈਣ ਦੇ ਹੱਕਦਾਰ ਹਾਂ'।