ਟੋਕੀਓ-2020 ਪੈਰਾਲੰਪਿਕ ’ਚ ਭਾਰਤੀ ਖਿਡਾਰੀਆਂ ਨੇ 5 ਸੋਨੇ, 8 ਚਾਂਦੀ ਤੇ 6 ਤਾਂਬੇ ਦੇ ਤਗਮਿਆਂ ਸਮੇਤ 19 ਮੈਡਲਾਂ ’ਤੇ ਆਪਣਾ ਕਬਜ਼ਾ ਜਮਾਇਆ ਹੈ। ਭਾਰਤੀ ਖਿਡਾਰੀਆਂ ਦਾ ਪੈਰਾਲੰਪਿਕ ਖੇਡਾਂ ’ਚ ਇਹ ਹੁਣ ਤਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਇਨ੍ਹਾਂ ਖੇਡਾਂ ’ਚ 54 ਭਾਰਤੀ ਖਿਡਾਰੀ ਮੈਦਾਨ ’ਚ ਨਿੱਤਰੇ ਸਨ। ਇਨ੍ਹਾਂ ਖਿਡਾਰੀਆਂ ਵੱਲੋਂ 9 ਖੇਡ ਵੰਨਗੀਆਂ ’ਚ ਹਿੱਸਾ ਲਿਆ ਗਿਆ ਸੀ। ਭਾਰਤੀ ਪੈਰਾ ਖਿਡਾਰੀ 11 ਪੈਰਾਲੰਪਿਕ ਖੇਡਾਂ ’ਚ ਇੰਨੇ ਸੋਨ ਤਗਮੇ ਨਹੀਂ ਜਿੱਤੇ ਜਿੰਨੇ ਇਸ ਵਾਰ ਜਿੱਤੇ ਹਨ। ਇਸ ਤੋਂ ਪਹਿਲਾਂ 55 ਸਾਲਾਂ ਦੇ ਇਤਿਹਾਸ ’ਚ ਦੇਸ਼ ਦੇ ਪੈਰਾ ਖਿਡਾਰੀਆਂ ਵੱਲੋਂ ਪੈਰਾਲੰਪਿਕ ਖੇਡਾਂ ’ਚ 31 ਮੈਡਲਾਂ ’ਤੇ ਆਪਣੇ ਨਾਂ ਦੀ ਮੋਹਰ ਲਾਈ ਗਈ ਸੀ, ਜਿਨ੍ਹਾਂ ’ਚ 9 ਸੋਨੇ, 12 ਚਾਂਦੀ ਤੇ 10 ਤਾਂਬੇ ਦੇ ਤਗਮੇ ਸ਼ਾਮਲ ਹਨ। ਭਾਰਤੀ ਪੈਰਾ ਖਿਡਾਰੀਆਂ ਨੇ ਟੋਕੀਓ ’ਚ 5 ਤਗਮੇ ਸ਼ੂਟਿੰਗ ਤੇ 4 ਤਗਮੇ ਬੈਡਮਿੰਟਨ ’ਚ ਜਿੱਤਣ ਦਾ ਕਮਾਲ ਕੀਤਾ ਹੈ। 17 ਪੈਰਾ ਖਿਡਾਰੀਆਂ ਨੇ 19 ਤਗਮੇ ਦੇਸ਼ ਦੀ ਝੋਲੀ ਪਾਏ ਹਨ। ਇਨ੍ਹਾਂ ’ਚੋਂ 4 ਤਗਮੇ ਤਾਂ ਦੋ ਪੈਰਾ ਖਿਡਾਰੀਆਂ ਅਵਨੀ ਲੇਖਰਾ ਤੇ ਸਿੰਘਰਾਜ ਅਵਾਨਾ ਵੱਲੋਂ ਹੀ ਜਿੱਤੇ ਗਏ ਹਨ। ਭਾਰਤ ਨੂੰ ਇਨ੍ਹਾਂ ਖੇਡਾਂ ’ਚ 24ਵਾਂ ਰੈਂਕ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਮਿਓਨਿਖ-1972 ਦੀਆਂ ਪੈਰਾਲੰਪਿਕ ਖੇਡਾਂ ’ਚ 25ਵੀਂ ਰੈਂਕਿੰਗ ਹਾਸਲ ਕੀਤੀ ਸੀ। ਟੋਕੀਓ-2020 ਪੈਰਾਲੰਪਿਕ ’ਚ ਸ਼ਾਨ ਨਾਲ 19 ਤਗਮੇ ਜਿੱਤਣ ਵਾਲੇ ਭਾਰਤੀ ਅਥਲੀਟਾਂ ਦਾ ਜ਼ਿਕਰ ਕਰਦੇ ਹਾਂ।

