ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਅਰਜੁਨ ਐਵਾਰਡੀ ਤੇ ਪਦਮਸ੍ਰੀ ਨਾਲ ਸਨਮਾਨਿਤ ਸਾਬਕਾ ਤੀਰਅੰਦਾਜ਼ ਲਿੰਬਾ ਰਾਮ ਸਰਕਾਰੀ ਹਸਪਤਾਲ ਵਿਚ ਆਪਣੇ ਇਲਾਜ ਲਈ ਦਿੱਲੀ 'ਚ ਠੋਕਰਾਂ ਖਾ ਰਿਹਾ ਹੈ। ਇਕ ਸਮਾਂ ਸੀ ਜਦ ਦੇਸ਼ ਵਿਚ ਤੀਰਅੰਦਾਜ਼ੀ ਦਾ ਮਤਲਬ ਲਿੰਬਾ ਰਾਮ ਹੋਇਆ ਕਰਦਾ ਸੀ। ਉਹ ਭਾਰਤੀ ਓਲੰਪਿਕ ਸੰਘ (ਆਈਓਏ), ਭਾਰਤੀ ਤੀਰਅੰਦਾਜ਼ੀ ਸੰਘ (ਏਏਆਈ), ਭਾਰਤੀ ਖੇਡ ਅਥਾਰਟੀ (ਸਾਈ), ਰਾਜਸਥਾਨ ਸਰਕਾਰ, ਕੇਂਦਰ ਸਰਕਾਰ ਕਿਸੇ ਦੀ ਵੀ ਬੁਰਾਈ ਨਹੀਂ ਕਰਦੇ। ਉਨ੍ਹਾਂ ਦੀ ਪਤਨੀ ਜੇਨੀ ਨੇ ਜਦ ਕੁਝ ਦੱਸਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਰੋਕ ਦਿੱਤਾ। ਹਾਲਾਂਕਿ ਉਨ੍ਹਾਂ ਦੀ ਪਤਨੀ ਜੇਨੀ ਨੇ ਵੱਖ ਹੋ ਕੇ ਗੱਲ ਕੀਤੀ ਤੇ ਕਿਹਾ ਕਿ ਡਾਕਟਰ ਕਹਿ ਰਹੇ ਹਨ ਕਿ ਉਨ੍ਹਾਂ ਦੇ ਦਿਮਾਗ਼ ਦੇ ਸੱਜੇ ਹਿੱਸੇ ਵਿਚ ਕੁਝ ਪਰੇਸ਼ਾਨੀ ਹੈ। ਇਸ ਤੋਂ ਇਲਾਵਾ ਐੱਲ-3, 4, 5 ਤੇ ਮੋਰੋ ਸਰਵਾਈਕਲ ਵੀ ਉਨ੍ਹਾਂ ਨੂੰ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਹਨ। 2000 ਤੋਂ 2004 ਤਕ ਵੀ ਉਹ ਬਹੁਤ ਬਿਮਾਰ ਸਨ।

ਲੰਡਨ 'ਚ ਵਧੀ ਬਿਮਾਰੀ

2012 ਵਿਚ ਲੰਡਨ ਓਲੰਪਿਕ ਵਿਚ ਉਹ ਟੀਮ ਨਾਲ ਕੋਚ ਵਜੋਂ ਗਏ ਸਨ। ਲੰਡਨ ਵਿਚ ਉਨ੍ਹਾਂ ਦੀ ਬਿਮਾਰੀ ਵਧ ਗਈ। ਉਨ੍ਹਾਂ ਨੇ 16 ਸਾਲ ਦੀ ਉਮਰ ਵਿਚ ਪਹਿਲੀ ਵਾਰ ਓਲੰਪਿਕ ਵਿਚ ਹਿੱਸਾ ਲਿਆ ਸੀ ਅੱਜ ਅਜਿਹਾ ਕੋਈ ਕਰਦਾ ਤਾਂ ਉਸ ਨੂੰ ਬਹੁਤ ਕੁਝ ਮਿਲ ਜਾਂਦਾ। 2015 ਵਿਚ ਲਿੰਬਾ ਨਾਲ ਵਿਆਹ ਕਰਨ ਵਾਲੀ ਜੇਨੀ ਨੇ ਕਿਹਾ ਕਿ 2017 ਵਿਚ ਉਨ੍ਹਾਂ ਨੂੰ ਸ਼ੂਗਰ ਤੇ ਬੀਪੀ ਦੀ ਬਿਮਾਰੀ ਹੋਈ ਤੇ 2018 ਵਿਚ ਉਨ੍ਹਾਂ ਦੀ ਸਥਿਤੀ ਬਹੁਤ ਗੰਭੀਰ ਹੋ ਗਈ।