ਪਹਿਲੀਆਂ ਓਲੰਪਿਕ ਖੇਡਾਂ 1896 ’ਚ ਏਥਨਜ਼ (ਯੂਨਾਨ) ਵਿਖੇ ਹੋਈਆਂ ਸਨ। ਇਹ ਖੇਡਾਂ ਸਿਰਫ ਓਲੰਪਿਕ ਖੇਡਾਂ ਨਾਲ ਪੁਕਾਰੀਆਂ ਜਾਂਦੀਆਂ ਹਨ ਪਰ ਅਸਲੀਅਤ ਵਿਚ ਜੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਤਾਂ ਇਹ ਨਵੀਨ ਓਲੰਪਿਕ ਖੇਡਾਂ ਹਨ। 1896 ’ਚ ਸ਼ੁਰੂ ਹੋਈਆਂ ਇਹ ਖੇਡਾਂ ਓਲੰਪਿਕ ਖੇਡਾਂ ਦਾ ਦੂਜਾ ਦੌਰ ਸੀ। ਇਸ ਤੋਂ ਪਹਿਲੇ ਦੌਰ ਨੂੰ ਪੁਰਾਤਨ ਓਲੰਪਿਕ ਖੇਡਾਂ ਵਜੋਂ ਜਾਣਿਆ ਜਾਂਦਾ ਹੈ ਜੋ 776 ਈਸਾ ਪੂਰਵ (ਬੀ.ਸੀ.) ਵਿਚ ਸ਼ੁਰੂ ਹੋਈਆਂ ਸਨ ਅਤੇ 394 ਈਸਵੀ (ਏ.ਡੀ.) ’ਚ ਬੰਦ ਹੋ ਗਈਆਂ ਸਨ। ਪੁਰਾਤਨ ਓਲੰਪਿਕ ਖੇਡਾਂ ਦੇ ਬੰਦ ਹੋਣ ਤੋਂ 1502 ਸਾਲਾਂ ਬਾਅਦ ਮੁਡ਼ ਇਹ ਖੇਡਾਂ ਸ਼ੁਰੂ ਹੋਈਆਂ ਸਨ। ਪੁਰਾਤਨ ਓਲੰਪਿਕ ਖੇਡਾਂ 776 ਬੀ.ਸੀ. ਤੋਂ 394 ਏ.ਡੀ. ਤੱਕ 1172 ਸਾਲ ਚੱਲੀਆਂ ਜਿਹਡ਼ੀਆਂ 293 ਵਾਰ ਕਰਵਾਈਆਂ ਗਈਆਂ ਅਤੇ ਹਰ ਚਾਰ ਸਾਲ ਬਾਅਦ ਖੇਡਾਂ ਹੁੰਦੀਆਂ।

