ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਟੋਕੀਓ ਓਲੰਪਿਕ ਇਕ ਸਾਲ ਲਈ ਮੁਲਤਵੀ ਹੋ ਗਿਆ ਹੈ। ਹੁਣ ਇਹ ਅਗਲੇ ਸਾਲ ਜਾਪਾਨ 'ਚ ਜੂਨ, ਜੁਲਾਈ ਜਾਂ ਅਗਸਤ ਵਿਚ ਹੋ ਸਕਦਾ ਹੈ। ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੀ ਦੁਨੀਆ ਲਈ ਓਲੰਪਿਕ ਦਾ ਇਕ ਸਾਲ ਟਲ਼ਣਾ ਚੰਗੀ ਖ਼ਬਰ ਹੈ, ਉਥੇ ਸੰਨਿਆਸ ਦੇ ਦਰਵਾਜ਼ੇ 'ਤੇ ਖੜ੍ਹੇ ਦਿੱਗਜਾਂ ਲਈ ਇਹ 365 ਦਿਨ ਬਹੁਤ ਭਾਰੀ ਪੈ ਸਕਦੇ ਹਨ। ਇਨ੍ਹਾਂ ਵਿਚੋਂ ਕੁਝ ਅਜਿਹੇ ਖਿਡਾਰੀ ਸਨ ਜਿਹੜੇ ਇਹ 2020 ਓਲੰਪਿਕ ਖੇਡਣ ਤੋਂ ਬਾਅਦ ਇਸ ਸਾਲ ਸੰਨਿਆਸ ਦਾ ਐਲਾਨ ਕਰ ਸਕਦੇ ਸਨ ਪਰ ਉਨ੍ਹਾਂ ਨੂੰ ਹੁਣ ਇਕ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ।

ਰੋਜਰ ਫੈਡਰਰ : 20 ਵਾਰ ਦੇ ਗ੍ਰੈਂਡਸਲੈਮ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਅਗਸਤ 2021 ਤਕ 40 ਸਾਲ ਦੇ ਹੋ ਜਾਣਗੇ। ਫੈਡਰਰ ਨੇ 2008 ਬੀਜਿੰਗ ਓਲੰਪਿਕ ਵਿਚ ਪੁਰਸ਼ ਡਬਲਜ਼ ਵਿਚ ਸਟੇਨ ਵਾਵਰਿੰਕਾ ਨਾਲ ਗੋਲਡ ਮੈਡਲ ਜਿੱਤਿਆਸੀ। ਉਥੇ ਸਿੰਗਲਸ ਵਿਚ ਉਹ ਕੁਆਰਟਰ ਫਾਈਨਲ ਵਿਚ ਪੁੱਜੇ ਸਨ। 2012 ਲੰਡਨ ਓਲੰਪਿਕ ਵਿਚ ਫੈਡਰਰ ਨੇ ਸਿਲਵਰ ਮੈਡਲ ਜਿੱਤਿਆ ਸੀ। ਉਥੇ 2016 ਰਿਓ ਓਲੰਪਿਕ ਖੇਡਾਂ ਵਿਚ ਉਹ ਸੱਟ ਕਾਰਨ ਨਹੀਂ ਖੇਡੇ ਸਨ। 