ਅਵਨੀ ਲੇਖਰਾ ਨੇ ਫੁੰਡੇ ਦੋ ਤਮਗੇ

ਟੋਕੀਓ ਪੈਰਾਲੰਪਿਕ ’ਚ ਦੇਸ਼ ਦੀ ਮਹਿਲਾ ਸ਼ੂਟਰ ਅਵਨੀ ਲੇਖਰਾ ਨੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਈਵੈਂਟ ’ਚ 249.6 ਦੇ ਸਕੋਰ ਨਾਲ ਨਵਾਂ ਪੈਰਾਲੰਪਿਕ ਰਿਕਾਰਡ ਦਰਜ ਕਰਵਾਉਂਦਿਆਂ ਪਹਿਲਾ ਸੋਨ ਤਮਗਾ ਜਿੱਤਿਆ ਹੈ ਤੇ ਨਾਲ ਹੀ ਤਾਂਬੇ ਦਾ ਤਗਮਾ ਵੀ ਆਪਣੇ ਨਾਂ ਕੀਤਾ ਹੈ। ਉਹ 12 ਸਾਲਾਂ ਦੀ ਉਮਰ ’ਚ ਹੋਏ ਭਿਆਨਕ ਹਾਦਸੇ ਨਾਲ ਵ੍ਹੀਲਚੇਅਰ ’ਤੇ ਆ ਗਈ ਸੀ। ਉਸ ਸਮੇਂ ਉਸ ਦਾ ਪਿਤਾ ਪ੍ਰਵੀਨ ਲੇਖਰਾ ਵੀ ਜ਼ਖ਼ਮੀ ਹੋ ਗਿਆ ਸੀ। ਪਿਤਾ ਛੇਤੀ ਤੰਦਰੁਸਤ ਹੋ ਗਿਆ ਪਰ ਅਵਨੀ ਦੀ ਰੀੜ੍ਹ ਦੀ ਹੱਡੀ ’ਤੇ ਸੱਟ ਲੱਗਣ ਕਾਰਨ ਵ੍ਹੀਲਚੇਅਰ ਹੀ ਉਸ ਲਈ ਤੁਰਨ-ਫਿਰਨ ਦਾ ਸਹਾਰਾ ਬਣ ਗਈ ਸੀ। ਰਾਜਸਥਾਨ ਦੇ ਧੌਲਪੁਰ ’ਚ ਹੋਏ ਹਾਦਸੇ ਤੋਂ ਮਹਿਜ਼ ਤਿੰਨ ਸਾਲ ਬਾਅਦ ਹੀ ਉਸ ਨੇ ਸ਼ੂਟਿੰਗ ’ਤੇ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਨਤੀਜਾ ਅੱਜ ਦੁਨੀਆ ਤੇ ਦੇਸ਼ ਦੇ ਸਾਰੇ ਲੋਕਾਂ ਸਾਹਮਣੇ ਹੈ। ਕਾਨੂੰਨ ਦੀ ਡਿਗਰੀ ਕਰ ਰਹੀ ਇਸ ਕੁੜੀ ਨੇ ਕੌਮੀ ਸ਼ੂਟਿੰਗ ਚੈਂਪੀਅਨਸ਼ਿਪ ’ਚ 5 ਸੋਨ ਤਮਗੇ ਜਿੱਤਣ ਦਾ ਕਰਿਸ਼ਮਾ ਕੀਤਾ ਗਿਆ ਹੈ।

ਹਰਿਆਣੇ ਦਾ ਸ਼ੂਟਰ ਸਿੰਘਰਾਜ ਅਧਾਨਾ

ਹਰਿਆਣਾ ਦੇ ਫਰੀਦਾਬਾਦ ’ਚ 26 ਜਨਵਰੀ, 1982 ਨੂੰ ਜਨਮੇ ਸਿੰਘਰਾਜ ਅਧਾਨਾ ਨੂੰ ਟੋਕੀਓ-2020 ਪੈਰਾਲੰਪਿਕ ਖੇਡਾਂ ’ਚ ਦੋ ਤਗਮੇ (ਇਕ ਚਾਂਦੀ ਤੇ ਇਕ ਤਾਂਬਾ) ਜਿੱਤਣ ਦਾ ਹੱਕ ਹਾਸਲ ਹੋਇਆ ਹੈ। ਉਸ ਨੇ ਮਿਕਸਡ 50 ਮੀਟਰ ਪਿਸਟਲ ’ਚ ਚਾਂਦੀ ਤੇ 10 ਮੀਟਰ ਏਅਰ ਪਿਸਟਲ ’ਚ ਤਾਂਬੇ ਦਾ ਤਗਮਾ ਜਿੱਤਿਆ ਹੈ। ਜਕਾਰਤਾ-2018 ਦੀਆਂ ਪੈਰਾ-ਏਸ਼ੀਅਨ ਖੇਡਾਂ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੇ ਇਸ ਖਿਡਾਰੀ ਨੇ ਫਰਾਂਸ-2018 ਆਲਮੀ ਕੱਪ ’ਚ ਇਕ ਸੋਨਾ ਤੇ ਇਕ ਚਾਂਦੀ ਮੈਡਲ ’ਤੇ ਆਪਣਾ ਅਧਿਕਾਰ ਜਮਾਇਆ ਸੀ।

ਅਰਜੁਨਾ ਐਵਾਰਡੀ ਸ਼ਟਲਰ ਪ੍ਰਮੋਦ ਭਗਤ

ਟੋਕੀਓ ਪੈਰਾਲੰਪਿਕ ’ਚ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਵੱਲੋਂ ਸੋਨ ਤਗਮਾ ਜਿੱਤਣ ’ਤੇ ਉਸ ਦੇ ਪਿੰਡ ਸੁਭਈ ’ਚ ਦੀਵਾਲੀ ਮਨਾਈ ਗਈ। ਉਸ ਨੂੰ 4 ਸਾਲਾਂ ਦੀ ਉਮਰ ’ਚ ਪੋਲੀਓ ਹੋ ਗਿਆ ਸੀ। ਉਸ ਨੂੰ ਬੈਡਮਿੰਟਨ ਖੇਡਣ ਦਾ ਚਸਕਾ ਭੁਵਨੇਸ਼ਵਰ ਰਹਿੰਦਿਆਂ ਹੀ ਪਿਆ। ਪ੍ਰਮੋਦ ਭਗਤ ਨੇ ਜਕਾਰਤਾ-2018 ਪੈਰਾ-ਏਸ਼ਿਆਈ ਖੇਡਾਂ ’ਚ ਇਕ ਸਿਲਵਰ ਤੇ ਇਕ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। ਉਸ ਨੂੰ ਅਰਜੁਨਾ ਐਵਾਰਡ ਵੀ ਮਿਲ ਚੁੱਕਿਆ ਹੈ।

ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਵਾਲਾ ਸ਼ੂਟਰ ਮਨੀਸ਼ ਨਰਵਾਲ

ਟੋਕੀਓ ਪੈਰਾਲੰਪਿਕ ’ਚ 10 ਮੀਟਰ ਮਿਕਸਡ ਏਅਰ ਰਾਈਫਲ ’ਚ ਸੋਨ ਤਮਗਾ ਜਿੱਤਣ ਵਾਲੇ ਮਨੀਸ਼ ਨਰਵਾਲ ਨੂੰ ਆਲਮੀ ਸ਼ੂਟਿੰਗ ਪੈਰਾ ਸਪੋਰਟਸ ਰੈਂਕਿੰਗ ’ਚ 4 ਰੈਂਕ ਹਾਸਲ ਹਨ। ਉਸ ਦਾ ਜਨਮ ਹਰਿਆਣਾ ਦੇ ਫ਼ਰੀਦਾਬਾਦ ’ਚ 17 ਅਕਤੂਬਰ, 2001 ਨੂੰ ਹੋਇਆ। ਉਸ ਨੇ 2021 ਪੈਰਾ ਸ਼ੂਟਿੰਗ ਵਿਸ਼ਵ ਕੱਪ ਮੁਕਾਬਲੇ ’ਚ 50 ਮੀਟਰ ਮਿਕਸਡ ਪਿਸਟਲ ’ਚ ਸੋਨ ਤਮਗਾ ਜਿੱਤਿਆ। ਉੁਸ ਦੀਆਂ ਖੇਡ ਪ੍ਰਾਪਤੀਆਂ ਨੂੰ ਵੇਖਦਿਆਂ ਉਸ ਨੂੰ 2020 ’ਚ ਅਰਜੁਨਾ ਐਵਾਰਡ ਨਾਲ ਨਿਵਾਜ਼ਿਆ ਗਿਆ।

ਰਾਜਸਥਾਨ ਦਾ ਸ਼ਟਲਰ ਿਸ਼ਨਾ ਨਾਗਰ

ਬੈਡਮਿੰਟਨ ਖਿਡਾਰੀ ਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਸ਼ਟਲਰ ਸ਼ੂ ਮੇਨ ਕੇਈ ਨੂੰ 2-1 ਦੇ ਸਿੱਧੇ ਸੈੱਟਾਂ ’ਚ ਹਰਾ ਕੇ ਸੋਨ ਤਮਗਾ ਜਿੱਤਣ ਦਾ ਕਰਿਸ਼ਮਾ ਕੀਤਾ ਹੈ। ਰਾਜਸਥਾਨ ਦੇ ਇਸ 22 ਸਾਲਾ ਖਿਡਾਰੀ ਵੱਲੋਂ ਸੋਨ ਤਗਮਾ ਜਿੱਤਣ ’ਤੇ ਉਸ ਦੇ ਕੋਚ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਦਿਵਸ ’ਤੇ ਿਸ਼ਨਾ ਨਾਗਰ ਵੱਲੋਂ ਉਸ ਨੂੰ ਦਿੱਤੇ ਇਸ ਤੋਹਫ਼ੇ ਤੋਂ ਬਿਹਤਰ ਹੋਰ ਕੋਈ ਤੋਹਫ਼ਾ ਨਹੀਂ ਹੋ ਸਕਦਾ।