ਪੁਰਾਤਨ ਓਲੰਪਿਕਸ ਦਾ ਇਤਿਹਾਸ

ਓਲੰਪਿਕ ਖੇਡਾਂ ਬਾਰੇ ਕਈ ਦੰਦ ਕਥਾਵਾਂ ਜੁਡ਼ੀਆਂ ਹੋਈਆਂ ਹਨ ਪਰ ਮੰਨੀ-ਪ੍ਰਮੰਨੀ ਮਿੱਥ ਅਨੁਸਾਰ ਪੁਰਾਤਨ ਓਲੰਪਿਕ ਖੇਡਾਂ ਦਾ ਮੁੱਢ 776 ਬੀ.ਸੀ. ’ਚ ਉਸ ਵੇਲੇ ਬੱਝਿਆ ਜਦੋਂ ਯੂਨਾਨ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ। ਇਹ ਰਾਜ ਆਪਸ ਵਿਚ ਲਡ਼ਦੇ ਰਹਿੰਦੇ ਸਨ ਅਤੇ ਇਨਂਾਂ ਲਡ਼ਾਈ-ਝਗਡ਼ਿਆਂ ਨੂੰ ਖਤਮ ਕਰਨ ਲਈ ਖੇਡਾਂ ਕਰਵਾਉਣੀਆਂ ਸ਼ੁਰੂ ਕੀਤੀਆਂ। ਖੇਡਾਂ ਜੀਸਸ ਦੇਵਤਾ ਦੇ ਸਨਮਾਨ ਵਿੱਚ ਸ਼ੁਰੂ ਹੋਈਆਂ। ਖੇਡਾਂ ਜ਼ਰੀਏ ਸ਼ਾਂਤੀ ਦਾ ਮਾਹੌਲ ਸਿਰਜਿਆ ਗਿਆ। ਇਸੇ ਕਾਰਨ ਖੇਡਾਂ ਹੁਣ ਤਕ ਸ਼ਾਂਤੀ/ਅਮਨ ਦੇ ਦੂਤ ਵਜੋਂ ਜਾਣੀਆਂ ਜਾਂਦੀਆਂ ਹਨ ਅਤੇ ‘ਸਪੋਰਟਸਮੈਨ ਸਪਿਰਟ’ ਸ਼ਬਦ ਇਸੇ ’ਚੋਂ ਨਿਕਲਿਆ ਹੈ। ਪਹਿਲੀ ਪੁਰਾਤਨ ਓਲੰਪਿਕਸ ਵਿੱਚ ਇਕੋ ਮੁਕਾਬਲਾ ਹੋਇਆ ਜੋ ਐਲਿਸ ਰਾਜ ਦੇ ਲਾਂਗਰੀ ਕੋਰੋਬੋਸ ਨੇ ਜਿੱਤਿਆ। ਹੌਲੀ ਹੌਲੀ ਇਨ੍ਹਂਾਂ ਖੇਡਾਂ ਵਿਚ ਕੁਸ਼ਤੀਆਂ ਤੇ ਰਥ ਦੌਡ਼ਾਂ ਸ਼ੁਰੂ ਹੋਈਆਂ। 394 ਏ.ਡੀ. ਵਿੱਚ ਯੂਨਾਨ ’ਤੇ ਕਾਬਜ਼ ਰੋਮਨ ਦੇ ਰਾਜਾ ਥਿਊਡੀਸੀਅਸ ਨੇ ਖੇਡਾਂ ਬੰਦ ਕਰਵਾ ਦਿੱਤੀਆਂ।