2000 ਸਿਡਨੀ ਓਲੰਪਿਕ ਵਿਚ ਉਹ ਸਿੰਗਲਸ ਦੇ ਸੈਮੀਫਾਈਨਲ ਵਿਚ ਪੁੱਜੇ ਪਰ ਆਸਟ੍ਰੇਲੀਆ ਵਿਚ ਹੋਏ ਇਹ ਓਲੰਪਿਕ ਉਨ੍ਹਾਂ ਲਈ ਯਾਦਗਾਰ ਬਣ ਗਏ, ਕਿਉਂਕਿ ਉਨ੍ਹਾਂ ਦੀ ਪਤਨੀ ਮਿਰਕਾ ਵਾਵਰਿਨੇਕ ਨਾਲ ਉਨ੍ਹਾਂ ਦੀ ਇੱਥੇ ਹੀ ਮੁਲਾਕਾਤ ਹੋਈ ਸੀ। ਏਥਨਸ ਵਿਚ 2004 ਅਤੇ ਬੀਜਿੰਗ ਵਿਚ 2008 ਵਿਚ ਸਵਿਟਜ਼ਰਲੈਂਡ ਦੇ ਝੰਡਾ ਬਰਦਾਰ ਰਹੇ ਫੈਡਰਰ ਨੇ ਕਿਹਾ ਵੀ ਹੈ ਕਿ ਸਿਡਨੀ 2000 ਓਲੰਪਿਕ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਬਿਹਤਰੀਨ ਓਲੰਪਿਕ ਰਿਹਾ।

ਸੇਰੇਨਾ ਵਿਲੀਅਮਸ : ਅਮਰੀਕਾ ਦੀ ਸਰਬੋਤਮ ਮਹਿਲਾ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਸ ਸਤੰਬਰ ਵਿਚ 40 ਸਾਲ ਦੀ ਹੋ ਜਾਵੇਗੀ। ਅਜਿਹੇ ਵਿਚ ਉਨ੍ਹਾਂ ਦੀ ਟੋਕੀਓ ਓਲੰਪਿਕ ਵਿਚ ਖੇਡਣ ਦੀ ਚਾਹ ਫੈਡਰਰ ਤੋਂ ਘੱਟ ਨਹੀਂ ਹੈ। ਵਿਲੀਅਮਸ ਨੇ ਹੁਣ ਤਕ ਚਾਰ ਓਲੰਪਿਕ ਗੋਲਡ ਮੈਡਲ ਜਿੱਤੇ ਹਨ। ਸਿੰਗਲਸ ਵਿਚ ਜਿੱਥੇ ਉਨ੍ਹਾਂ 2012 ਵਿਚ ਗੋਲਡ ਮੈਡਲ ਜਿੱਤਿਆ ਤਾਂ ਉਥੇ ਭੈਣ ਵੀਨਸ ਨਾਲ ਉਨ੍ਹਾਂ 2000, 2008 ਅਤੇ 2012 ਵਿਚ ਮਹਿਲਾ ਡਬਲਸ ਵਿਚ ਗੋਲਡ ਮੈਡਲ ਜਿੱਤੇ। ਹਾਲਾਂਕਿ, ਦੋਵੇਂ ਭੈਣਾਂ 2016 ਰਿਓ ਓਲੰਪਿਕ ਦੇ ਪਹਿਲੇ ਹੀ ਦੌਰ ਤੋਂ ਬਾਹਰ ਹੋ ਗਈਆਂ ਸਨ। ਉਥੇ ਸੇਰੇਨਾ ਵੀ ਸਿੰਗਲਸ ਵਿਚ ਤੀਜੇ ਦੌਰ ਵਿਚ ਐਲੀਨਾ ਸਵਿਤੋਲਿਨਾ ਤੋਂ ਹਾਰ ਕੇ ਬਾਹਰ ਹੋ ਗਈ ਸੀ।