ਰਿਕਾਰਡ ਕਾਇਮ ਕਰਨ ਵਾਲਾ ਸੁਮਿਤ ਅੰਤਿਲ

ਐੱਫ-64 ਕੈਟਾਗਿਰੀ ’ਚ ਸੋਨ ਤਮਗਾ ਜਿੱਤਣ ਵਾਲੇ ਪੈਰਾ ਜੈਵਲਿਨ ਥਰੋਅਰ ਸੁਮਿਤ ਅੰਤਿਲ ਨੇ ਟੋਕੀਓ ਪੈਰਾਲੰਪਿਕ ’ਚ ਸਿਰਫ਼ ਸੋਨ ਤਗਮਾ ਹੀ ਨਹੀਂ ਜਿੱਤਿਆ ਗਿਆ ਸਗੋਂ ਉਸ ਨੇ 68.55 ਮੀਟਰ ਦੀ ਦੂਰੀ ਨਾਪਣ ਸਦਕਾ ਨਵਾਂ ਪੈਰਾਲੰਪਿਕ ਆਲਮੀ ਰਿਕਾਰਡ ਵੀ ਦਰਜ ਕਰਵਾਇਆ ਗਿਆ ਹੈ। 23 ਸਾਲਾ ਇਸ ਹਰਿਆਣਵੀ ਥਰੋਅਰ ਦਾ ਜਨਮ 6 ਜੁਲਾਈ, 1998 ਨੂੰ ਜ਼ਿਲ੍ਹਾ ਸੋਨੀਪਤ ਦੇ ਪਿੰਡ ਖੇਵਰਾ ’ਚ ਨਿਰਮਲਾ ਦੇਵੀ ਦੀ ਕੁੱਖੋਂ ਹੋਇਆ। ਜਦੋਂ ਉਹ 7 ਸਾਲ ਦਾ ਸੀ ਤਾਂ ਉਸ ਦੇ ਪਿਤਾ ਰਾਜਕੁਮਾਰ ਦੀ ਮੌਤ ਹੋ ਗਈ। 17 ਸਾਲ ਦੀ ਉਮਰ ’ਚ ਉਸ ਦੀ ਇਕ ਲੱਤ ਮੋਟਰਸਾਈਕਲ ਹਾਦਸੇ ’ਚ ਗੋਡੇ ਥੱਲਿਓਂ ਬੁਰੀ ਤਰ੍ਹਾਂ ਨੁਕਸਾਨੀ ਗਈ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਦੀ ਡਿਗਰੀ ਹਾਸਲ ਕਰਦਿਆਂ ਨਿਤਿਨ ਜਸਵਾਲ ਤੋਂ ਜੈਵਲਿਨ ਸੁੱਟਣ ਦੀ ਸਿਖਲਾਈ ਹਾਸਲ ਕਰਨ ਦੀ ਸ਼ੁਰੂਆਤ ਕੀਤੀ, ਜਿਸ ਦਾ ਨਤੀਜਾ ਟੋਕੀਓ ਪੈਰਾਲੰਪਿਕ ’ਚ ਗੋਲਡ ਮੈਡਲ ਜਿੱਤਣ ਸਦਕਾ ਅੱਜ ਸਾਰਿਆਂ ਦੇ ਸਾਹਮਣੇ ਹੈ। ਇਸ ਤੋਂ ਪਹਿਲਾਂ ਉਸ ਨੇ ਆਲਮੀ ਪੈਰਾ ਅਥਲੈਟਿਕਸ ਮੀਟ ਇਟਲੀ-2019 ’ਚ ਨੇਜ਼ਾ ਸੁੱਟਣ ਮੁਕਾਬਲੇ ’ਚ ਆਲਮੀ ਰਿਕਾਰਡ ਤੋੜਦਿਆਂ ਚਾਂਦੀ ਦਾ ਤਮਗਾ ਜਿੱਤਿਆ ਸੀ।

ਤਮਗਿਆਂ ਦੀ ਹੈਟਿ੍ਰਕ ਲਾਉਣ ਵਾਲਾ ਦੇਵੇਂਦਰ ਝਾਝੜੀਆ

10 ਜੂਨ , 1981 ਨੂੰ ਰਾਜਸਥਾਨ ਦੇ ਜ਼ਿਲ੍ਹਾ ਚੁਰੂ ’ਚ ਜਨਮਿਆ ਦੇਵੇਂਦਰ ਝਾਝੜੀਆ ਦੇਸ਼ ਦਾ ਪਲੇਠਾ ਅਥਲੀਟ ਹੈ, ਜਿਸ ਨੇ ਏਥਨਜ਼-2004, ਰੀਓ-2016 ਤੇ ਟੋਕੀਓ ਪੈਰਾਲੰਪਿਕ ’ਚ ਤਗਮੇ ਜਿੱਤਣ ਦਾ ਸਿਲਸਿਲਾ ਜਾਰੀ ਰੱਖਿਆ ਹੈ। ਏਥਨਜ਼ ਤੇ ਰੀਓ ਪੈਰਾਲੰਪਿਕ ’ਚ ਲਗਾਤਾਰ ਦੋ ਸੋਨ ਤਗਮੇ ਜਿੱਤਣ ਵਾਲੇ ਇਸ ਖਿਡਾਰੀ ਨੇ ਟੋਕੀਓ ’ਚ ਚਾਂਦੀ ਦਾ ਤਮਗਾ ਹਾਸਲ ਕਰ ਕੇ ਤਗਮਿਆਂ ਦੀ ਹੈਟਿ੍ਰਕ ਪੂਰੀ ਕੀਤੀ ਹੈ। ਇੰਚਓਨ-2014 ਪੈਰਾ-ਏਸ਼ੀਆ ਖੇਡਾਂ ’ਚ ਚਾਂਦੀ ਤਗਮਾ ਗਲੇ ਦਾ ਸ਼ਿੰਗਾਰ ਬਣਾਉਣ ਵਾਲੇ ਝਾਝੜੀਆ ਨੇ ਆਈਪੀਸੀ ਵਿਸ਼ਵ ਚੈਂਪੀਅਨ ਲਿਓਨ-2013 ’ਚ ਚਾਂਦੀ ਤੇ ਦੋਹਾ-2015 ’ਚ ਚਾਂਦੀ ਦਾ ਤਗਮਾ ਹਾਸਲ ਕਰਨ ਦਾ ਵੱਡਾ ਜੱਸ ਖੱਟਿਆ ਹੈ। ਸੁਨੀਮ ਤੰਵਰ ਵਲੋਂ ਸਿਖਲਾਈਯਾਫਤਾ ਇਹ ਖਿਡਾਰੀ ਰੇਲਵੇ ’ਚ ਤਾਇਨਾਤ ਹੈ, ਜਿਸ ਦੀ ਪਤਨੀ ਮੰਜੂ ਵੀ ਸਾਬਕਾ ਕਬੱਡੀ ਖਿਡਾਰਨ ਹੈ। ਦੇਸ਼ ਨੂੰ ਦਿੱਤੀਆਂ ਸ਼ਾਨਦਾਰ ਖੇਡ ਸੇਵਾਵਾਂ ਕਰਕੇ ਉਸ ਨੂੰ 2004 ’ਚ ਅਰਜੁਨਾ ਅਵਾਰਡ, 2012 ’ਚ ਪਦਮਸ਼੍ਰੀ ਤੇ 2017 ’ਚ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ ਨਾਲ ਨਿਵਾਜ਼ਿਆ ਜਾ ਚੁੱਕਾ ਹੈ। ਹਾਈ ਜੰਪਰ ਮਰਿਅੱਪਨ ਥੰਗਾਵੇਲੂ