ਨਵੀਨ ਓਲੰਪਿਕਸ ਦੀ ਸ਼ੁਰੂਆਤ

ਪ੍ਰਾਚੀਨ ਓਲੰਪਿਕ ਖੇਡਾਂ ਬੰਦ ਹੋਣ ਤੋਂ ਬਾਅਦ 15 ਸਦੀਆਂ ਦੇ ਵਕਫੇ ਦੌਰਾਨ ਸਮੇਂ-ਸਮੇਂ ਵਿਚਾਰਾਂ ਹੁੰਦੀਆਂ ਰਹੀਆਂ ਕਿ ਇਹ ਖੇਡਾਂ ਮੁਡ਼ ਸ਼ੁਰੂ ਕਰਵਾਈਆਂ ਜਾਣ ਪਰ ਕਿਤੇ ਵੀ ਬੂਰ ਨਹੀਂ ਪਿਆ। ਆਖਰ ਇਨਂਾਂ ਖੇਡਾਂ ਨੂੰ ਕਰਵਾਉਣ ਲਈ ਫਰਾਂਸ ਸਰਕਾਰ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਬੈਰਲ ਪੀਅਰੇ ਡੀ ਕੂਬਰਤਿਨ ਨੂੰ ਜ਼ਿੰਮਾ ਸੌਂਪਿਆ। ਕੂਬਰਤਿਨ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਓਲੰਪਿਕ ਖੇਡਾਂ ਮੁਡ਼ ਸ਼ੁਰੂ ਕਰਵਾਉਣ ਲਈ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਹੋਈਆਂ। 1894 ’ਚ ਓਲੰਪਿਕ ਖੇਡਾਂ ਨੂੰ ਮੁਡ਼ ਕਰਵਾਉਣ ਦੀ ਯੋਜਨਾ ਪੱਕੇ ਪੈਰੀ ਹੋਈ ਅਤੇ ਨਵੀਨ ਓਲੰਪਿਕ ਖੇਡਾਂ ਦੇ ਨਾਂ ’ਤੇ ਪਹਿਲੀਆਂ ਖੇਡਾਂ 1896 ’ਚ ਏਥਨਜ਼ (ਯੂਨਾਨ) ਅਤੇ ਦੂਜੀਆਂ ਖੇਡਾਂ 1900 ’ਚ ਪੈਰਿਸ (ਫਰਾਂਸ) ਵਿਖੇ ਕਰਵਾਉਣ ਦਾ ਫੈਸਲਾ ਹੋਇਆ। ਹਾਲਾਂਕਿ ਇਨਂਾਂ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਲਈ ਫਰਾਂਸ ਪੱਬਾਂ ਭਾਰ ਸੀ ਪਰ ਖੇਡਾਂ ਦੀ ਰਵਾਇਤ ਅਤੇ ਮੁੱਢ ਯੂਨਾਨ ਨਾਲ ਜੁਡ਼ਿਆ ਹੋਣ ਕਰਕੇ ਪਹਿਲੀਆਂ ਓਲੰਪਿਕ ਖੇਡਾਂ ਏਥਨਜ਼ ਨੂੰ ਮਿਲੀਆਂ ਅਤੇ ਫਰਾਂਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਇਨਾਮ ਵਜੋਂ ਦੂਜੀਆਂ ਖੇਡਾਂ ਪੈਰਿਸ ਨੂੰ ਮਿਲੀਆਂ। ਇਸ ਤਰ੍ਹਂਾਂ ਨਵੀਨ ਓਲੰਪਿਕ ਖੇਡਾਂ ਦਾ ਮੁੱਢ ਬੱਝ ਗਿਆ ਅਤੇ ਇਹ ਹਰ ਚਾਰ ਸਾਲਾਂ ਦੇ ਵਕਫੇ ਬਾਅਦ ਕਰਵਾਉਣ ਦਾ ਸਮਾਂ ਮਿੱਥਿਆ ਗਿਆ। ਇਨ੍ਹਾਂ ਖੇਡਾਂ ਨੂੰ ਗਰਮ ਰੁੱਤ ਦੀਆਂ ਓਲੰਪਿਕ ਖੇਡਾਂ ਵੀ ਕਿਹਾ ਜਾਂਦਾ ਹੈ ਕਿਉਂਕਿ 1920 ਵਿੱਚ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਦੀ ਵੀ ਸ਼ੁਰੂਆਤ ਹੋਈ ਸੀ ਜੋ 1992 ਤੱਕ ਲੀਪ ਵਾਲੇ ਸਾਲ ਹੀ ਹੁੰਦੀਆਂ ਰਹੀਆਂ ਪਰ 1994 ਤੋਂ ਬਾਅਦ ਬਦਲਵੇਂ ਸਾਲ ਵਿੱਚ ਕਰਵਾਈਆਂ ਜਾਣ ਲੱਗੀਆਂ। ਇਨ੍ਹਾਂ ਖੇਡਾਂ ਵਿੱਚ ਸਿਰਫ ਬਰਫ ਉਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਆਦਿ ਹੀ ਸ਼ਾਮਲ ਹੁੰਦੀਆਂ ਜਿਨ੍ਹਾਂ ਵਿੱਚ ਸਿਰਫ ਉਨ੍ਹਾਂ ਮੁਲਕਾਂ ਦੇ ਹੀ ਖਿਡਾਰੀ ਹਿੱਸਾ ਲੈਂਦੇ ਹਨ ਜਿੱਥੇ ਬਰਫ ਪੈਂਦੀ ਹੈ।

