ਮੈਲਬੌਰਨ (ਏਪੀ) : ਸਰਬੀਆ ਦੇ ਨੋਵਾਕ ਜੋਕੋਵਿਕ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਗ਼ੈਰ ਦਰਜਾ ਹਾਸਲ ਅਮਰੀਕਾ ਦੇ ਟਾਮੀ ਪਾਲ ਨੂੰ 7-5, 6-1, 6-2 ਨਾਲ ਹਰਾ ਕੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਜੋਕੋਵਿਕ ਇਸ ਤਰ੍ਹਾਂ ਕਰੀਅਰ ਦੇ 22ਵੇਂ ਗਰੈਂਡ ਸਲੈਮ ਖ਼ਿਤਾਬ ਤੋਂ ਇਕ ਕਦਮ ਦੂਰ ਰਹਿ ਗਏ ਹਨ ਤੇ ਜੇ ਜੋਕੋਵਿਕ ਅਜਿਹਾ ਕਰਨ ਵਿਚ ਕਾਮਯਾਬ ਹੋਏ ਤਾਂ ਉਹ ਰਾਫੇਲ ਨਡਾਲ ਦੇ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਦੀ ਬਰਾਬਰੀ ਕਰ ਲੈਣਗੇ। ਸਰਬਿਆਈ ਖਿਡਾਰੀ ਦਾ ਖ਼ਿਤਾਬੀ ਮੈਚ ਵਿਚ ਸਾਹਮਣਾ ਗ੍ਰੀਸ ਦੇ ਸਟੇਫਨੋਸ ਸਿਤਸਿਪਾਸ ਨਾਲ ਹੋਵੇਗਾ। ਜੋਕੋਵਿਕ ਪਿਛਲੀ ਵਾਰ ਇੱਥੇ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੇ ਸਨ ਪਰ ਇਸ ਵਾਰ ਉਹ ਪੂਰੇ ਦਮ ਦੇ ਨਾਲ ਉਤਰੇ। ਸ਼ੁਰੂਆਤ ਵਿਚ ਜੋਕੋਵਿਕ ਹੈਮਸਟਿ੍ੰਗ ਸੱਟ ਨਾਲ ਪਰੇਸ਼ਾਨ ਰਹੇ ਪਰ ਉਨ੍ਹਾਂ ਨੇ ਇਸ ਨੂੰ ਅੱਗੇ ਵਧਣ ਦੇ ਰਾਹ ਵਿਚ ਨਹੀਂ ਆਉਣ ਦਿੱਤਾ। ਸੈਮੀਫਾਈਨਲ ਮੈਚ ਲਈ ਜੋਕੋਵਿਕ ਦੇ ਪਰਿਵਾਰ ਵਾਲੇ ਵੀ ਸ਼ਹਿਰ ਵਿਚ ਮੌਜੂਦ ਸਨ ਪਰ ਉਨ੍ਹਾਂ ਦੇ ਪਿਤਾ ਮੈਚ ਦੇਖਣ ਨਹੀਂ ਪੁੱਜੇ। ਜੋਕੋਵਿਕ ਤੇ ਸਿਤਸਿਪਾਸ ਵਿਚੋਂ ਜੋ ਵੀ ਐਤਵਾਰ ਨੂੰ ਹੋਣ ਵਾਲਾ ਫਾਈਨਲ ਮੈਚ ਜਿੱਤੇਗਾ ਉਹ ਏਟੀਪੀ ਰੈਂਕਿੰਗ ਵਿਚ ਸਿਖਰ 'ਤੇ ਪੁੱਜ ਜਾਵੇਗਾ। ਜੋਕੋਵਿਕ ਨੇ ਕਦੀ ਵੀ ਇੱਥੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਾ ਨਹੀਂ ਗੁਆਇਆ ਹੈ ਤੇ ਉਨ੍ਹਾਂ ਦਾ ਰਿਕਾਰਡ 19-0 ਹੈ। ਜੋਕੋਵਿਕ ਸਭ ਤੋਂ ਵੱਧ ਵਾਰ ਆਸਟ੍ਰੇਲੀਅਨ ਓਪਨ ਜਿੱਤਣ ਵਾਲੇ ਖਿਡਾਰੀ ਹਨ ਤੇ ਜੇ ਉਹ ਇੱਥੇ ਇਕ ਹੋਰ ਜਿੱਤ ਦਰਜ ਕਰ ਲੈਂਦੇ ਹਨ ਤਾਂ ਇਹ ਉਨ੍ਹਾਂ ਦੇ ਕਰੀਅਰ ਦਾ 10ਵਾਂ ਆਸਟ੍ਰੇਲੀਅਨ ਓਪਨ ਖ਼ਿਤਾਬ ਹੋਵੇਗਾ। ਜੋਕੋਵਿਕ ਦਾ ਸਿਤਸਿਪਾਸ ਖ਼ਿਲਾਫ਼ ਬਿਹਤਰ ਰਿਕਾਰਡ ਹੈ ਤੇ ਉਨ੍ਹਾਂ ਨੇ ਪਿਛਲੇ ਨੌਂ ਮੈਚ ਜਿੱਤੇ ਹਨ।
