ਨਵੀਂ ਦਿੱਲੀ (ਆਈਏਐੱਨਐੱਸ) : 18 ਵਾਰ ਦੇ ਡਬਲਜ਼ ਗਰੈਂਡ ਸਲੈਮ ਜੇਤੂ ਭਾਰਤ ਦੇ ਤਜਰਬੇਕਾਰ ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ 1996 ਦੇ ਅਟਲਾਂਟਾ ਵਿਚ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਉਹ ਓਲੰਪਿਕ ਵਿਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਟੈਨਿਸ ਖਿਡਾਰੀ ਬਣੇ ਸਨ। ਹਾਲਾਂਕਿ ਪੇਸ ਦਾ ਓਲੰਪਿਕ ਵਿਚ ਮੈਡਲ ਜਿੱਤਣ ਦਾ ਸੁਪਨਾ ਚਾਰ ਸਾਲ ਪਹਿਲਾਂ ਬਾਰਸਲੀਲੋਨਾ ਵਿਚ ਵੀ ਪੂਰਾ ਹੋ ਸਕਦਾ ਸੀ ਪਰ ਉਥੇ ਉਨ੍ਹਾਂ ਤੇ ਰਮੇਸ਼ ਕ੍ਰਿਸ਼ਣਨ ਦੀ ਮਰਦ ਡਬਲਜ਼ ਜੋੜੀ ਨੂੰ ਜਾਨ ਬਾਸਿਲ ਫਿਟਜਗੇਰਾਲਡ ਤੇ ਟਾਡ ਐਂਡਰਿਊ ਵੁਡਬਿ੍ਜ ਦੀ ਆਸਟ੍ਰੇਲਿਆਈ ਜੋੜੀ ਹੱਥੋਂ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੇਸ ਨੇ ਕਿਹਾ 1992 ਵਿਚ ਜਦ ਮੈਂ ਮੈਡਲ ਜਿੱਤਣ ਦੇ ਨੇੜੇ ਆਇਆ ਤੇ ਲਗਭਗ ਦੋ ਘੰਟੇ ਤੇ 45 ਮਿੰਟ ਤਕ ਚੱਲੇ ਕੁਆਰਟਰ ਫਾਈਨਲ ਮੈਚ ਨੂੰ ਹਾਰਨ ਤੋਂ ਬਾਅਦ ਮੈਂ ਕਈ ਘੰਟੇ ਬੈਂਚ 'ਤੇ ਹੀ ਬੈਠਾ ਰਿਹਾ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਮੈਂ ਸਿੰਗਲਜ਼ 'ਚ ਅਭਿਆਸ ਸ਼ੁਰੂ ਕੀਤਾ। ਪੇਸ ਨੇ ਆਖ਼ਰ 1996 ਓਲੰਪਿਕ ਵਿਚ ਬ੍ਰਾਜ਼ੀਲ ਦੇ ਫਰਨਾਂਡੋ ਮੇਲੀਗੇਨੀ ਨੂੰ ਮਾਤ ਦੇ ਕੇ ਕਾਂਸੇ ਦਾ ਮੈਡਲ ਜਿੱਤਿਆ।