ਲੁਸਾਨੇ (ਏਐੱਫਪੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਨੇ ਬੁੱਧਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ ਅਗਲੇ ਸਾਲ ਗਰਮੀਆਂ 'ਚ ਹੋ ਸਕਦੇ ਹਨ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਖੇਡਾਂ ਦੇ ਪ੍ਰੋਗਰਾਮ ਨੂੰ ਬਣਾਉਣਾ ਮੁਸ਼ਕਲ ਹੋਵੇਗਾ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਤੇ ਬਾਕ ਨੇ ਮੰਗਲਵਾਰ ਨੂੰ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਨੂੰ ਅਗਲੇ ਸਾਲ ਲਈ ਮੁਲਤਵੀ ਕਰ ਦਿੱਤਾ ਸੀ। ਬਾਕ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਖੇਡਾਂ ਦੇ ਮੁਲਤਵੀ ਹੋਣ ਦਾ ਮਤਲਬ ਹੈ ਕਿ ਸਾਰੀਆਂ ਧਿਰਾਂ ਨੂੰ ਨੁਕਸਾਨ ਸਹਿਣਾ ਪਵੇਗਾ। ਆਈਓਸੀ ਦੀ ਭੂਮਿਕਾ ਖਿਡਾਰੀਆਂ ਦੇ ਓਲੰਪਿਕ ਸੁਪਨੇ ਸਾਕਾਰ ਕਰਨ ਦੀ ਹੈ। ਮੈਂ ਸ਼ੁਰੂ ਤੋਂ ਹੀ ਕਹਿੰਦਾ ਆਇਆ ਹਾਂ ਕਿ ਖੇਡਾਂ ਨੂੰ ਰੱਦ ਕਰਨ ਦੇ ਪੱਖ ਵਿਚ ਆਈਓਸੀ ਨਹੀਂ ਹੈ। ਨਵਾਂ ਪ੍ਰਰੋਗਰਾਮ ਬਣਾਉਣ ਲਈ 'ਹੇਅਰ ਵੀ ਗੋ' ਵਰਕਫੋਰਸ ਬਣਾਈ ਗਈ ਹੈ। ਸਭ ਤੋਂ ਪਹਿਲਾਂ ਦੇਖਣਾ ਪਵੇਗਾ ਕਿ ਕੀ ਬਦਲ ਹੈ। ਸਾਨੂੰ ਓਲੰਪਿਕ ਖੇਡਾਂ ਦੇ ਆਲੇ ਦੁਆਲੇ ਦੇ ਖੇਡ ਪ੍ਰਰੋਗਰਾਮ ਵੀ ਧਿਆਨ ਵਿਚ ਰੱਖਣੇ ਪੈਣਗੇ। ਓਲੰਪਿਕ ਗਰਮੀਆਂ ਵਿਚ ਕਰਵਾਏ ਜਾ ਸਕਦੇ ਹਨ ਪਰ ਸਾਡੇ ਕੋਲ ਸਾਰੇ ਬਦਲ ਖੁੱਲ੍ਹੇ ਹਨ। ਆਈਓਸੀ ਵੀਰਵਾਰ ਨੂੰ 33 ਅੰਤਰਰਾਸ਼ਟਰੀ ਮਹਾਸੰਘਾਂ ਨਾਲ ਕਾਨਫਰੰਸ ਕਾਲ ਰਾਹੀਂ ਗੱਲ ਕਰੇਗਾ।

ਖੇਡ ਪਿੰਡ ਨੂੰ ਲੈ ਕੇ ਨਵੀਂ ਦੁਚਿੱਤੀ :