ਟਾਈਗਰ ਵੁਡਸ : ਅਮਰੀਕਾ ਦੇ ਦਿੱਗਜ ਗੋਲਫਰ ਟਾਈਗਰ ਵੁਡਸ ਅਗਲੇ ਸਾਲ ਦਸੰਬਰ ਵਿਚ 46 ਸਾਲਾਂ ਦੇ ਹੋ ਜਾਣਗੇ। ਹਾਲਾਂਕਿ, ਉਨ੍ਹਾਂ ਲਈ 2020 ਓਲੰਪਿਕ ਟੀਮ ਵਿਚ ਥਾਂ ਬਣਾਉਣਾ ਮੁਸ਼ਕਲ ਹੈ। ਉਹ ਮੌਜੂਦਾ ਸਮੇਂ ਵਿਚ ਅਮਰੀਕਾ ਦੇ ਛੇਵੀਂ ਰੈਂਕ ਦੇ ਖਿਡਾਰੀ ਹਨ ਅਤੇ ਅਮਰੀਕਾ ਦੀ ਓਲੰਪਿਕ ਟੀਮ ਵਿਚ ਥਾਂ ਬਣਾਉਣ ਲਈ ਸਿਖਰਲੇ ਚਾਰ ਵਿਚ ਸ਼ਾਮਲ ਹੋਣਾ ਬੇਹੱਦ ਜ਼ਰੂਰੀ ਹੈ। 15 ਮੇਜਰ ਟੂਰਨਾਮੈਂਟ ਜਿੱਤ ਚੁੱਕੇ ਵੁਡਸ ਫਿਲਹਾਲ ਲੱਕ ਦੀ ਸੱਟ ਤੋਂ ਵਾਪਸੀ ਤੋਂ ਬਾਅਦ ਫਾਰਮ ਵਿਚ ਪਰਤਣ ਲਈ ਜੂਝ ਰਹੇ ਹਨ। ਅਜਿਹੇ ਵਿਚ 2021 ਵਿਚ ਓਲੰਪਿਕ ਦੇ ਮੁਲਤਵੀ ਹੋਣ ਤੋਂ ਬਾਅਦ ਵੁਡਸ ਦੀ ਓਲੰਪਿਕ ਗੋਲਡ ਮੈਡਲ ਦੀ ਉਮੀਦ ਨੂੰ ਬਲ ਜ਼ਰੂਰ ਮਿਲਿਆ ਹੋਵੇਗਾ। ਪ੍ਰਬੰਧਕ ਵੀ ਚਾਹੁਣਗੇ ਕਿ ਉਹ ਓਲੰਪਿਕ ਵਿਚ ਖੇਡਣ, ਕਿਉਂਕਿ ਸੱਟ ਕਾਰਨ ਉਹ ਰਿਓ ਓਲੰਪਿਕ ਵਿਚ ਨਹੀਂ ਖੇਡ ਸਕੇ ਸਨ।

ਐਲੀਸਨ ਫੈਲਿਕਸ : ਐਲੀਸਨ ਫੈਲਿਕਸ ਦੇ ਨਾਂ ਮਹਿਲਾ ਟ੍ਰੈਕ ਐਂਡ ਫੀਲਡ ਵਿਚ ਰਿਕਾਰਡ ਛੇ ਓਲੰਪਿਕ ਗੋਲਡ ਮੈਡਲ ਹਨ। ਫੈਲਿਕਸ ਟੋਕੀਓ ਓਲੰਪਿਕ ਵਿਚ ਸ਼ਾਨਦਾਰ ਵਿਦਾਈ ਲਈ ਪਿਛਲੇ ਦੋ ਸਾਲ ਤੋਂ ਤਿਆਰੀ ਕਰ ਰਹੀ ਹੈ। ਇਸ ਸਾਲ ਦੇ ਅੰਤ ਤਕ ਫੈਲਿਕਸ 35 ਸਾਲ ਦੀ ਹੋ ਜਾਵੇਗੀ। ਇਸੇ ਨਾਲ ਉਹ ਓਲੰਪਿਕ ਵਿਚ ਹਿੱਸਾ ਲੈ ਕੇ ਲਗਾਤਾਰ ਪੰਜ ਓਲੰਪਿਕ ਮੈਡਲ ਜਿੱਤਣ ਦਾ ਵੀ ਸੁਪਨਾ ਪੂਰਾ ਕਰਨਾ ਚਾਹੇਗੀ। ਅਮਰੀਕਾ ਦੀ ਸਟਾਰ ਦੌੜਾਕ ਦੁਨੀਆ ਦੀ ਸਭ ਤੋਂ ਜ਼ਿਆਦਾ ਉਮਰ ਵਿਚ ਮੈਡਲ ਜਿੱਤਣ ਵਾਲੀ ਮਹਿਲਾ ਦੌੜਾਕ ਨਹੀਂ ਬਣ ਸਕਦੀ ਹੈ, ਕਿਉਂਕਿ ਇਹ ਰਿਕਾਰਡ ਸਿਡਨੀ ਓਲੰਪਿਕ ਵਿਚ ਜਮਾਇਕਾ ਦੀ ਮਰਲੇਨ ਓਟੇ ਨੇ ਚਾਰ ਗੁਣਾ 400 ਮੀਟਰ ਰਿਲੇਅ ਵਿਚ 40 ਸਾਲ ਦੀ ਉਮਰ ਵਿਚ ਕਾਂਸੇ ਮੈਡਲ ਜਿੱਤਿਆ ਸੀ।

ਜਸਟਿਨ ਗੈਟਲਿਨ : ਅਮਰੀਕਾ ਦੇ ਜਸਟਿਨ ਗੈਟਲਿਨ ਨੇ ਲਗਾਤਾਰ ਚਾਰ ਵਾਰ ਓਲੰਪਿਕ ਵਿਚ ਹਿੱਸਾ ਲੈ ਕੇ 2020 ਵਿਚ 38 ਸਾਲ ਦੀ ਉਮਰ ਵਿਚ ਸੰਨਿਆਸ ਲੈਣ ਦਾ ਮਨ ਬਣਾਇਆ ਸੀ। ਹਾਲਾਂਕਿ, ਅਮਰੀਕਾ ਦੇ ਵਿਵਾਦਤ ਖਿਡਾਰੀ ਹੁਣ ਟੋਕੀਓ ਖੇਡਾਂ ਟਲ਼ ਜਾਣ ਤੋਂ ਬਾਅਦ ਅਗਲੇ ਸਾਲ ਸੰਨਿਆਸ ਲੈਣ ਦੀ ਰਣਨੀਤੀ ਬਣਾ ਰਹੇ ਹਨ। ਗੈਟਲਿਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਸਮਾਂ ਮੇਰੇ ਖ਼ਿਲਾਫ਼ ਜਾਂ ਬਜ਼ੁਰਗ ਖਿਡਾਰੀਆਂ ਦੇ ਖ਼ਿਲਾਫ਼ ਹੋਵੇਗਾ ਅਤੇ ਇਹ ਸੱਚ ਤੋਂ ਕੋਹਾਂ ਦੂਰ ਹੈ। ਆਪਣੇ ਕਰੀਅਰ ਵਿਚ ਗੈਟਲਿਨ ਦੋ ਵਾਰ ਡਰੱਗਜ਼ ਲੈਣ ਦੇ ਚੱਕਰ ਵਿਚ ਮੁਲਤਵੀ ਹੋ ਚੁੱਕੇ ਹਨ। ਗੈਟਲਿਨ 2004 ਓਲੰਪਿਕ ਦੇ ਚੈਂਪੀਅਨ ਹਨ।

ਲਿਏਂਡਰ ਪੇਸ : ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਦੀ ਵੀ ਇਸ ਸਾਲ ਸੰਨਿਆਸ ਲੈਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਪੇਸ ਜੂਨ ਵਿਚ 47 ਸਾਲ ਦੇ ਹੋ ਜਾਣਗੇ। ਉਨ੍ਹਾਂ ਪਿਛਲੇ ਸਾਲ ਦੇ ਅੰਤ ਵਿਚ ਹੀ ਕਿਹਾ ਸੀ ਕਿ 2020 ਉਨ੍ਹਾਂ ਦੇ ਕਰੀਅਰ ਦਾ ਵਿਦਾਈ ਸਾਲ ਹੋਵੇਗਾ। 