ਤਾਮਿਲਨਾਡੂ ਦਾ ਅਥਲੀਟ ਮਰਿਅੱਪਨ ਦੇਸ਼ ਦਾ ਪਹਿਲਾ ਜੰਪਰ ਹੈ, ਜਿਸ ਨੇ ਰੀਓ-2016 ਪੈਰਾਲੰਪਿਕ ’ਚ ਟੀ-42 ਕੈਟਾਗਿਰੀ ’ਚ ਸੋਨ ਤਗਮਾ ਤੇ ਟੋਕੀਓ ਪੈਰਾਲੰਪਿਕ ’ਚ ਟੀ-63 ’ਚ ਚਾਂਦੀ ਦਾ ਤਗਮਾ ਹਾਸਲ ਕਰ ਕੇ ਆਪਣੇ ਨਿੱਜੀ ਤਗਮਿਆਂ ਦੀ ਗਿਣਤੀ ਦੋ ਕੀਤੀ ਹੈ। ਦੇਸ਼ ਨੂੰ ਦਿੱਤੀਆਂ ਸ਼ਾਨਦਾਰ ਖੇਡ ਸੇਵਾਵਾਂ ਬਦਲੇ ਉਸ ਨੂੰ ਭਾਰਤ ਸਰਕਾਰ ਵੱਲੋਂ 2017 ’ਚ ਅਰਜੁਨਾ, 2017 ’ਚ ਪਦਮਸ਼੍ਰੀ ਤੇ 2020 ’ਚ ਮੇਜਰ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ ਪੈਰਾ-ਏਸ਼ੀਅਨ ਜਕਾਰਤਾ-2018 ’ਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਰਹਿ ਚੁੱਕਾ ਹੈ। ਟੋਕੀਓ ਤੋਂ ਪਹਿਲਾਂ ਉਹ 2019 ਆਲਮੀ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ ’ਚ

ਤਾਂਬੇ ਦਾ ਤਗਮਾ ਜਿੱਤਣ ਦਾ ਕਮਾਲ ਕਰ ਚੁੱਕਿਆ ਹੈ।

ਟੇਬਲ ਟੈਨਿਸ ਖਿਡਾਰਨ ਭਾਵਨਾ ਪਟੇਲ

ਗੁਜਰਾਤ ਦੇ ਮਹਿਸਾਨਾ ਸ਼ਹਿਰ ਦੀ ਟੇਬਲ ਟੈਨਿਸ ਖਿਡਾਰਨ ਭਾਵਨਾ ਪਟੇਲ ਨੇ ਮਹਿਲਾ ਸਿੰਗਲਜ਼ ਵਰਗ ’ਚ ਚੀਨ ਦੀ ਝਾਂਗ ਮਿਆਓ ਤੋਂ ਫਾਈਨਲ ਹਾਰਨ ਦੇ ਬਾਵਜੂਦ ਚਾਂਦੀ ਦਾ ਤਮਗਾ ਜਿੱਤਣ ਦਾ ਅਧਿਕਾਰ ਹਾਸਲ ਕੀਤਾ ਹੈ। ਇਹ ਪਹਿਲਾ ਮੌਕਾ ਹੈ ਕਿ ਭਾਰਤ ਦੇ ਕਿਸੇ ਖਿਡਾਰੀ ਨੇ ਸਮਰ ਓਲੰਪਿਕ ਤੇ ਪੈਰਾਲੰਪਿਕ ’ਚ ਤਗਮਾ ਹਾਸਲ ਕੀਤਾ ਹੈ। ਉਸ ਨੇ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਮਨਾਏ ਜਾਂਦੇ ਕੌਮੀ ਖੇਡ ਦਿਹਾੜੇ ’ਤੇ ਤਗਮਾ ਹਾਸਲ ਕਰ ਕੇ ਦੇਸ਼ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।