ਓਲੰਪਿਕਸ ਦੇ ਮੇਜ਼ਬਾਨ ਸ਼ਹਿਰ

ਹੁਣ ਤੱਕ ਸਭ ਤੋਂ ਵੱਧ ਵਾਰ ਲੰਡਨ ਨੇ ਤਿੰਨ ਵਾਰ (1908, 1948 ਤੇ 2012) ਵਿੱਚ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਏਥਨਜ਼ (1896 ਤੇ 2004), ਪੈਰਿਸ (1900 ਤੇ 1924) ਨੇ ਲਾਸ ਏਂਜਲਸ (1932 ਤੇ 1984) ਨੇ ਦੋ-ਦੋ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਹੁਣ ਟੋਕੀਓ ਵੀ ਦੋ ਵਾਰ ਓਲੰਪਿਕ ਖੇਡਾਂ (1964 ਤੇ 2020) ਦੀ ਮੇਜ਼ਬਾਨੀ ਕਰਨ ਵਾਲਾ ਸ਼ਹਿਰ ਬਣ ਗਿਆ। 1956 ਵਿੱਚ ਮੈਲਬਰਨ ਓਲੰਪਿਕਸ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਆਸਟਰੇਲਿਆਈ ਮਹਾਂਦੀਪ ਦਾ ਮੁਲਕ ਬਣਿਆ ਸੀ। ਟੋਕੀਓ 1964 ਵਿੱਚ ਓਲੰਪਿਕਸ ਦੀ ਮੇਜ਼ਬਾਨੀ ਕਰਨ ਵਾਲਾ ਏਸ਼ੀਅਨ ਸ਼ਹਿਰ ਬਣਿਆ ਸੀ। ਏਸ਼ੀਆ ਦੇ ਦੋ ਹੋਰ ਸ਼ਹਿਰਾਂ ਸਿਓਲ (1988) ਤੇ ਬੀਜਿੰਗ (2008) ਨੇ ਮੇਜ਼ਬਾਨੀ ਕੀਤੀ ਹੈ। ਰੀਓ 2016 ਵਿੱਚ ਪਹਿਲਾ ਅਤੇ ਹੁਣ ਤੱਕ ਦਾ ਇਕਲੌਤਾ ਦੱਖਣੀ ਅਮਰੀਕੀ ਦੇਸ਼ ਬਣਿਆ ਜਿਸ ਨੇ ਓਲੰਪਿਕਸ ਦੀ ਮੇਜ਼ਬਾਨੀ ਕੀਤੀ ਹੋਵੇ। ਅਫਰੀਕੀ ਮਹਾਂਦੀਪ ਨੂੰ ਹਾਲੇ ਤੱਕ ਇਕ ਵਾਰ ਵੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਮੌਕਾ ਨਹੀਂ ਮਿਲਿਆ। 2024 ਦੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਪੈਰਿਸ ਤੇ 2028 ਦੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਾਸ ਏਂਜਲਸ ਨੂੰ ਮਿਲੀ ਹੈ ਅਤੇ ਉਹ ਵੀ ਤਿੰਨ-ਤਿੰਨ ਵਾਰ ਮੇਜ਼ਬਾਨੀ ਕਰਨ ਵਾਲੇ ਸ਼ਹਿਰ ਬਣ ਜਾਣਗੇ।

ਓਲੰਪਿਕ ਝੰਡਾ

ਸਫੈਦ ਰੰਗ ’ਤੇ ਪੰਜ ਵੱਖ-ਵੱਖ ਰੰਗਾਂ ਦੇ ਚੱਕਰਾਂ ਵਾਲਾ ਝੰਡਾ ਓਲੰਪਿਕ ਖੇਡਾਂ ਦੀ ਨਿਸ਼ਾਨੀ ਹੈ। ਇਹ ਝੰਡਾ ਦੇਖ ਕੇ ਆਪਣੇ ਆਪ ਓਲੰਪਿਕ ਖੇਡਾਂ ਯਾਦ ਆ ਜਾਂਦੀਆਂ ਹਨ। ਇਸ ਝੰਡੇ ਉਪਰ ਪੰਜ ਚੱਕਰ ਪੰਜ ਖਿੱਤਿਆਂ/ਮਹਾਂਦੀਪਾਂ ਦੇ ਪ੍ਰਤੀਕ ਹਨ। ਅਮਰੀਕਾ (ਉੱਤਰੀ ਤੇ ਦੱਖਣੀ ਅਮਰੀਕਾ), ਏਸ਼ੀਆ, ਯੂਰਪ, ਅਫਰੀਕਾ ਤੇ ਆਸਟਰੇਲੀਆ ਦੀ ਹਾਜ਼ਰੀ ਲਾਉਂਦੇ ਪੰਜ ਚੱਕਰਾਂ ’ਚੋਂ ਤਿੰਨ ਉਪਰ ਤੇ ਦੋ ਹੇਠਾਂ ਇਕ ਦੂਜੇ ਵਿਚਕਾਰੋਂ ਗੁਜ਼ਰਦੇ ਹਨ। ਉਪਰਲੇ ਤਿੰਨ ਚੱਕਰਾਂ ਦੇ ਰੰਗ ਨੀਲਾ, ਕਾਲਾ ਤੇ ਲਾਲ ਅਤੇ ਹੇਠਲੇ ਦੋ ਚੱਕਰਾਂ ਦੇ ਰੰਗ ਪੀਲਾ ਤੇ ਹਰਾ ਹੁੰਦੇ ਹਨ। ਓਲੰਪਿਕ ਖੇਡਾਂ ਦਾ ਝੰਡਾ ਪਹਿਲੀ ਵਾਰ 1920 ਵਿਚ ਐਂਟਵਰਪ (ਬੈਲਜੀਅਮ) ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਲਹਿਰਾਇਆ ਗਿਆ। ਉਦਘਾਟਨੀ ਸਮਾਰੋਹ ’ਤੇ ਲਹਿਰਾਇਆ ਜਾਣ ਵਾਲਾ ਝੰਡਾ ਸਮਾਪਤੀ ਸਮਾਰੋਹ ਮੌਕੇ ਉਤਾਰ ਕੇ ਅਗਲੀਆਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਮੁਲਕ ਦੀ ਓਲੰਪਿਕ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ।

ਖੇਡ ਭਾਵਨਾ ਦੀ ਸਹੁੰ ਚੁੱਕਣੀ

1920 ਦੀਆਂ ਐਂਟਵਰਮ ਖੇਡਾਂ ਦੌਰਾਨ ਹੀ ਸ਼ੁਰੂ ਹੋਈ ਸਹੁੰ ਚੁੱਕ ਰਸਮ ਉਦਘਾਟਨੀ ਸਮਾਰੋਹ ਮੌਕੇ ਨਿਭਾਈ ਜਾਂਦੀ ਹੈ। ਉਸ ਵੇਲੇ ਮੇਜ਼ਬਾਨ ਮੁਲਕ ਦਾ ਕੋਈ ਵੀ ਚੋਟੀ ਦਾ ਖਿਡਾਰੀ ਓਲੰਪਿਕ ਝੰਡੇ ਨੂੰ ਹੱਥ ’ਚ ਫਡ਼ ਕੇ ਪੂਰੇ ਮੁਲਕਾਂ ਦੇ ਸਮੂਹ ਖਿਡਾਰੀਆਂ ਵੱਲੋਂ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕਦਾ ਹੈ। ਪਹਿਲੀ ਵਾਰ ਸਹੁੰ ਚੁੱਕਣ ਦੀ ਰਸਮ ਬੈਲਜੀਅਮ ਦੇ ਵਿਕਟਰ ਬੋਇਨ ਨੇ ਨਿਭਾਈ ਸੀ।

ਸਹੁੰ ਦੇ ਸ਼ਬਦ

"We swear that we will take part in Olympics Games in a Spirit of Chivalry for the honour of our Country and for the glory of sport"

ਓਲੰਪਿਕ ਖੇਡਾਂ ਦੀ ਮਸ਼ਾਲ

ਓਲੰਪਿਕ ਖੇਡਾਂ ਵਿੱਚ ਮਸ਼ਾਲ ਜਲਾਉਣ ਦੀ ਸ਼ੁਰੂਆਤ 1936 ਦੀਆਂ ਬਰਲਿਨ ਓਲੰਪਿਕ ਖੇਡਾਂ ਤੋਂ ਸ਼ੁਰੂ ਹੋਈ। ਯੂਨਾਨ ਸਥਿਤ ਓਲੰਪੀਅਨ ਪਹਾਡ਼ੀ ਵਿਖੇ ਸ਼ੀਸ਼ੇ ਵਿੱਚ ਦੀ ਆਤਿਸ਼ੀ ਕਿਰਨਾਂ ਜ਼ਰੀਏ ਜਲਾਈ ਜਾਂਦੀ ਓਲੰਪਿਕ ਮਸ਼ਾਲ ਸਾਰੀ ਦੁਨੀਆਂ ਦਾ ਚੱਕਰ ਕੱਟਦੀ ਹੋਈ ਅੰਤ ਮੇਜ਼ਬਾਨ ਮੁਲਕ ਵਿੱਚ ਪਹੁੰਚਦੀ ਹੈ ਜਿੱਥੇ ਉਦਘਾਟਨੀ ਸਮਾਰੋਹ ਮੌਕੇ ਵੱਡੀ ਤੇ ਉਚੀ ਥਾਂ ਉਪਰ ਜਲਾ ਕੇ ਖੇਡਾਂ ਸ਼ੁਰੂ ਕਰਨ ਦੀ ਰਸਮੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਸਮਾਪਤੀ ਸਮਾਰੋਹ ਉਤੇ ਮਸ਼ਾਲ ਨੂੰ ਬੁਝਾ ਦਿੱਤਾ ਜਾਂਦਾ ਹੈ।

