ਵਿੰਬਲਡਨ (ਏਪੀ) : ਵਿੰਬਲਡਨ ਟੈਨਿਸ ਟੂੁਰਨਾਮੈਂਟ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ 2020 ਸੈਸ਼ਨ ਨੂੰ ਰੱਦ ਕਰਨ ਤੋਂ ਬਾਅਦ 2021 'ਚ ਵਾਪਸੀ ਦੀ ਯੋਜਨਾ ਬਣਾਈ ਹੈ। ਕੋਵਿਡ-19 ਕਾਰਨ ਇਸ ਸਾਲ ਰੱਦ ਹੋਣ ਵਾਲਾ ਵਿੰਬਲਡਨ ਇਕਲੌਤਾ ਗ੍ਰੈਂਡਸਲੈਮ ਹੈ। ਇਸ ਦੇ ਪ੍ਰਬੰਧਕ ਆਲ ਇੰਗਲੈਂਡ ਕਲੱਬ ਨੇ ਹਾਲਾਂਕਿ ਅਗਲੇ ਸਾਲ ਵਾਪਸੀ ਦੀ ਯੋਜਨਾ ਬਣਾਈ ਹੈ।

ਆਲ ਇੰਗਲੈਂਡ ਦੇ ਮੁੱਖ ਕਾਰਜਕਾਰੀ ਸੈਲੀ ਬੋਲਟਾਨ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਨੂੰ 2021 'ਚ ਕਰਵਾਉਣਾ ਸਾਡੀ ਪਹਿਲ ਹੋਵੇਗੀ। ਅਸੀਂ ਸਰਗਰਮੀ ਨਾਲ ਇਸ ਸਬੰਧੀ ਯੋਜਨਾ ਬਣਾ ਰਹੇ ਹਾਂ। ਕਲੱਬ ਨੇ ਕਿਹਾ ਕਿ ਇਹ ਟੂਰਨਾਮੈਂਟ ਅਗਲੇ ਸਾਲ 28 ਜੂਨ ਤੋਂ 11 ਜੁਲਾਈ ਦੌਰਾਨ ਦਰਸ਼ਕਾਂ ਦੀ ਮੁਕੰਮਲ ਸਮਰਥਾ, ਘੱਟ ਸਮਰਥਾ ਜਾਂ ਫਿਰ ਬਿਨਾਂ ਦਰਸ਼ਕਾਂ ਦੇ ਹੋ ਸਕਦਾ ਹੈ। 1945 'ਚ ਸ਼ੁਰੂ ਹੋਇਆ ਇਹ ਟੂਰਨਾਮੈਂਟ ਪਹਿਲੀ ਵਾਰ ਇਸ ਸਾਲ ਰੱਦ ਹੋਇਆ ਹੈ। ਕਲੱਬ ਨੇ ਕਿਹਾ ਕਿ ਸਾਰੇ ਬਦਲ ਸਰਕਾਰ ਦੀ ਮਨਜ਼ੂਰੀ ਤੇ ਲੋਕਾਂ ਦੀ ਸਿਹਤ ਨਾਲ ਜੁੜੀਆਂ ਹਦਾਇਤਾਂ 'ਤੇ ਨਿਰਭਰ ਕਰਦੇ ਹਨ।

ਓਪੇਲਕਾ ਨੇ ਮੇਦਵੇਦੇਵ ਨੂੰ ਹਰਾਇਆ

ਸੇਂਟ ਪੀਟਰਸਬਰਗ (ਏਪੀ) : ਅਮਰੀਕਾ ਦੇ ਰੀਲੀ ਓਪੇਲਕਾ ਨੇ ਮੌਜੂਦਾ ਚੈਂਪੀਅਨ ਡੇਨਿਲ ਮੇਦਵੇਦੇਵ ਖ਼ਿਲਾਫ਼ ਆਖ਼ਰੀ ਸੈੱਟ 'ਚ ਚਾਰ ਬ੍ਰੇਕ ਪੁਆਇੰਟ ਬਚਾ ਕੇ ਸੇਂਟ ਪੀਟਰਸਬਰਗ ਓਪਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਐਂਟਰੀ ਕੀਤੀ। ਓਪੇਲਕਾ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਿਸ਼ਵ 'ਚ ਛੇਵੀਂ ਰੈਕਿੰਗ ਦੇ ਮੇਦਵੇਦੇਵ ਨੂੰ 6-2, 7-5, 6-4 ਨਾਲ ਹਰਾਇਆ।