ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਖੇਡ ਅਥਾਰਟੀ (ਸਾਈ) ਨੇ ਐਤਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਪੈਰਾ ਖਿਡਾਰੀ ਤੇ ਖੇਡਾਂ ਲਈ ਹੁਣ ਤਕ ਕੁਆਲੀਫਾਈ ਨਾ ਕਰ ਸਕਣ ਵਾਲੇ ਖਿਡਾਰੀਆਂ ਦੇ ਦੇਸ਼ ਭਰ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ (ਐੱਨਸੀਓਈ) 'ਚ ਪੰਜ ਅਕਤੂਬਰ ਤੋਂ ਪੜਾਅਵਾਰ ਤਰੀਕੇ ਨਾਲ ਖੇਡ ਸਰਗਰਮੀਆਂ ਮੁੜ ਤੋਂ ਸ਼ੁਰੂ ਕੀਤੀਆਂ ਜਾਣਗੀਆਂ।

ਸਾਈ ਨੇ ਜੂਨ ਦੀ ਸ਼ੁਰੂਆਤ ਵਿਚ ਪਹਿਲੇ ਗੇੜ ਵਿਚ ਆਪਣੇ ਵੱਖ ਵੱਖ ਕੇਂਦਰਾਂ ਵਿਚ ਸਿਰਫ਼ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਨੂੰ ਟ੍ਰੇਨਿੰਗ ਦੀ ਮਨਜ਼ੂਰੀ ਦਿੱਤੀ ਸੀ। ਆਪਣੀ ਖੇਲੋ ਇੰਡੀਆ ਮੁੜ ਤੋਂ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਸਾਈ ਨੇ ਪੈਰਾ ਐਥਲੈਟਿਕਸ, ਪੈਰਾ ਪਾਵਰਲਿਫਟਿੰਗ, ਪੈਰਾ ਨਿਸ਼ਾਨੇਬਾਜ਼ੀ ਤੇ ਪੈਰਾ ਤੀਰਅੰਦਾਜ਼ੀ ਤੋਂ ਇਲਾਵਾ ਨੌਂ ਖੇਡਾਂ ਵਿਚ ਸਰਗਰਮੀਆਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਵਿਚ ਸਾਈਕਲਿੰਗ, ਹਾਕੀ, ਵੇਟਲਿਫਟਿੰਗ, ਤੀਰਅੰਦਾਜ਼ੀ, ਕੁਸ਼ਤੀ, ਜੂਡੋ, ਐਥਲੈਟਿਕਸ, ਮੁੱਕੇਬਾਜ਼ੀ ਤੇ ਤਲਵਾਰਬਾਜ਼ੀ ਸ਼ਾਮਲ ਹੈ।

ਸਾਈ ਨੇ ਕਿਹਾ ਕਿ ਖਿਡਾਰੀਆਂ ਦੀ ਪੂਰੀ ਸੁਰੱਖਿਆ ਲਈ ਕੁਆਰੰਟਾਈਨ ਨਿਯਮਾਂ, ਸਾਈ ਦੀ ਮਾਨਕ ਸੰਚਾਲਨ ਪ੍ਰਕਿਰਿਆ ਤੇ ਸੂਬੇ ਦੀ ਕੋਵਿਡ ਮਾਨਕ ਸੰਚਾਲਨ ਪ੍ਰਕਿਰਿਆ 'ਤੇ ਅਮਲ ਤੋਂ ਇਲਾਵਾ ਫ਼ੈਸਲਾ ਕੀਤਾ ਗਿਆ ਹੈ ਕਿ ਖਿਡਾਰੀਆਂ ਨੂੰ ਸਮੂਹਾਂ ਵਿਚ ਖੇਡ ਸਰਗਰਮੀਆਂ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ ਫਿਰ ਉਹ ਚਾਹੇ ਇਕ ਹੀ ਖੇਡ ਨਾਲ ਜੁੜੇ ਹੋਣ। ਖੇਡਾਂ ਦੀ ਬਹਾਲੀ ਦੇ ਪਹਿਲੇ ਗੇੜ ਦੇ ਪੰਜ ਅਕਤੂਬਰ 2020 ਨੂੰ ਸ਼ੁਰੂ ਹੋਣ ਦੀ ਉਮੀਦ ਹੈ।

ਸੁਰੱਖਿਅਤ ਮਾਹੌਲ ਤਿਆਰ ਕਰਨ ਦਾ ਦਿੱਤਾ ਨਿਰਦੇਸ਼

ਸਾਈ ਨੇ ਐੱਨਸੀਓਈ ਵਿਚ ਟ੍ਰੇਨਿੰਗ ਕਰ ਰਹੇ ਖਿਡਾਰੀਆਂ ਵਿਚਾਲੇ ਇਨਫੈਕਸ਼ਨ ਦੀ ਸੰਭਾਵਨਾ ਨੂੰ ਰੋਕਣ ਲਈ ਆਪਣੇ ਖੇਤਰੀ ਕੇਂਦਰਾਂ ਨੂੰ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਾਈ ਨੇ ਕਿਹਾ ਕਿ ਇਸ ਲਈ ਫ਼ੈਸਲਾ ਕੀਤਾ ਗਿਆ ਹੈ ਕਿ ਖਿਡਾਰੀਆਂ ਦੀ ਟ੍ਰੇਨਿੰਗ ਨਾਲ ਜੁੜੇ ਕੋਚਾਂ, ਸਹਿਯੋਗੀ ਸਟਾਫ ਨੂੰ ਵੀ ਐੱਨਸੀਓਈ ਵਿਚ ਰੱਖਿਆ ਜਾਵੇਗਾ ਜਿਸ ਨਾਲ ਕਿ ਸਾਰੇ ਖਿਡਾਰੀਆਂ ਦੀ ਸੁਰੱਖਿਆ ਲਈ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਤਿਆਰ ਹੋ ਸਕੇ।