ਮੁੰਬਈ (ਪੀਟੀਆਈ) : ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਗੁਜਰਾਤ ਟਾਈਟਨਜ਼ ਸ਼ੁੱਕਰਵਾਰ ਨੂੰ ਇੱਥੇ ਆਈਪੀਐੱਲ ਮੈਚ ਵਿਚ ਪਹਿਲਾਂ ਹੀ ਦੌੜ ’ਚੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣੇ ਸਿਖਰਲੇ ਬੱਲੇਬਾਜ਼ਾਂ ਦੀਆਂ ਕਮੀਆਂ ਨੂੰ ਦੂਰ ਕਰ ਕੇ ਤੇ ਜਿੱਤ ਦੀ ਲੈਅ ਵਾਪਸ ਹਾਸਲ ਕਰ ਕੇ ਪਲੇਆਫ ਵਿਚ ਥਾਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ।

ਗੁਜਰਾਤ ਟਾਈਟਨਜ਼ ਨੂੰ ਪਿਛਲੇ ਮੈਚ ਵਿਚ ਪੰਜਾਬ ਕਿੰਗਜ਼ ਹੱਥੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਸ ਦੀ ਪੰਜ ਮੈਚਾਂ ਦੀ ਜਿੱਤ ਦੀ ਲੈਅ ਟੁੱਟ ਗਈ। ਹੁਣ ਤਕ ਪੂਰੇ ਟੂਰਨਾਮੈਂਟ ਦੌਰਾਨ ਬੱਲੇਬਾਜ਼ੀ ਵਿਭਾਗ ਵਿਚ ਨਿਰੰਤਰਤਾ ਦੀ ਘਾਟ ਦਿਖਾਈ ਦਿੱਤੀ ਹੈ ਖ਼ਾਸ ਕਰ ਕੇ ਸਿਖਰਲੇ ਬੱਲੇਬਾਜ਼ ਉਸ ਲਈ ਪਰੇਸ਼ਾਨੀ ਦਾ ਸਬੱਬ ਰਹੇ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਆਈਪੀਐੱਲ ਦੀ ਨਵੀਂ ਟੀਮ ਨੂੰ ਲੀਗ ਦੇ ਅੰਤ ਵੱਲ ਇਸ ਕਮੀ ਨੂੰ ਸੁਧਾਰਨਾ ਪਵੇਗਾ। ਹਾਰ ਦੇ ਬਾਵਜੂਦ ਗੁਜਰਾਤ 10 ਟੀਮਾਂ ਦੀ ਸੂਚੀ ਵਿਚ 10 ਮੈਚਾਂ ਵਿਚ 16 ਅੰਕ ਲੈ ਕੇ ਸਿਖਰ ’ਤੇ ਕਾਬਜ ਹੈ ਤੇ ਸ਼ੁੱਕਰਵਾਰ ਨੂੰ ਜਿੱਤ ਨਾਲ ਉਹ ਪਲੇਆਫ ਵਿਚ ਥਾਂ ਪੱਕੀ ਕਰਨ ਵਾਲੀ ਪਹਿਲੀ ਟੀਮ ਬਣ ਜਾਵੇਗੀ।

