ਮੰਡਾਲੇ (ਮੀਆਂਮਾਰ) (ਏਜੰਸੀ) : ਭਾਰਤ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਐਤਵਾਰ ਨੂੰ ਇਥੇ 150 ਅੱਪ ਵੰਨਗੀ ਵਿਚ ਲਗਾਤਾਰ ਚੌਥੇ ਆਈਬੀਐੱਸਐੱਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਖ਼ਿਤਾਬ ਨਾਲ ਆਪਣੇ ਕਰੀਅਰ ਦਾ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ। ਬਿਲੀਅਰਡਸ ਦੀ ਛੋਟੀ ਵੰਨਗੀ ਵਿਚ ਇਹ 34 ਸਾਲ ਦੇ ਅਡਵਾਨੀ ਦਾ ਪਿਛਲੇ ਛੇ ਸਾਲ ਵਿਚ ਪੰਜਵਾਂ ਖ਼ਿਤਾਬ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਡਵਾਨੀ ਨੇ ਫਾਈਨਲ ਵਿਚ ਸਥਾਨਕ ਦਾਅਵੇਦਾਰ ਨੇਮ ਥੁਵਾਏ ਓ ਦੇ ਖਿਲਾਫ਼ 6-2 ਨਾਲ ਆਸਾਨੀ ਨਾਲ ਜਿੱਤ ਦਰਜ ਕੀਤੀ।

ਅਡਵਾਨੀ ਨੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 145, 89 ਅਤੇ 127 ਦੇ ਬ੍ਰੇਕ ਦੇ ਨਾਲ ਛੇਤੀ ਹੀ 3-0 ਦੀ ਬੜ੍ਹਤ ਬਣਾ ਲਈ। ਥੁਵਾਏ ਓ ਨੇ 63 ਅਤੇ 62 ਦੇ ਬ੍ਰੇਕ ਦੇ ਨਾਲ ਅਗਲਾ ਫ੍ਰੇਮ ਜਿੱਤਿਆ। ਅਡਵਾਨੀ ਨੇ ਇਸ ਤੋਂ ਬਾਅਦ 150 ਦੇ ਅਟੁੱਟ ਬ੍ਰੇਕ ਅਤੇ 74 ਦੇ ਬ੍ਰੇਕ ਦੇ ਨਾਲ ਆਸਾਨੀ ਨਾਲ ਮੁਕਾਬਲਾ ਜਿੱਤ ਲਿਆ, ਇਸ ਨਾਲ ਥੁਵਾਏ ਓ ਨੂੰ ਲਗਾਤਾਰ ਦੂਜੇ ਸਾਲ ਚਾਂਦੀ ਦੇ ਮੈਡਲ ਨਾਲ ਤਸੱਲੀ ਕਰਨੀ ਪਈ। ਬੈਂਗਲੁਰੂ ਦੇ ਅਡਵਾਨੀ ਤੋਂ ਜ਼ਿਆਦਾ ਵਿਸ਼ਵ ਕਿਊ ਖ਼ਿਤਾਬ ਕਿਸੇ ਖ਼ਿਡਾਰੀ ਨੇ ਨਹੀਂ ਜਿੱਤੇ।

ਅਡਵਾਨੀ ਨੇ ਕਿਹਾ, 'ਹਰੇਕ ਵਾਰ ਮੈਂ ਜਦ ਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਂਦਾ ਹਾਂ ਤਾਂ ਇਕ ਚੀਜ਼ ਸਪੱਸ਼ਟ ਹੁੰਦੀ ਹੈ, ਮੇਰੀ ਪ੍ਰਰੇਰਣਾ ਵਿਚ ਕੋਈ ਕਮੀ ਨਹੀਂ ਹੁੰਦੀ। ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਮੇਰੀ ਭੁੱਖ ਅਤੇ ਮੇਰੇ ਅੰਦਰ ਦੀ ਅੱਗ ਬਰਕਰਾਰ ਹੈ।' ਅਡਵਾਨੀ ਨੂੰ 24 ਘੰਟੇ ਦੇ ਅੰਦਰ ਸਨੂਕਰ ਵਿਚ ਲੈਅ ਹਾਸਲ ਕਰਨੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਆਈਬੀਐੱਸਐੱਫ ਵਿਸ਼ਵ 6 ਰੈੱਡ ਸਨੂਕਰ ਅਤੇ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਹੈ। ਭਾਰਤੀ ਖਿਡਾਰੀ ਨੇ 2014 ਤੋਂ ਬਾਅਦ ਬਿਲੀਅਰਡਸ, ਸਨੂਕਰ ਦੋਵਾਂ ਵਿਚ ਹੀ ਹਰ ਸਾਲ ਖ਼ਿਤਾਬ ਜਿੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਜਿੱਤ ਹੈ। ਲਗਾਤਾਰ ਚਾਰ ਸਾਲ ਤਕ ਖਿਤਾਬ ਜਿੱਤਣਾ ਅਤੇ ਪਿਛਲੇ ਛੇ ਫਾਈਨਲਾਂ ਵਿਚੋਂ ਪੰਜ ਵਾਰ ਖ਼ਿਤਾਬ ਆਪਣੇ ਨਾਮ ਕਰਨਾ ਮੇਰੇ ਲਈ ਇਹ ਇਕ ਬੇਹੱਦ ਖਾਸ ਉਪਲਬੱਧੀ ਹੈ।