ਡਿਸਕਸ ਥਰੋਅਰ ਯੋਗੇਸ਼ ਕਥੂਰੀਆ

ਟੋਕੀਓ ਪੈਰਾਲੰਪਿਕ ਖੇਡਾਂ ’ਚ 24 ਸਾਲਾ ਯੋਗੇਸ਼ ਕਥੂਰੀਆ ਨੇ ਚਾਂਦੀ ਦਾ ਤਮਗਾ ਜਿੱਤ ਕੇ ਆਪਣਾ ਨਾਂ ਇਤਿਹਾਸ ਦੇ ਪੰਨਿਆਂ ’ਚ ਦਰਜ ਕਰਵਾਇਆ ਹੈ। ਐੱਫ-56 ਈਵੈਂਟ ’ਚ ਚਾਂਦੀ ਦਾ ਤਗਮਾ ਹਾਸਲ ਇਸ ਖਿਡਾਰੀ ਨੇ 44.38 ਮੀਟਰ ’ਤੇ ਡਿਸਕਸ ਥਰੋਅ ਕੀਤੀ। 24 ਸਾਲਾ ਕਥੂਰੀਆ ਨੇ ਦੁਬਈ-2019 ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ’ਚ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। ਉਸ ਨੇ ਬ੍ਰਾਜ਼ੀਲ ਆਲਮੀ ਚੈਂਪੀਅਨਸ਼ਿਪ ’ਚ 45.59 ਮੀਟਰ ’ਤੇ ਡਿਸਕਸ ਥਰੋਅ ਕੀਤੀ ਸੀ ਪਰ ਟੋਕੀਓ ਪੈਰਾਲੰਪਿਕ ’ਚ ਉਹ ਆਪਣਾ ਸ਼ਾਨਦਾਰ ਪ੍ਰਦਰਸ਼ਨ ਨਹੀਂ ਦੁਹਰਾ ਸਕਿਆ, ਜਿਸ ਕਰਕੇ ਉਸ ਨੂੰ ਚਾਂਦੀ ਤਗਮੇ ਤੋਂ ਇਕ ਕਦਮ ਦੂਰ ਰਹਿਣਾ ਪਿਆ।

ਹਾਈ ਜੰਪਰ ਨਿਸ਼ਾਦ ਕੁਮਾਰ

ਟੋਕੀਓ ਪੈਰਾਲੰਪਿਕ ’ਚ ਨਿਸ਼ਾਦ ਕੁਮਾਰ ਨੇ ਹਾਈ ਜੰਪ ’ਚ ਚਾਂਦੀ ਤਮਗਾ ਹਾਸਲ ਕੀਤਾ ਹੈ। ਉਸ ਨੇ 2.02 ਮੀਟਰ ਦੀ ਉੱਚਾਈ ਨਾਲ ਜਿੱਥੇ ਚਾਂਦੀ ਦਾ ਤਗਮਾ ਹਾਸਲ ਕੀਤਾ, ਉੱਥੇ ਉਸ ਨੇ ਨਵਾਂ ਏਸ਼ੀਅਨ ਰਿਕਾਰਡ ਵੀ ਸਥਾਪਤ ਕੀਤਾ ਹੈ। ਉਂਜ ਉਸ ਦਾ ਕਰੀਅਰ ਬੈਸਟ ਜੰਪ 2.10 ਹੈ ਪਰ ਟੋਕੀਓ ਪੈਰਾਲੰਪਿਕ ’ਚ 2.09 ਮੀਟਰ ਦੀ ਗੋਲਡ ਮੈਡਲੀ ਉੱਚੀ ਛਾਲ ਲਾਉਣ ’ਚ ਨਾਕਾਮ ਰਿਹਾ।

ਸ਼ਟਲਰ ਸੁਹਾਸ ਲਾਲਿਨਾਕੇਰੇ ਯਥੀਰਾਜ

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੌਤਮਬੁੱਧਨਗਰ ਦੇ ਕੁਲੈਕਟਰ ਤੇ ਵਿਸ਼ਵ ਰੈਂਕਿੰਗ ’ਚ ਨੰਬਰ-2 ਦੇ ਸਥਾਨ ’ਤੇ ਬਿਰਾਜਮਾਨ 38 ਸਾਲਾ ਪੈਰਾ ਬੈਡਮਿੰਟਨ ਖਿਡਾਰੀ ਸੁਹਾਸ ਯਥੀਰਾਜ ਨੇ ਚਾਂਦੀ ਦਾ ਤਗਮਾ ਆਪਣੇ ਗਲੇ ਦਾ ਸ਼ਿੰਗਾਰ ਬਣਾਇਆ ਹੈ। 38 ਸਾਲਾ ਸੁਹਾਸ ਨੇ 16 ਸਾਲ ਪਹਿਲਾਂ ਆਪਣੇ ਪਿਤਾ ਦੇ ਕਹਿਣ ’ਤੇ ਬੈਡਮਿੰਟਨ ਖੇਡਣ ਦੀ ਸ਼ੁਰੂਆਤ ਕੀਤੀ ਸੀ। 2 ਜੁਲਾਈ 1983 ’ਚ ਕਰਨਾਟਕ ਦੇ ਸ਼ਹਿਰ ਹਾਸਨ ’ਚ ਜਨਮੇ ਇਸ ਖਿਡਾਰੀ ਨੇ ਪੈਰਾਲੰਪਿਕ ਤੋਂ ਪਹਿਲਾਂ ਜਕਾਰਤਾ-2018 ਪੈਰਾ-ਏਸ਼ੀਅਨ ਖੇਡਾਂ ’ਚ ਤਾਂਬੇ ਦਾ ਤਗਮਾ ਜਿੱਤਿਆ ਸੀ।