ਟੋਕੀਓ ਬੇ ਦੇ ਸਾਹਮਣੇ ਬਣੇ ਸੈਂਕੜੇ ਆਲੀਸ਼ਾਨ ਅਪਾਰਟਮੈਂਟਾਂ ਵਿਚ ਜੁਲਾਈ ਅਗਸਤ ਵਿਚ ਬਹੁਤ ਰੌਣਕ ਲੱਗਣ ਵਾਲੀ ਸੀ ਪਰ ਹੁਣ ਓਲੰਪਿਕ ਮੁਲਤਵੀ ਹੋਣ ਨਾਲ ਪ੍ਰਬੰਧਕਾਂ ਦੇ ਸਾਹਮਣੇ ਨਵੀਂ ਦੁਚਿੱਤੀ ਪੈਦਾ ਹੋ ਗਈ ਹੈ ਕਿਉਂਕਿ ਖੇਡ ਪਿੰਡ ਦੇ ਇਹ ਮਹਿੰਗੇ ਅਪਾਰਟਮੈਂਟ ਪਹਿਲਾਂ ਹੀ ਵਿਕ ਚੁੱਕੇ ਹਨ। ਇਸ ਖੇਡ ਪਿੰਡ ਵਿਚ 11000 ਖਿਡਾਰੀਆਂ ਨੇ ਰਹਿਣਾ ਸੀ। ਸ਼ਹਿਰ ਦਾ ਸ਼ਾਨਦਾਰ ਨਜ਼ਾਰਾ ਦਿਖਾਉਂਦੇ ਇਨ੍ਹਾਂ ਅਪਾਰਟਮੈਂਟਾਂ ਵਿਚ ਕੁਝ ਫਲੈਟਾਂ ਦੀ ਕੀਮਤ 15 ਲੱਖ ਡਾਲਰ (ਲਗਭਗ 12 ਕਰੋੜ ਰੁਪਏ) ਤਕ ਹੈ। ਹੁਣ ਇਨ੍ਹਾਂ ਨੂੰ ਖਰੀਦਣ ਵਾਲਿਆਂ ਦੇ ਸਾਹਮਣੇ ਗ਼ੈਰ ਯਕੀਨੀ ਦੀ ਸਥਿਤੀ ਬਣ ਗਈ ਹੈ। ਟੋਕੀਓ ਪ੍ਰਰਾਪਰਟੀ ਸੈਂਟਰਲ ਦੇ ਡਾਇਰੈਕਟਰ ਜੋ ਵਾਰਡ ਨੇ ਕਿਹਾ ਹੈ ਕਿ ਖ਼ਰੀਦਦਾਰਾਂ ਨੂੰ ਇਸ ਨਾਲ ਜ਼ਿਆਦਾ ਅਸੂਹਲਤ ਹੋਵੇਗੀ। ਕਰਾਰ ਵਿਚ ਲਿਖਿਆ ਹੈ ਕਿ ਕੁਦਰਤੀ ਆਫ਼ਤ ਜਾਂ ਵੇਚਣ ਵਾਲੇ ਦੇ ਕੰਟਰੋਲ ਦੇ ਬਾਹਰ ਦੀਆਂ ਚੀਜ਼ਾਂ ਇਸ ਵਰਗ ਵਿਚ ਆਉਣਗੀਆਂ। ਭਾਅ ਡਿੱਗਣ ਨੂੰ ਲੈ ਕੇ ਵੀ ਚਿੰਤਾ ਹੈ। ਓਲੰਪਿਕ ਨੂੰ ਲੈ ਕੇ ਰੋਮਾਂਚ ਤੇ ਉਤਸ਼ਾਹ ਸਮਾਪਤ ਹੋਣ ਤੋਂ ਬਾਅਦ ਹਾਲਾਤ ਖ਼ਰਾਬ ਹੋ ਜਾਣਗੇ। ਅਜੇ ਤਾਂ ਕਰਾਰ ਰੱਦ ਹੋਣ ਦੀ ਵੀ ਚਿੰਤਾ ਹੈ।

ਕੋਰੋਨਾ ਦਾ ਅਸਰ

-ਸਪੈਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਸਟਾਰ ਫਾਰਵਰਡ ਲਿਓਨ ਮੈਸੀ ਤੇ ਮਾਨਚੈਸਟਰ ਸਿਟੀ ਦੇ ਮੈਨੇਜਰ ਪੇਪ ਗਾਰਡੀਓਲਾ ਨੇ 10 ਲੱਖ ਯੂਰੋ ਮਤਲਬ ਕਿ ਲਗਭਗ ਅੱਠ ਕਰੋੜ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

-ਸਵਿਟਜ਼ਰਲੈਂਡ ਦੇ ਟੈਨਿਸ ਖਿਡਾਰੀ ਰੋਜਰ ਫੈਡਰਰ 1.02 ਮਿਲੀਅਨ ਡਾਲਰ (ਲਗਭਗ ਸੱਤ ਕਰੋੜ 76 ਲੱਖ ਰੁਪਏ) ਦੀ ਮਦਦ ਕਰਨਗੇ।

-ਵਿਸ਼ਵ ਐਂਟੀ ਡੋਪਿੰਗ ਏਜੰਸੀ ਨੇ ਆਈਓਸੀ ਦੇ ਓਲੰਪਿਕ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ।

-ਜਰਮਨੀ ਦੀ ਫੁੱਟਬਾਲ ਲੀਗ ਬੁੰਡਿਸ਼ਲੀਗਾ 30 ਅਪ੍ਰਰੈਲ ਤਕ ਲਈ ਮੁਲਤਵੀ ਹੋਈ।

-ਟੋਕੀਓ ਓਲੰਪਿਕ ਦੇ ਟਲ਼ਣ ਨਾਲ ਪੈਰਿਸ ਓਲੰਪਿਕ 'ਤੇ ਕੋਈ ਸਰ ਨਹੀਂ ਪਵੇਗਾ।

-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਲੰਪਿਕ ਦੇ ਟਲ਼ਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

-ਉਦਘਾਟਨੀ ਸਮਾਗਮ ਦੇ 122 ਦਿਨ ਬਾਕੀ ਰਹਿਣ ਤੋਂ ਬਾਅਦ ਟੋਕੀਓ 'ਚ ਓਲੰਪਿਕ ਦੀ ਕਾਊਂਟਡਾਊਨ ਘੜੀ ਨੂੰ ਬੰਦ ਕਰ ਦਿੱਤਾ ਗਿਆ। ਪਹਿਲਾਂ ਇਹ ਖੇਡਾਂ 24 ਜੁਲਾਈ ਤੋਂ ਸ਼ੁਰੂ ਹੋਣੀਆਂ ਸਨ।

-ਸਰਬੀਆ ਦੇ ਦਿੱਗਜ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਕਿਹਾ ਹੈ ਕਿ ਖਿਡਾਰੀਆਂ ਦੀ ਸਿਹਤ ਨੂੰ ਦੇਖਦੇ ਹੋਏ ਓਲੰਪਿਕ ਨੂੰ ਮੁਲਤਵੀ ਕਰਨਾ ਸਹੀ ਫ਼ੈਸਲਾ ਹੈ।

-ਮਾਸਕੋ ਵਿਚ ਹੋਣ ਵਾਲੇ ਸ਼ਤਰੰਜ ਓਲੰਪੀਆਡ-2020 ਨੂੰ ਅਗਲੇ ਸਾਲ ਤਕ ਲਈ ਟਾਲ਼ ਦਿੱਤਾ ਗਿਆ ਹੈ।