1992 ਬਾਰਸੀਲੋਨਾ ਓਲੰਪਿਕ ਵਿਚ ਖੇਡਣ ਤੋਂ ਬਾਅਦ ਰਿਓ ਓਲੰਪਿਕ ਵਿਚ ਉਨ੍ਹਾਂ ਦਾ ਸੱਤਵੀਂ ਵਾਰ ਪ੍ਰਤੀਭਾਗ ਸੀ। ਪੇਸ ਨੇ ਕਿਹਾ ਕਿ ਇਸ ਫ਼ੈਸਲੇ 'ਤੇ ਮੈਂ ਅਤੇ ਮੇਰੀ ਟੀਮ ਬਹੁਤ ਸੋਚ ਰਹੀ ਹੈ। ਮੇਰੇ ਪਿਤਾ ਮੈਨੂੰ ਲੰਬਾ ਖੇਡਣ ਲਈ ਪ੍ਰੇਰਿਤ ਕਰ ਰਹੇ ਹਨ। ਉਹ ਮੈਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਉਹ ਜਾਣਦੇ ਹਨ ਕਿ ਮੈਂ ਇਕ ਦਿਨ ਸੰਨਿਆਸ ਲਵਾਂਗਾ। 1996 ਅਟਲਾਂਟਾ ਓਲੰਪਿਕ ਵਿਚ ਪੇਸ ਨੇ ਪੁਰਸ਼ ਸਿੰਗਲਸ ਵਿਚ ਕਾਂਸੇ ਦਾ ਮੈਡਲ ਜਿੱਤਿਆ ਹੈ। ਪੇਸ ਨੇ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ 1991 ਵਿਚ ਕੀਤੀ ਸੀ ਅਤੇ ਉਨ੍ਹਾਂ ਹੁਣ ਤਕ 18 ਡਬਲਸ ਅਤੇ ਮਿਕਸਡ ਡਬਲਸ ਦੇ ਗ੍ਰੈਂਡਸਲੈਮ ਖ਼ਿਤਾਬ ਜਿੱਤੇ ਹਨ।

ਆਸਟ੍ਰੇਲੀਆ ਦੀ ਤੈਅ ਉਮਰ ਹੱਦ ਵਧਾਉਣ ਦੀ ਮੰਗ

ਸਿਡਨੀ : ਆਸਟ੍ਰੇਲੀਆ ਫੁੱਟਬਾਲ ਫੈਡਰੇਸ਼ਨ ਨੇ ਫੀਫਾ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਉਹ ਟੋਕੀਓ ਖੇਡਾਂ ਵਿਚ ਪੁਰਸ਼ ਟੂਰਨਾਮੈਂਟ ਵਿਚ ਤੈਅ ਉਮਰ ਹੱਦ ਵਧਾਏ। ਆਸਟ੍ਰੇਲੀਅਨ ਓਲੰਪਿਕ ਕਮੇਟੀ ਦੇ ਮੁਖੀ ਮੈਟ ਕੈਰੋਲ ਅਤੇ ਐੱਫਐੱਫਏ ਮੁਖੀ ਜੇਮਸ ਜੌਨਸਨ ਫੀਫਾ ਅਤੇ ਏਸ਼ੀਅਨ ਫੁੱਟਬਾਲ ਕੰਫੈਡਰੇਸ਼ਨ ਨਾਲ ਮਿਲ ਕੇ ਗੱਲਬਾਤ ਦੀ ਰਣਨੀਤੀ ਬਣਾ ਰਿਹਾ ਹੈ ਜਿਸ ਵਿਚ ਟੋਕੀਓ ਟੂਰਨਾਮੈਂਟ ਲਈ ਤੈਅ ਹੱਦ 23 ਤੋਂ ਵਧਾ ਕੇ 24 ਕਰਨ ਦੀ ਗੱਲ ਹੈ।