ਰਾਉਲ ਦੀ ਕਲਮ ਤੋਂ

ਇਹ ਵਿਸ਼ਵ ਕੱਪ ਹੁਣ ਤਕ ਸ਼ਾਨਦਾਰ ਰਿਹਾ ਹੈ। ਦਿਲ ਟੁੱਟਣਾ, ਵੱਡੀਆਂ ਟੀਮਾਂ ਦਾ ਜਲਦੀ ਬਾਹਰ ਹੋਣਾ, ਛੋਟੀਆਂ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ ਤੇ ਯਕੀਨੀ ਤੌਰ 'ਤੇ ਵੀਏਆਰ ਵਿਵਾਦ। ਜਾਪਾਨ ਦੀ ਸਪੇਨ 'ਤੇ ਹੈਰਾਨ ਕਰਨ ਵਾਲੀ ਜਿੱਤ ਤੇ ਜਰਮਨੀ ਦੇ ਬਾਹਰ ਹੋਣ ਨਾਲ ਇਹ ਟਰੈਂਡ ਜਾਰੀ ਰਿਹਾ। ਉਸੇ ਸ਼ਾਮ ਬੈਲਜੀਅਮ ਟੀਮ ਦਾ ਵੀ ਸਫ਼ਰ ਵਿਸ਼ਵ ਕੱਪ ਵਿਚ ਰੁਕ ਗਿਆ। ਇਸ ਨਾਲ ਇਕ ਚੀਜ਼ ਤਾਂ ਸਪੱਸ਼ਟ ਹੈ ਕਿ ਕੋਈ ਵੀ ਟੀਮ ਕਿਸੇ ਨੂੰ ਘੱਟ ਨਹੀਂ ਸਮਝ ਸਕਦੀ। ਤੁਸੀਂ ਵਿਸ਼ਵ ਕੱਪ ਮੈਚਾਂ ਵਿਚ ਅਜਿਹਾ ਨਹੀਂ ਕਰਦੇ ਹੋ ਪਰ ਹੁਣ ਹਰ ਕੋਈ ਇਕ ਦੂਜੇ ਤੋਂ ਚੌਕਸ ਰਹੇਗਾ। ਕੀ ਪਤਾ ਅੱਗੇ ਕੀ ਡਰਾਮਾ ਦੇਖਣ ਨੂੰ ਮਿਲੇ। ਬੇਸ਼ੱਕ ਇਹ ਫੁੱਟਬਾਲ ਮਹਾਕੁੰਭ ਦੇ ਸਭ ਤੋਂ ਦਿਲਚਸਪ ਐਡੀਸ਼ਨਾਂ ਵਿਚੋਂ ਇਕ ਰਿਹਾ ਹੈ।

ਸਪੇਨ ਖ਼ਿਲਾਫ਼ ਮੁਕਾਬਲੇ ਵਿਚ ਜਾਪਾਨੀਆਂ ਨੂੰ ਛੱਡ ਕੇ ਸ਼ਾਇਦ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਦੂਜੇ ਅੱਧ ਵਿਚ ਕੀ ਹੋਣ ਵਾਲਾ ਹੈ। ਵਿਰੋਧੀ ਟੀਮ ਨੂੰ ਸਨਮਾਨ ਦੇਣ ਦੇ ਬਾਵਜੂਦ ਸਪੇਨ ਦੀ ਟੀਮ ਪਹਿਲੇ ਅੱਧ ਵਿਚ ਆਸਾਨੀ ਨਾਲ ਹਾਵੀ ਹੋ ਗਈ। ਜਾਪਾਨੀ ਟੀਮ ਦੇ ਕੋਲ ਸ਼ਾਇਦ ਹੀ ਗੇਂਦ ਰਹੀ ਪਰ ਗਹਿਰਾਈ ਨਾਲ ਖੇਡਦੇ ਹੋਏ ਏਸ਼ਿਆਈ ਟੀਮ ਨੇ ਸਪੇਨ ਨੂੰ ਉਸ ਦਾ ਕੁਦਰਤੀ ਖੇਡ ਖੇਡਣ ਦਿੱਤਾ। ਜਿਵੇਂ ਕਿ ਉਮੀਦ ਸੀ ਕਿ ਲੁਇਸ ਐਨਰਿਕ ਦੀ ਟੀਮ ਨੇ ਛੋਟੇ-ਛੋਟੇ ਪਾਸ ਦਿੱਤੇ। ਮੈਦਾਨ 'ਤੇ ਸਾਰਿਆਂ ਦੀ ਭੂਮਿਕਾ ਤੈਅ ਸੀ। ਪਾਓ ਟੋਰੇਸ ਨੂੰ ਡਿਫੈਂਸ ਵਿਚ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਗਿਆ ਤੇ ਐਨਰਿਕ ਨੇ ਮਿਡਫੀਲਡ ਵਿਚ ਕੋਈ ਤਬਦੀਲੀ ਨਾ ਕਰਦੇ ਹੋਏ ਗਾਵੀ, ਬੁਸਕੇਟਸ ਤੇ ਪੈਡਰੀ ਨੂੰ ਉਤਾਰਿਆ। ਅਸਲ ਵਿਚ ਇਹ ਸਪੇਨ ਦੀ ਤਾਕਤ ਹੈ ਤੇ ਅਗਲੇ ਮੈਚਾਂ ਵਿਚ ਵੀ ਅਜਿਹਾ ਦੇਖਣ ਨੂੰ ਮਿਲੇਗਾ।

ਪਰ ਫੁੱਟਬਾਲ ਦੋ ਹਾਫ ਦਾ ਖੇਡ ਹੈ ਜਿਸ ਨੂੰ ਜਾਪਾਨੀਆਂ ਤੋਂ ਬਿਹਤਰ ਕੌਣ ਜਾਣਦਾ ਹੈ। ਜਰਮਨੀ ਖ਼ਿਲਾਫ਼ ਪਹਿਲੇ ਮੈਚ ਵਿਚ 0-1 ਨਾਲ ਪੱਛੜਦੇ ਹੋਏ ਦੂਜੇ ਅੱਧ ਵਿਚ ਉਨ੍ਹਾਂ ਨੇ ਦੋ ਗੋਲ ਕਰ ਕੇ ਯਾਦਗਾਰ ਜਿੱਤ ਦਰਜ ਕੀਤੀ। ਉਸੇ ਖ਼ਲੀਫ਼ਾ ਇੰਟਰਨੈਸ਼ਨਲ ਸਟੇਡੀਅਮ ਵਿਚ ਉਨ੍ਹਾਂ ਨੇ ਉਹੀ ਦੁਹਰਾਇਆ। ਪਿਛਲੇ ਮੁਕਾਬਲੇ ਵਾਂਗ ਤੇਜ਼ੀ ਤੇ ਚੰਗੀ ਕਿਸਮਤ ਦੇ ਨਾਲ ਸਪੇਨ ਨੂੰ 2-1 ਨਾਲ ਹੈਰਾਨ ਕਰ ਦਿੱਤਾ। ਦੂਜਾ ਅੱਧ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਰਿਤਸੁ ਡੋਆਨ ਦਾ ਪਹਿਲਾ ਗੋਲ ਸ਼ਾਨਦਾਰ ਸੀ। ਇਹ ਵੀ ਕਹਿਣਾ ਪਵੇਗਾ ਕਿ ਗੋਲਕੀਪਰ ਉਨਾਈ ਸਿਮੋਨ ਨੂੰ ਉਹ ਗੋਲ ਬਚਾਉਣਾ ਚਾਹੀਦਾ ਸੀ, ਫਿਰ ਵੀ ਇਹ ਸ਼ਾਨਦਾਰ ਕੋਸ਼ਿਸ਼ ਸੀ। ਦੂਜਾ ਗੋਲ ਅਸਲ ਵਿਚ ਗੋਲ ਨਹੀਂ ਸੀ ਕਿਉਂਕਿ ਗੇਂਦ ਮੈਦਾਨ 'ਤੇ ਆਉਣ ਤੋਂ ਪਹਿਲਾਂ ਹੀ ਬਾਈਲਾਨ ਨੂੰ ਪਾਰ ਕਰ ਚੁੱਕੀ ਸੀ। ਫੀਫਾ ਨੂੰ ਵੀਏਆਰ ਤਕਨੀਕ ਦਾ ਦੁਬਾਰਾ ਮੁਲਾਂਕਣ ਕਰਨਾ ਚਾਹੀਦਾ ਹੈ ਕਿਉਂਕਿ ਕਤਰ ਵਿਚ ਕਈ ਫ਼ੈਸਲੇ ਵਿਵਾਦਤ ਰਹੇ ਹਨ। ਇਸ ਤੋਂ ਬਾਅਦ ਜਾਪਾਨ ਦੇ ਖਿਡਾਰੀਆਂ ਦੀ ਰਣਨੀਤਕ ਯੋਗਤਾ ਦਿਖਾਈ ਦਿੱਤੀ। ਉਸ ਦੇ ਸਾਰੇ ਖਿਡਾਰੀ ਉਨ੍ਹਾਂ ਦੇ ਅੱਧ ਵਿਚ ਸਨ ਤੇ ਸਾਰਿਆਂ ਨੇ ਪਲਟਵਾਰ ਕਰਨ ਵਾਲੀ ਖੇਡ ਖੇਡੀ। ਹਾਲਾਂਕਿ ਤਦ ਵੀ ਗੇਂਦ 'ਤੇ ਜ਼ਿਆਦਾ ਸਮਾਂ ਸਪੇਨ ਦਾ ਹੀ ਕਬਜ਼ਾ ਰਿਹਾ ਤੇ ਕਈ ਮੌਕਿਆਂ 'ਤੇ ਉਸ ਦੇ ਖਿਡਾਰੀ ਜਾਪਾਨ ਦੀ ਤੀਜੀ ਰੱਖਿਆ ਕਤਾਰ ਤਕ ਪੁੱਜਣ ਵਿਚ ਵੀ ਕਾਮਯਾਬ ਰਹੇ ਪਰ ਉਹ ਗੋਲ ਨਹੀਂ ਕਰ ਸਕੇ। ਜਾਪਾਨ ਦੇ ਖਿਡਾਰੀਆਂ ਨੇ ਕੁਝ ਅਹਿਮ ਬਲਾਕ ਕਰ ਕੇ ਸਪੇਨ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।

ਮੈਂ ਵਿਸ਼ਵ ਕੱਪ ਵਿਚ ਹੁਣ ਵੀ ਸਪੇਨ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸਵੰਦ ਹਾਂ। ਅਲਵਾਰੋ ਮੋਰਾਤਾ ਨੇ ਲਗਾਤਾਰ ਤਿੰਨ ਮੈਚਾਂ ਵਿਚ ਗੋਲ ਕੀਤਾ। ਮਿਡਫੀਲਡ ਵਿਚ ਬੁਸਕੇਟਸ ਨੇ ਬਿਹਤਰੀਨ ਕੰਮ ਕੀਤਾ ਹੈ ਤੇ ਟੀਮ ਦਾ ਪਾਸਿੰਗ ਗੇਮ ਅਸਰਦਾਰ ਰਿਹਾ ਹੈ। ਤਿੰਨ ਮੈਚਾਂ ਵਿਚ ਸਪੇਨ ਨੇ ਦਬਦਬਾ ਬਣਾਈ ਰੱਖਿਆ। ਅਸਲ ਇਮਤਿਹਾਨ ਹੁਣ ਨਾਕਆਊਟ ਗੇੜ ਵਿਚ ਹੋਵੇਗਾ ਜਿੱਥੇ ਆਖ਼ਰੀ-16 ਵਿਚ ਉਸ ਦਾ ਸਾਹਮਣਾ ਮੋਰੱਕੋ ਨਾਲ ਹੋਵੇਗਾ। ਕਾਗਜ਼ਾਂ 'ਤੇ ਮੋਰੱਕੋ ਦੀ ਟੀਮ ਕ੍ਰੋਏਸ਼ੀਆ ਤੋਂ ਆਸਾਨ ਵਿਰੋਧੀ ਹੈ ਪਰ ਹੁਣ ਤਕ ਜੋ ਅਸੀਂ ਦੇਖਿਆ। ਉਸ ਨਾਲ ਕੋਈ ਵੀ ਕਿਸੇ ਟੀਮ ਨੂੰ ਮੈਚ ਤੋਂ ਪਹਿਲਾਂ ਜੇਤੂ ਨਹੀਂ ਕਹਿ ਸਕਦਾ।