ਪੈਰਿਸ (ਏਐੱਨਆਈ) : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਫਾਈਨਲ ਮੁਕਾਬਲੇ ਵਿਚ ਲਿਓਨ ਨੂੰ ਪੈਨਲਟੀ ਸ਼ੂਟਆਊਟ ਵਿਚ 6-5 ਨਾਲ ਹਰਾ ਕੇ ਨੌਵਾਂ ਕੂਪ ਡੀ ਲਾ ਲੀਗ ਖ਼ਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਹੀ ਪੀਐੱਸਜੀ ਦੀ ਟੀਮ ਫਰੈਂਚ ਕੱਪ ਦੀ ਜੇਤੂ ਬਣੀ ਸੀ। ਲਿਓਨ ਖ਼ਿਲਾਫ਼ ਇਸ ਜਿੱਤ ਨਾਲ ਪੀਐੱਸਜੀ ਨੇ ਪਿਛਲੇ ਅੱਠ ਸਾਲ ਵਿਚ ਸੱਤਵੀਂ ਵਾਰ ਇਹ ਜੇਤੂ ਟਰਾਫੀ ਆਪਣੇ ਨਾਂ ਕੀਤੀ। ਤੈਅ ਸਮੇਂ ਤਕ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਉਸ ਤੋਂ ਬਾਅਦ ਮੈਚ ਵਾਧੂ ਸਮੇਂ ਵਿਚ ਗਿਆ ਤੇ ਉਥੇ ਦੋਵੇਂ ਟੀਮਾਂ ਗੋਲ ਕਰਨ ਵਿਚ ਨਾਕਾਮ ਰਹੀਆਂ। ਇਸ ਤੋਂ ਬਾਅਦ ਮੈਚ ਦਾ ਨਤੀਜਾ ਕੱਢਣ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿੱਥੇ ਪੀਐੱਸਜੀ ਦੀ ਟੀਮ ਨੇ ਬਾਜ਼ੀ ਮਾਰ ਲਈ। ਇਕ ਸਮੇਂ ਪੈਨਲਟੀ 'ਤੇ ਨੇਮਾਰ ਦੇ ਗੋਲ ਕਰਨ ਤੋਂ ਬਾਅਦ ਸਕੋਰ 5-5 ਨਾਲ ਬਰਾਬਰ ਸੀ ਪਰ ਇਸ ਤੋਂ ਬਾਅਦ ਲਿਓਨ ਦੇ ਹਾਊਸੇਮ ਆਇਰ ਪੈਨਲਟੀ ਨੂੰ ਗੋਲ ਵਿਚ ਬਦਲਣ ਤੋਂ ਖੁੰਝ ਗਏ ਤੇ ਫਿਰ ਪੀਐੱਸਜੀ ਦੇ ਪਾਬਲੋ ਸਰਾਬੀਆ ਨੇ ਗੋਲ ਕਰ ਕੇ ਟੀਮ ਨੂੰ ਖ਼ਿਤਾਬ ਦਿਵਾ ਦਿੱਤਾ।