ਓਲੰਪਿਕ ਖੇਡਾਂ ’ਤੇ ਵਿਸ਼ਵ ਘਟਨਾਵਾਂ ਦਾ ਪਰਛਾਵਾਂ

1896 ’ਚ ਸ਼ੁਰੂ ਹੋਈਆਂ ਖੇਡਾਂ 125 ਸਾਲ ਦਾ ਸਫ਼ਰ ਤੈਅ ਕਰ ਕੇ 32ਵੀਆਂ ਓਲੰਪਿਕ ਖੇਡਾਂ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋ ਰਹੀਆਂ ਹਨ। ਖੇਡਾਂ ’ਚ ਹਿੱਸਾ ਲੈਣ ਵਾਲੇ ਮੁਲਕਾਂ, ਖਿਡਾਰੀਆਂ ਤੇ ਈਵੈਂਟਾਂ ਦੀ ਗਿਣਤੀ ਪੱਖੋਂ ਜਿਥੇ ਇਨਂਾਂ ਖੇਡਾਂ ਨੇ ਤਰੱਕੀ ਕੀਤੀ ਉਥੇ ਖੇਡਾਂ ’ਤੇ ਰਾਜਨੀਤੀ ਵੀ ਹਰ ਸਮੇਂ ਭਾਰੂ ਰਹੀ। ਵਿਸ਼ਵ ਅੰਦਰ ਵਾਪਰਦੀਆਂ ਰਾਜਸੀ ਘਟਨਾਵਾਂ ਦਾ ਸਭ ਤੋਂ ਵਧ ਅਸਰ ਇਨਂਾਂ ਖੇਡਾਂ ਉਪਰ ਹੋਇਆ। ਇਸੇ ਕਾਰਨ ਚਾਰ ਸਾਲਾਂ ਦੇ ਵਕਫੇ ਬਾਅਦ ਹੋਣ ਵਾਲੀਆਂ ਖੇਡਾਂ ’ਚ ਤਿੰਨ ਵਾਰ ਵਿਘਨ ਪਿਆ ਜਦੋਂ ਓਲੰਪਿਕ ਖੇਡਾਂ ਨਹੀਂ ਕਰਵਾਈਆਂ ਗਈਆਂ। ਪਹਿਲੀ ਵਾਰ 1916 ’ਚ ਓਲੰਪਿਕ ਖੇਡਾਂ ਦੇ ਰਾਹ ਵਿਚ ਅਡ਼ਿੱਕਾ ਆਇਆ ਜਦੋਂ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ। 1936 ਵਿੱਚ ਬਰਲਿਨ ਦੀਆਂ ਓਲੰਪਿਕ ਖੇਡਾਂ ਵਿੱਚ ਸਿਵਲ ਜੰਗ ਕਰਕੇ ਸਪੇਨ ਨੇ ਖੇਡਾਂ ਤੋਂ ਨਾਮ ਵਾਪਸ ਲਿਆ। 1940 ਤੇ 1944 ’ਚ ਦੋ ਵਾਰ ਇਨਂਾਂ ਖੇਡਾਂ ਦਾ ਮੁਕਾਬਲਾ ਰੁਕਿਆ ਜਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਖੇਡਾਂ ’ਤੇ ਵਿਸ਼ਵ ਦੇ ਵੱਡੇ ਤਾਕਤ ਮੁਲਕਾਂ ਅਮਰੀਕਾ, ਰੂਸ, ਜਰਮਨੀ ਦੀਆਂ ਨੀਤੀਆਂ ਦਾ ਵੀ ਅਸਰ ਹੋਇਆ। 1956 ਵਿੱਚ ਮੈਲਬਰਨ ਵਿਖੇ ਕੁਝ ਯੂਰੋਪੀਅਨ ਤੇ ਮੱਧ ਏਸ਼ਿਆਈ ਮੁਲਕਾਂ ਅਤੇ ਚੀਨ ਨੇ ਬਾਈਕਾਟ ਕੀਤਾ। 1964 ਵਿੱਚ ਟੋਕੀਓ ਵਿਖੇ ਚੀਨ, ਉਤਰੀ ਕੋਰੀਆ ਤੇ ਇੰਡੋਨੇਸ਼ੀਆ ਨੇ ਬਾਈਕਾਟ ਕੀਤਾ। 1972 ਵਿੱਚ ਫਿਲਸਤੀਨ ਦੇ ਗੁਰੀਲਿਆਂ ਨੇ ਇਜ਼ਰਾਈਲ ਦੇ 9 ਬੇਦੋਸ਼ੇ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ 5 ਸਤੰਬਰ 1972 ਨੂੰ ਮਿਊਨਿਖ ਵਿਖੇ ਵਾਪਰੀ। 1976 ਵਿੱਚ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਅੱਧੇ ਤੋਂ ਵੱਧ ਅਫਰੀਕੀ ਮੁਲਕਾਂ ਨੇ ਬਾਈਕਾਟ ਕੀਤਾ। 1980 ਵਿਚ ਮਾਸਕੋ ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਅਮਰੀਕਾ ਪੱਖੀ ਮੁਲਕਾਂ ਨੇ ਖੇਡਾਂ ਦਾ ਬਾਈਕਾਟ ਕੀਤਾ ਅਤੇ ਫਿਰ 1984 ’ਚ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ’ਚ ਰੂਸ-ਪੱਖੀ ਮੁਲਕਾਂ ਨੇ ਬਾਈਕਾਟ ਕੀਤਾ। 1988 ਵਿੱਚ ਸਿਓਲ ਵਿਖੇ ਉਤਰੀ ਕੋਰੀਆ, ਕਿਊਬਾ ਤੇ ਕੁਝ ਕੁ ਅਫਰੀਕੀ ਮੁਲਕਾਂ ਨੇ ਬਾਈਕਾਟ ਕੀਤਾ। 1996 ’ਚ ਐਟਲਾਂਟਾ ਵਿਖੇ ਖੇਡਾਂ ਦੌਰਾਨ ਸਟੇਡੀਅਮ ਨੇਡ਼ੇ ਧਮਾਕਾ ਹੋਇਆ। 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਤੋਂ ਪਹਿਲਾਂ ਵੀ ਤਿੱਬਤ ਨੇ ਆਪਣੇ ਵਿਰੋਧ ਨੂੰ ਓਲੰਪਿਕ ਖੇਡਾਂ ’ਤੇ ਕੇਂਦਰਿਤ ਕਰ ਦਿੱਤਾ ਸੀ।

