ਨਵੀਂ ਦਿੱਲੀ (ਪੀਟੀਆਈ) : ਦੁਨੀਆ ਦੀ ਨੰਬਰ ਇਕ ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ ਵਲਾਰਿਵਾਨ ਨੇ ਐਤਵਾਰ ਨੂੰ ਸ਼ੇਖ਼ ਰਸੇਲ ਅੰਤਰਰਾਸ਼ਟਰੀ ਏਅਰ ਰਾਈਫਲ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ ਜਦਕਿ ਸ਼ਾਹੂ ਤੁਸ਼ਾਰ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ। ਇਸ ਚੈਂਪੀਅਨਸ਼ਿਪ ਨੂੰ ਬੰਗਲਾਦੇਸ਼ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਬੀਐੱਸਐੱਸਐੱਫ) ਨੇ ਆਨਲਾਈਨ ਕਰਵਾਇਆ। ਇਲਾਵੇਨਿਲ ਨੂੰ ਗੋਲਡ ਮੈਡਲ ਜਿੱਤਣ ਲਈ ਇਕ ਹਜ਼ਾਰ ਅਮਰੀਕੀ ਡਾਲਰ (ਲਗਭਗ 73500 ਰੁਪਏ) ਦੀ ਇਨਾਮੀ ਰਕਮ ਮਿਲੀ ਜਦਕਿ ਸ਼ਾਹੂ ਨੂੰ 700 ਡਾਲਰ (ਲਗਭਗ 51400 ਰੁਪਏ) ਦੀ ਇਨਾਮੀ ਰਕਮ ਮਿਲੀ। ਇਸ 60 ਸ਼ਾਟ ਦੀ ਚੈਂਪੀਅਨਸ਼ਿਪ ਵਿਚ ਛੇ ਦੇਸ਼ਾਂ ਦੇ ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਜਿਸ ਵਿਚ ਮੇਜ਼ਬਾਨ ਬੰਗਲਾਦੇਸ਼ ਤੇ ਭਾਰਤ ਤੋਂ ਇਲਾਵਾ ਜਾਪਾਨ, ਇੰਡੋਨੇਸ਼ੀਆ, ਕੋਰੀਆ ਤੇ ਭੂਟਾਨ ਦੇ ਨਿਸ਼ਾਨੇਬਾਜ਼ ਵੀ ਸ਼ਾਮਲ ਸਨ। ਮਹਿਲਾ ਵਰਗ ਵਿਚ ਇਲਾਵੇਨਿਲ ਨੇ 627.5 ਅੰਕਾਂ ਨਾਲ ਖ਼ਿਤਾਬ ਜਿੱਤਿਆ। ਮਰਦ ਵਰਗ ਵਿਚ ਭਾਰਤ ਦੇ ਸ਼ਾਹੂ ਮਾਨੇ ਨੇ 623.8 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ।