ਆਬੂਧਾਬੀ (ਪੀਟੀਆਈ) : ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕੋਂਸਟੇਂਟਾਈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਐੱਫਸੀ ਏਸੀਅਨ ਕੱਪ ਵਿਚ ਟੀਮ ਕੋਲ ਨਾਕਆਊਟ ਵਿਚ ਪੁੱਜਣ ਦਾ ਦਮ ਹੈ ਜਿਸ ਲਈ ਉਸ ਨੂੰ ਬਹਿਰੀਨ ਖ਼ਿਲਾਫ਼ ਆਪਣੇ ਅਗਲੇ ਮੈਚ ਵਿਚ ਇਕਜੁਟ ਹੋ ਕੇ ਖੇਡਣਾ ਪਵੇਗਾ। ਥਾਈਲੈਂਡ ਖਿਲਾਫ਼ ਮਿਲੀ ਜਿੱਤ ਤੋਂ ਬਾਅਦ ਭਾਰਤੀ ਟੀਮ ਨੂੰ ਗਰੁੱਪ-ਏ ਦੇ ਆਪਣੇ ਦੂਜੇ ਮੁਕਾਬਲੇ ਵਿਚ ਵੀਰਵਾਰ ਨੂੰ ਮੇਜ਼ਬਾਨ ਯੂਏਈ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੋਂਸਟੇਂਟਾਈਨ ਨੇ ਕਿਹਾ ਕਿ ਸਾਨੂੰ ਇਕਜੁਟ ਹੋ ਕੇ ਅਗਲੇ ਮੈਚ ਲਈ ਤਿਆਰ ਰਹਿਣਾ ਪਵੇਗਾ। ਸਾਨੂੰ ਜਿੱਤ ਦੇ ਟੀਚੇ ਨਾਲ ਮੈਦਾਨ ਵਿਚ ਉਤਰਨਾ ਪਵੇਗਾ ਤੇ ਉਮੀਦ ਹੈ ਕਿ ਅਜਿਹੇ ਨਤੀਜੇ ਦੀ ਬਦੌਲਤ ਅਸੀਂ ਨਾਕਆਊਟ ਲਈ ਕੁਆਲੀਫਾਈ ਕਰ ਸਕਾਂਗੇ।

ਭਾਰਤੀ ਟੀਮ ਸੋਮਵਾਰ ਨੂੰ ਆਪਣੇ ਆਖ਼ਰੀ ਗਰੁੱਪ ਮੁਕਾਬਲੇ ਵਿਚ ਬਹਿਰੀਨ ਨਾਲ ਭਿੜੇਗੀ ਜਿੱਥੇ ਜੇ ਜਿੱਤ ਮਿਲੀ ਤਾਂ ਉਹ ਆਖ਼ਰੀ-16 ਵਿਚ ਆਪਣੀ ਥਾਂ ਪੱਕੀ ਕਰ ਲਵੇਗੀ। ਭਾਰਤੀ ਟੀਮ ਦੇ ਸਟਾਰ ਸਟ੫ਾਈਕਰ ਸੁਨੀਲ ਛੇਤਰੀ ਨੇ ਵੀ ਆਪਣੇ ਕੋਚ ਦੀਆਂ ਗੱਲਾਂ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਵੀ ਦੌੜ ਵਿਚ ਬਣੇ ਹੋਏ ਹਾਂ। ਅਸੀਂ ਬਹਿਰੀਨ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ। ਟੀਮ ਦੇ ਤੌਰ 'ਤੇ ਅਸੀਂ ਇਕਜੁਟ ਹਾਂ। ਅਸੀਂ ਮੈਦਾਨ ਵਿਚ ਦਮ ਦਿਖਾਉਣ ਲਈ ਤਿਆਰ ਹਾਂ। ਬਹਿਰੀਨ ਖ਼ਿਲਾਫ਼ ਇਹ ਸਾਡੀ ਯੋਜਨਾ ਹੋਵੇਗੀ। ਯੂਏਈ ਖ਼ਿਲਾਫ਼ ਮੁਕਾਬਲੇ ਵਿਚ ਮਿਲੀ ਹਾਰ ਨੂੰ ਲੈ ਕੇ ਕੋਂਸਟੇਂਟਾਈਨ ਨੇ ਕਿਹਾ ਕਿ ਮੈਂ ਮੁੰਡਿਆਂ ਨੂੰ ਕਿਹਾ ਕਿ ਤੁਸੀਂ ਮੈਚ ਨਹੀਂ ਹਾਰੇ। ਤੁਸੀਂ ਆਪਣੀ ਕਾਬਲੀਅਤ ਦਿਖਾਈ। ਇੱਥੇ ਤਕ ਕਿ ਉਨ੍ਹਾਂ ਨੂੰ (ਯੂਏਈ) ਨੂੰ ਹੈਰਾਨੀ ਹੋ ਰਹੀ ਸੀ ਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਅਸੀਂ ਇੰਨੇ ਚੰਗੇ ਹਾਂ। ਅਜਿਹੇ ਮੁਕਾਬਲਿਆਂ ਤੋਂ ਬਾਅਦ ਸਾਡੀ ਖੇਡ ਵਿਚ ਹੋਰ ਨਿਖਾਰ ਆਵੇਗਾ। ਯੂਏਈ ਖ਼ਿਲਾਫ਼ ਮੁਕਾਬਲੇ ਵਿਚ ਸਾਡੇ ਕੋਲ ਗੋਲ ਕਰਨ ਦੇ ਚਾਰ ਸਪੱਸ਼ਟ ਮੌਕੇ ਸੀ ਪਰ ਇਸ ਤੋਂ ਅੱਧੇ ਮਿਲੇ ਮੌਕਿਆਂ ਨੂੰ ਯੂਏਈ ਨੇ ਗੋਲ ਵਿਚ ਤਬਦੀਲ ਕੀਤਾ।