ਓਲੰਪਿਕਸ ਦੇ ਚੋਟੀ ਦੇ ਮੁਲਕ

ਓਲੰਪਿਕ ਖੇਡਾਂ ’ਚ ਸਰਦਾਰੀ ਲਈ ਹਰ ਮੁਲਕ ਆਪਣੇ ਤੌਰ ’ਤੇ ਪੂਰੀ ਵਾਹ ਲਾਉਂਦਾ ਹੈ ਅਤੇ ਕੋਈ ਵੀ ਮੁਲਕ ਦੂਜੇ ਨੂੰ ਪਛਾਡ਼ਨ ਲਈ ਪੂਰੀ ਅੱਡੀ-ਚੋਟੀ ਦਾ ਜ਼ੋਰ ਲਾਉਂਦਾ ਹੈ। ਓਲੰਪਿਕ ਖੇਡਾਂ ਦੇ 125 ਸਾਲਾਂ ਇਤਿਹਾਸ ਵਿੱਚ ਕੁੱਲ ਮਿਲਾ ਕੇ ਅਮਰੀਕਾ ਦੀ ਹੀ ਸਰਦਾਰੀ ਰਹੀ ਹੈ। ਅਮਰੀਕਾ ਨੂੰ ਰੂਸ, ਜਰਮਨੀ ਤੇ ਚੀਨ ਵੱਲੋਂ ਸਮੇਂ-ਸਮੇਂ ’ਤੇ ਟੱਕਰ ਮਿਲਦੀ ਰਹੀ ਹੈ। ਓਵਰ ਆਲ ਤਮਗਾ ਸੂਚੀ ਵਿੱਚ ਭਾਰਤ 54ਵੇਂ ਨੰਬਰ ’ਤੇ ਆਉਂਦਾ ਹੈ। ਓਵਰ ਆਲ ਤਮਗਾ ਸੂਚੀ ਵਿੱਚ ਅਮਰੀਕਾ ਪਹਿਲੇ ਨੰਬਰ ’ਤੇ ਹੈ ਜਿਸ ਨੇ 1022 ਸੋਨੇ, 795 ਚਾਂਦੀ ਤੇ 706 ਕਾਂਸੀ ਦੇ ਤਮਗਿਆਂ ਨਾਲ ਕੁੱਲ 2523 ਤਮਗੇ ਜਿੱਤੇ ਹਨ। ਇਸ ਸੂਚੀ ਵਿੱਚ ਰੂਸ (ਪੁਰਾਣੇ ਸੋਵੀਅਤ ਯੂਨੀਅਨ ਸਮੇਤ) ਦੂਜੇ ਅਤੇ ਬਰਤਾਨੀਆ ਤੀਜੇ ਨੰਬਰ ’ਤੇ ਆਉਂਦਾ ਹੈ। ਦੋਵਾਂ ਮੁਲਕਾਂ ਨੇ ਕ੍ਰਮਵਾਰ 1010 ਤੇ 851 ਤਮਗੇ ਜਿੱਤੇ ਹਨ। ਚੌਥਾ ਸਥਾਨ ਏਸ਼ਿਆਈ ਮੁਲਕ ਚੀਨ ਦਾ ਹੈ ਜਿਸ ਨੇ 546 ਤਮਗੇ ਜਿੱਤੇ ਹਨ।