ਹਾਈ ਜੰਪਰ ਪ੍ਰਵੀਨ ਕੁਮਾਰ

ਨੋਇਡਾ ਨੇੜਲੇ ਪਿੰਡ ਗੋਬਿੰਦਗੜ੍ਹ ਜੇਵਾਰ ਦੇ 18 ਸਾਲਾ ਹਾਈ ਜੰਪਰ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕ ਦੀ ਟੀ-64 ਕੈਟਾਗਿਰੀ ’ਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। 15 ਮਈ, 2003 ’ਚ ਯੂਪੀ ਦੇ ਪਿੰਡ ਗੋਬਿੰਦਗੜ੍ਹ ਜੇਵਾਰ ’ਚ ਜਨਮਿਆ ਪ੍ਰਵੀਨ ਕੁਮਾਰ ਮੋਤੀ ਲਾਲ ਨਹਿਰੂ ਕਾਲਜ ਦਾ ਵਿਦਿਆਰਥੀ ਹੈ, ਜਿੱਥੋਂ ਉਹ ਗ੍ਰੇਜੂਏਸ਼ਨ ਕਰ ਰਿਹਾ ਹੈ। ਆਲਮੀ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ ’ਚ ਚੌਥੇ ਨੰਬਰ ’ਤੇ ਰਹੇ ਇਸ ਖਿਡਾਰੀ ਨੇ ਟੋਕੀਓ ਸਮਰ ਪੈਰਾਲੰਪਿਕ ’ਚ ਚਾਂਦੀ ਦੇ ਤਗਮੇ ਨਾਲ ਹੱਥ ਮਿਲਾਉਣ ਲਈ 2.07 ਮੀਟਰ ਦੀ ਉੱਚਾਈ ਨੂੰ ਛੂਹਿਆ ਹੈ।

ਤੀਰਅੰਦਾਜ਼ ਹਰਵਿੰਦਰ ਸਿੰਘ

ਟੋਕੀਓ ਪੈਰਾਲੰਪਿਕ ਖੇਡਾਂ ’ਚ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਕੋਰੀਆ ਦੇ ਸੂ ਮਿਨ ਕਿੰਮ ਨੂੰ 6-5 ਅੰਕਾਂ ਨਾਲ ਮੁਕਾਬਲਾ ਫ਼ਤਿਹ ਕਰ ਕੇ ਤਾਂਬੇ ਦਾ ਤਗਮਾ ਜਿੱਤਣ ’ਚ ਸਫਲਤਾ ਹਾਸਲ ਕੀਤੀ ਹੈ। ਉਹ ਦੇਸ਼ ਦਾ ਪਲੇਠਾ ਤੇ ਨਿਵੇਕਲਾ ਖਿਡਾਰੀ ਹੈ, ਜਿਸ ਨੂੰ ਪੈਰਾਲੰਪਿਕ ’ਚ ਕੋਈ ਤਗਮਾ ਹਾਸਲ ਹੋਇਆ ਹੈ। ਉਸ ਦਾ ਪਿੰਡ ਅਜੀਤਨਗਰ ਜ਼ਿਲ੍ਹਾ ਕੈਥਲ ’ਚ ਹੈ। ਉਹ ਗ਼ਰੀਬ ਕਿਸਾਨ ਪਰਿਵਾਰ ਦਾ ਪੁੱਤਰ ਹੈ। ਉਹ ਡੇਢ ਸਾਲ ਦਾ ਸੀ ਤਾਂ ਡੇਂਗੂ ਬੁਖ਼ਾਰ ਦੇ ਲਾਏ ਟੀਕੇ ਦਾ ਸਾਈਡ ਇਫੈਕਟ ਹੋਣ ਕਰਕੇ ਉਹ ਤੁਰਨ-ਫਿਰਨ ਤੋਂ ਹੀ ਅਵਾਜ਼ਾਰ ਹੋ ਗਿਆ ਪਰ ਹੁਣ ਉਹ ਟੋਕੀਓ ਪੈਰਾਲੰਪਿਕ ’ਚ ਤਾਂਬੇ ਦਾ ਤਗਮਾ ਜਿੱਤਣ ਤੋਂ ਇਲਾਵ 13 ਤਮਗੇ ਆਪਣੀ ਝੋਲੀ ’ਚ ਪਾ ਚੁੱਕਾ ਹੈ। ਉਸ ਨੇ ਜਕਾਰਤਾ-2018 ਦੀਆਂ ਪੈਰਾ ਏਸ਼ਿਆਈ ਖੇਡਾਂ ’ਚ ਸੋਨੇ ਦਾ ਤਮਗਾ ਚੁੰਮਿਆ ਸੀ।