ਨੌਜਵਾਨ ਸ਼ੁਭਮਨ ਗਿੱਲ ਸਿਖਰਲੇ ਬੱਲੇਬਾਜ਼ਾਂ ਵਿਚ ਉਮੀਦਾਂ ’ਤੇ ਖ਼ਰਾ ਉਤਰਨ ਵਿਚ ਨਾਕਾਮ ਰਹੇ ਹਨ ਜਦਕਿ ਮੈਥਿਊ ਵੇਡ ਦੀ ਥਾਂ ਉਤਾਰੇ ਗਏ ਤਜਰਬੇਕਾਰ ਰਿੱਧੀਮਾਨ ਸਾਹਾ ਨੇ ਚੰਗੀ ਸ਼ੁਰੂਆਤ ਕੀਤੀ ਪਰ ਇਸ ਨੂੰ ਜਾਰੀ ਨਹੀਂ ਰੱਖ ਸਕੇ। ਟੀਮ ਦੇ ਲਈ ਹੁਣ ਤਕ ਕਮਜ਼ੋਰ ਕੜੀ ਰਹਿਣ ਵਾਲੇ ਬੀ ਸਾਈ ਸੁਦਰਸ਼ਨ ਨੇ ਪਿਛਲੇ ਮੈਚ ਵਿਚ 50 ਗੇਂਦਾਂ ਵਿਚ 65 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਬਚਾਇਆ ਜਿਸ ਵਿਚ ਹਰ ਕੋਈ ਨਾਕਾਮ ਰਿਹਾ ਸੀ। ਕਪਤਾਨ ਹਾਰਦਿਕ ਪਾਂਡਿਆ, ਡੇਵਿਡ ਮਿਲਰ, ਰਾਹੁਲ ਤੇਵਤੀਆ ਤੇ ਰਾਸ਼ਿਦ ਖ਼ਾਨ ਵੀ ਪੰਜਾਬ ਖ਼ਿਲਾਫ਼ ਨਹੀਂ ਚੱਲ ਸਕੇ। ਰਾਸ਼ਿਦ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਹੁਣ ਤਕ ਗੁਜਰਾਤ ਦੀ ਕਾਮਯਾਬੀ ਵਿਚ ਅਹਿਮ ਭੂਮਿਕਾ ਨਿਭਾਈ ਹੈ। ਹਾਰਦਿਕ ਗੁਜਰਾਤ ਦੀ ਬੱਲੇਬਾਜ਼ੀ ਆਧਾਰ ਰਹੇ ਹਨ ਜਿਨ੍ਹਾਂ ਨੇ ਟੀਮ ਵਿਚੋਂ ਸਭ ਤੋਂ ਵੱਧ 309 ਦੌੜਾਂ ਬਣਾਈਆਂ ਹਨ ਪਰ ਉਹ ਲਗਾਤਾਰ ਦੋ ਮੈਚਾਂ ਵਿਚ ਨਾਕਾਮ ਰਹੇ ਹਨ ਇਸ ਲਈ ਉਹ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਣਗੇ। ਮਿਲਰ ਤੇ ਛੱਕੇ ਲਾਉਣ ਵਿਚ ਮਾਹਿਰ ਤੇਵਤੀਆ ਤੇ ਰਾਸ਼ਿਦ ਵੀ ਨਾਕਾਮੀ ਤੋਂ ਬਾਅਦ ਖ਼ੁਦ ਨੂੰ ਸਾਬਤ ਕਰਨ ਲਈ ਬੇਕਰਾਰ ਹੋਣਗੇ। ਮੁਹੰਮਦ ਸ਼ਮੀ, ਲਾਕੀ ਫਰਗਿਊਸਨ, ਅਲਜਾਰੀ ਜੋਸਫ਼ ਤੇ ਰਾਸ਼ਿਦ ਦੀ ਮੌਜੂਦਗੀ ਨਾਲ ਗੁਜਰਾਤ ਟਾਈਟਨਜ਼ ਦੇ ਕੋਲ ਇਸ ਸਾਲ ਦੇ ਆਈਪੀਐੱਲ ਵਿਚ ਸਭ ਤੋਂ ਖ਼ਤਰਨਾਕ ਹਮਲਾ ਮੌਜੂਦ ਹੈ।

ਮੁੰਬਈ ਇੰਡੀਅਨਜ਼ ਨੇ ਗੁਆਏ ਹਨ ਨੌਂ ’ਚੋਂ ਅੱਠ ਮੁਕਾਬਲੇ


ਮੁੰਬਈ ਇੰਡੀਅਨਜ਼ ਦੀ ਗੱਲ ਕੀਤੀ ਜਾਵੇ ਤਾਂ ਉਹ ਸੂਚੀ ਵਿਚ ਆਖ਼ਰੀ ਸਥਾਨ ’ਤੇ ਹੈ ਤੇ ਲਗਾਤਾਰ ਅੱਠ ਹਾਰਾਂ ਤੋਂ ਬਾਅਦ ਪਹਿਲਾਂ ਹੀ ਪਲੇਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਹੈ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਰਾਜਸਥਾਨ ਰਾਇਲਜ਼ ’ਤੇ ਪੰਜ ਵਿਕਟਾਂ ਦੀ ਜਿੱਤ ਦਰਜ ਕਰ ਕੇ ਸੁੱਖ ਦਾ ਸਾਹ ਲਿਆ ਹੋਵੇਗਾ ਜੋ ਟੂਰਨਾਮੈਂਟ ਵਿਚ ਉਸ ਦੀ ਪਹਿਲੀ ਜਿੱਤ ਸੀ। ਸੂਰਿਆ ਕੁਮਾਰ ਯਾਦਵ ਬੱਲੇਬਾਜ਼ੀ ਵਿਭਾਗ ਵਿਚ ਮੁੰਬਈ ਦੇ ਸਟਾਰ ਰਹੇ ਹਨ ਵਰਨਾ ਬੱਲੇਬਾਜ਼ੀ ਇਕਾਈ ਵਿਚ ਇਕਜੁਟਤਾ ਦੀ ਘਾਟ ਦਿਖੀ ਹੈ। ਰੋਹਿਤ ਤੇ ਇਸ਼ਾਨ ਦੀ ਟੂਰਨਾਮੈਂਟ ਵਿਚ ਖ਼ਰਾਬ ਲੈਅ ਜਾਰੀ ਹੈ ਜਦਕਿ ਕਿਰੋਨ ਪੋਲਾਰਡ ਹੁਣ ਤਕ ਸੈਸ਼ਨ ਵਿਚ ਆਪਣੀ ਫਿਨਿਸ਼ਰ ਦੀ ਭੂਮਿਕਾ ਨਾਲ ਨਿਆਂ ਨਹੀਂ ਕਰ ਸਕੇ ਹਨ। ਗੇਂਦਬਾਜ਼ੀ ਵਿਭਾਗ ਵਿਚ ਮੁੰਬਈ ਦੀ ਟੀਮ ਆਪਣੇ ਸਰਬੋਤਮ ਦੇ ਨੇੜੇ ਨਹੀਂ ਦਿਖਾਈ ਦਿੱਤੀ। ਜਸਪ੍ਰੀਤ ਬੁਮਰਾਹ ਚਾਹੇ ਕਿਫ਼ਾਇਤੀ ਰਹੇ ਹਨ ਪਰ ਵਿਕਟਾਂ ਨਹੀਂ ਹਾਸਲ ਕਰ ਸਕੇ ਹਨ ਜੋ ਟੀਮ ਲਈ ਸਭ ਤੋਂ ਵੱਧ ਦੁੱਖ ਦੀ ਗੱਲ ਹੈ। ਡੇਨੀਅਲ ਸੈਮਜ਼ ਤੇ ਰਿਲੇ ਮੇਰੇਡਿਥ ਨੇ ਵਿਚ-ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਬੁਮਰਾਹ ਨੂੰ ਛੱਡ ਕੇ ਮੁੰਬਈ ਕੋਲ ਕੋਈ ਭਰੋਸੇਮੰਦ ਗੇਂਦਬਾਜ਼ ਨਹੀਂ ਹੈ ਪਰ ਹੁਣ ਮੁੰਬਈ ਬਚੇ ਹੋਏ ਮੈਚਾਂ ਵਿਚ ਦੂਜੀਆਂ ਟੀਮਾਂ ਦੇ ਸੀਕਮਰਨ ਵਿਗਾੜਨ ਦੀ ਕੋਸ਼ਿਸ਼ ਕਰੇਗੀ।

Posted By: Ramanjit Kaur