ਸਿਤਸਿਪਾਸ ਦਾ ਦੂਜਾ ਗਰੈਂਡ ਸਲੈਮ ਫਾਈਨਲ :
ਗ੍ਰੀਸ ਦੇ ਸਿਤਸਿਪਾਸ ਨੇ ਕਾਰੇਨ ਖਚਾਨੋਵ ਖ਼ਿਲਾਫ਼ ਤੀਜੇ ਸੈੱਟ ਵਿਚ ਦੋ ਮੈਚ ਪੁਆਇੰਟ ਗੁਆਉਣ ਦੇ ਬਾਵਜੂਦ ਚੰਗੀ ਵਾਪਸੀ ਕੀਤੀ ਤੇ 7-6 (2), 6-4, 6-7 (6), 6-3 ਨਾਲ ਜਿੱਤ ਦਰਜ ਕਰ ਕੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਥਾਂ ਬਣਾਈ। ਉਹ ਆਪਣੇ ਕਰੀਅਰ ਵਿਚ ਦੂਜੀ ਵਾਰ ਕਿਸੇ ਗਰੈਂਡ ਸਲੈਮ ਦੇ ਖ਼ਿਤਾਬੀ ਮੁਕਾਬਲੇ ਵਿਚ ਪੁੱਜੇ ਹਨ।
ਰਿਬਾਕੀਨਾ ਦੇ ਸਾਹਮਣੇ ਸਬਾਲੇਂਕਾ ਦੀ ਚੁਣੌਤੀ
ਮੈਲਬੌਰਨ (ਏਪੀ) : ਕਜ਼ਾਕਿਸਤਾਨ ਦੀ ਏਲੀਨਾ ਰਿਬਾਕੀਨਾ ਤੇ ਬੇਲਾਰੂਸ ਦੀ ਅਰਿਨਾ ਸਬਾਲੇਂਕਾ ਵਿਚਾਲੇ ਸ਼ਨਿਚਰਵਾਰ ਨੂੰ ਮਹਿਲਾ ਸਿੰਗਲਜ਼ ਵਰਗ ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਸਬਾਲੇਂਕਾ ਦਾ ਚਾਹੇ ਕਿਸੇ ਗਰੈਂਡ ਸਲੈਮ ਦਾ ਇਹ ਪਹਿਲਾ ਖ਼ਿਤਾਬੀ ਮੁਕਾਬਲਾ ਹੈ ਪਰ ਉਹ ਵਿੰਬਲਡਨ ਚੈਂਪੀਅਨ ਰਿਬਾਕੀਨਾ ਦੇ ਸਾਹਮਣੇ ਸਖ਼ਤ ਚੁਣੌਤੀ ਪੇਸ਼ ਕਰਨ ਦਾ ਦਮ ਰੱਖਦੀ ਹੈ। ਇਸ ਟੂਰਨਾਮੈਂਟ ਵਿਚ ਰਿਬਾਕੀਨਾ ਤੇ ਸਬਾਲੇਂਕਾ ਦੋਵੇਂ ਹੀ ਮਜ਼ਬੂਤ ਖਿਖਡਾਰੀਆਂ ਦੇ ਰੂਪ ਵਿਚ ਉਤਰੀਆਂ ਸਨ ਤੇ ਦੋਵਾਂ ਨੇ ਹੀ ਆਪਣੀ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸਾਬਲੇਂਕਾ ਸਰਵਿਸ 'ਤੇ ਅੰਕ ਹਾਸਲ ਕਰਨ ਵਿਚ ਮਾਹਿਰ ਹੈ ਤੇ ਉਨ੍ਹਾਂ ਨੇ ਇਸ ਟੂਰਨਾਮੈਂਟ ਵਿਚ ਆਪਣੀ ਸਰਵਿਸ ਨਾਲ ਸਭ ਤੋਂ ਵੱਧ 89 ਫ਼ੀਸਦੀ ਅੰਕ ਹਾਸਲ ਕੀਤੇ ਹਨ। ਰਿਬਾਕੀਨਾ ਲਈ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਵਿੰਬਲਡਨ ਦਾ ਫਾਈਨਲ ਮੁਕਾਬਲਾ ਖੇਡਿਆ ਸੀ।