--------

2022 ਤਕ ਬ੍ਰਾਜ਼ੀਲ ਦੇ ਕੋਚ ਬਣੇ ਰਹਿਣਗੇ ਟਿਟੇ

ਰੀਓ ਡੀ ਜਨੇਰੀਓ (ਆਈਏਐੱਨਐੱਸ) : ਬ੍ਰਾਜ਼ੀਲ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਕੋਚ ਟਿਟੇ ਘੱਟੋ ਘੱਟ 2022 ਤਕ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਇਸ ਗੱਲ ਦੀ ਜਾਣਕਾਰੀ ਬ੍ਰਾਜ਼ੀਲ ਫੁੱਟਬਾਲ ਸੰਘ ਨੇ ਦਿੱਤੀ। ਬ੍ਰਾਜ਼ੀਲ ਐੱਫਏ ਦੇ ਪ੍ਰਧਾਨ ਰੋਜੇਰੀਓ ਕਾਬੋਕੋਲੋ ਨੇ ਕਿਹਾ ਕਿ ਕਤਰ ਵਿਚ ਹੋਣ ਵਾਲੇ 2022 ਵਿਸ਼ਵ ਕੱਪ ਤਕ ਟਿਟੇ ਦਾ ਕਰਾਰ ਹੈ ਤੇ ਉਹ ਤਦ ਤਕ ਆਪਣੇ ਅਹੁਦੇ 'ਤੇ ਬਣੇ ਰਹਿਣਗੇ। 2016 ਵਿਚ ਟਿਟੇ ਨੂੰ ਡੁੰਗਾ ਦੀ ਥਾਂ ਬ੍ਰਾਜ਼ੀਲ ਦਾ ਕੋਚ ਬਣਾਇਆ ਗਿਆ ਸੀ।

---

ਪੋਗਬਾ ਵਾਪਸੀ ਲਈ ਤਿਆਰ

ਮਾਨਚੈਸਟਰ (ਏਐੱਫਪੀ) : ਹਫ਼ਤੇ ਦੇ ਅੰਤ ਵਿਚ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਟਾਟਨਹਮ ਖ਼ਿਲਾਫ਼ ਹੋਣ ਵਾਲੇ ਅਹਿਮ ਮੁਕਾਬਲੇ ਲਈ ਮਾਨਚੈਸਟਰ ਯੂਨਾਈਟਿਡ ਦੇ ਸਟਾਰ ਮਿਡਫੀਲਡਰ ਪਾਲ ਪੋਗਬਾ ਫਿੱਟ ਹਨ। ਇਸ ਦੀ ਜਾਣਕਾਰੀ ਯੂਨਾਈਟਿਡ ਦੇ ਆਰਜ਼ੀ ਮੈਨੇਜਰ ਓਲੇ ਗਨਰ ਸੋਲਸਕਜੇਰ ਨੇ ਦਿੱਤੀ। ਫਰਾਂਸ ਦੇ ਮਿਡਫੀਲਡਰ ਪੋਗਬਾ ਨੂੰ ਨਿਊਕੈਸਲ ਯੂਨਾਈਟਿਡ ਖ਼ਿਲਾਫ਼ ਦੋ ਜਨਵਰੀ ਨੂੰ ਹੋਏ ਮੁਕਾਬਲੇ ਵਿਚ ਸੱਟ ਲੱਗੀ ਸੀ। ਇਸ ਤੋਂ ਬਾਅਦ ਉਹ ਐੱਫਏ ਕੱਪ ਵਿਚ ਰੀਡਿੰਗ ਖ਼ਿਲਾਫ਼ ਮੁਕਾਬਲੇ ਵਿਚ ਨਹੀਂ ਉਤਰ ਸਕੇ ਪਰ ਸੋਲਸਕਜੇਰ ਨੇ ਦੱਸਿਆ ਕਿ ਉਨ੍ਹਾਂ ਨੇ ਕਲੱਬ ਨਾਲ ਦੁਬਈ ਵਿਚ ਚੰਗਾ ਅਭਿਆਸ ਕੀਤਾ।