ਹਾਈ ਜੰਪਰ ਸ਼ਰਦ ਕੁਮਾਰ

ਬਿਹਾਰ ਦੇ ਜ਼ਿਲ੍ਹਾ ਮੁਜ਼ੱਫਰਪੁਰ ’ਚ 1 ਮਾਰਚ, 1992 ਨੂੰ ਜਨਮੇ ਸ਼ਰਦ ਕੁਮਾਰ ਨੇ ਰੀਓ-2016 ਪੈਰਾਲੰਪਿਕ ’ਚ 6ਵਾਂ ਰੈਂਕ ਹਾਸਲ ਕਰਨ ਤੋਂ ਬਾਅਦ ਟੋਕੀਓ ਪੈਰਾਲੰਪਿਕ ’ਚ ਤਾਂਬੇ ਦਾ ਤਗਮਾ ਜਿੱਤਣ ਸਦਕਾ ਇਤਿਹਾਸ ਸਿਰਜਿਆ ਹੈ। ਦੱਖਣੀ ਕੋਰੀਆ-2014 ਤੇ ਜਕਾਰਤਾ-2018 ਪੈਰਾ-ਏਸ਼ਿਆਈ ਖੇਡਾਂ ’ਚ ਲਗਾਤਾਰ ਦੋ ਸੋਨ ਤਮਗੇ ਜਿੱਤਣ ਵਾਲਾ ਇਹ ਖਿਡਾਰੀ ਆਈਪੀਸੀ ਵਰਲਡ ਚੈਂਪੀਅਨਸ਼ਿਪ ’ਚ ਵੀ ਚਾਂਦੀ ਦਾ ਤਮਗਾ ਜਿੱਤਣ ਦਾ ਕਰਿਸ਼ਮਾ ਕਰ ਚੁੱਕਾ ਹੈ।

ਸ਼ਟਲਰ ਮਨੋਜ ਸਰਕਾਰ

ਟੋਕੀਓ ਪੈਰਾਲੰਪਿਕ ’ਚ ਮਨੋਜ ਸਰਕਾਰ ਨੇ ਜਾਪਾਨ ਦੇ ਬੈਡਮਿੰਟਨ ਖਿਡਾਰੀ ਡਾਇਸੁਕੇ ਫੁਜੀਹਾਰਾ ਨੂੰ 22-20 ਤੇ 21-13 ਨਾਲ ਹਰਾ ਕੇ ਤਾਂਬੇ ਦੇ ਤਗਮਾ ’ਤੇ ਆਪਣੇ ਨਾਂ ਦੀ ਮੋਹਰ ਲਾਈ ਹੈ। ਏਸ਼ੀਅਨ ਚੈਂਪੀਅਨਸ਼ਿਪਸ ਬੀਜਿੰਗ-2016 ’ਚ ਸੋਨ ਤਮਗਾ ਚੁੰਮਣ ਵਾਲੇ ਇਸ ਖਿਡਾਰੀ ਨੂੰ 2018 ’ਚ ਅਰਜੁਨਾ ਐਵਾਰਡ ਨਾਲ ਨਿਵਾਜ਼ਿਆ ਗਿਆ।

ਜੈਵਲਿਨ ਥਰੋਅਰ ਸੁੰਦਰ ਸਿੰਘ ਗੁਰਜਰ

ਰਾਜਸਥਾਨ ਦੇ ਕਰੌਲੀ ’ਚ 1 ਜਨਵਰੀ, 1996 ਨੂੰ ਜਨਮੇ ਪੈਰਾ ਅਥਲੀਟ ਸੁੰਦਰ ਸਿੰਘ ਗੁਰਜ਼ਰ ਨੇ ਟੋਕੀਓ ਪੈਰਲੰਪਿਕ ’ਚ ਤਾਂਬੇ ਦਾ ਤਗਮਾ ਜਿੱਤਿਆ ਹੈ। ਟੋਕੀਓ ਪੈਰਾਲੰਪਿਕ ਤੋਂ ਪਹਿਲਾਂ ਉਸ ਨੇ ਜਕਾਰਤਾ-2018 ਦੀਆਂ ਪੈਰਾ-ਏਸ਼ਿਆਈ ਖੇਡਾਂ ’ਚ ਜੈਵਲਿਨ ’ਚ ਚਾਂਦੀ ਤੇ ਡਿਸਕਸ ਥਰੋਅ ’ਚ ਤਾਂਬੇ ਦਾ ਤਗਮਾ ਜਿੱਤਿਆ। ਲੰਡਨ-2017 ਆਈਪੀਸੀ ਆਲਮੀ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਣ ਵਾਲੇ ਇਸ ਖਿਡਾਰੀ ਨੂੰ ਮਹਾਵੀਰ ਪ੍ਰਸਾਦ ਸੈਣੀ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ।

- ਸੁਖਵਿੰਦਰਜੀਤ ਸਿੰਘ ਮਨੌਲੀ

Posted By: Harjinder Sodhi