ਓਲੰਪਿਕ ਖੇਡਾਂ ਅਤੇ ਭਾਰਤ

ਓਲੰਪਿਕ ਖੇਡਾਂ ਵਿੱਚ ਭਾਰਤ ਨੇ ਰਸਮੀ ਤੌਰ ’ਤੇ ਪਹਿਲੀ ਵਾਰ 1920 ਦੀਆਂ ਐਂਟਵਰਪ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਓਲੰਪਿਕ ਖੇਡਾਂ ਦੀ ਓਵਰ ਆਲ ਤਮਗਾ ਸੂਚੀ ਭਾਰਤ 54ਵੇਂ ਨੰਬਰ ’ਤੇ ਆਉਂਦਾ ਹੈ। ਭਾਰਤ ਹੁਣ ਤੱਕ ਕੁੱਲ 26 ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚ 9 ਸੋਨੇ, 5 ਚਾਂਦੀ ਅਤੇ 12 ਕਾਂਸੀ ਦੇ ਤਮਗੇ ਜਿੱਤੇ ਹਨ। ਹਾਲਾਂਕਿ 1900 ਦੀਆਂ ਪੈਰਿਸ ਓਲੰਪਿਕ ਖੇਡਾਂ ਮੌਕੇ ਨਾਰਮਨ ਪਿਚਰਡ ਨਾਂ ਦੇ ਅਥਲੀਟ ਨੇ ਭਾਰਤ ਤਰਫੋਂ ਹਿੱਸਾ ਲੈਂਦਿਆਂ 200 ਮੀਟਰ ਤੇ 200 ਮੀਟਰ ਹਰਡਲਜ਼ ਦੌਡ਼ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ ਸਨ ਪਰ ਉਸ ਵੇਲੇ ਭਾਰਤ ਵੱਲੋਂ ਰਸਮੀ ਤੌਰ ’ਤੇ ਖੇਡ ਦਲ ਓਲੰਪਿਕ ਖੇਡਾਂ ਲਈ ਨਹੀਂ ਭੇਜਿਆ ਜਾਂਦਾ ਸੀ। ਕੋਲਕਾਤਾ ਦੇ ਰਹਿਣ ਵਾਲੇ ਨਾਰਮਨ ਪਿਚਰਡ ਨੇ ਹਿੱਸਾ ਲਿਆ ਜਿਸ ਕਰਕੇ ਰਿਕਾਰਡ ਵਿੱਚ ਉਸ ਦੀ ਗਿਣਤੀ ਭਾਰਤੀ ਖਿਡਾਰੀਆਂ ਵਿੱਚ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਸ ਨੂੰ ਬਰਤਾਨੀਆ ਦਾ ਖਿਡਾਰੀ ਵੀ ਕਿਹਾ ਜਾਂਦਾ ਹੈ। ਭਾਰਤ ਨੇ ਹਾਕੀ ਵਿੱਚ ਕੁੱਲ 11 ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚੋਂ ਅੱਠ ਸੋਨੇ, ਇਕ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਸ਼ਾਮਲ ਹਨ। ਨਿਸ਼ਾਨੇਬਾਜ਼ੀ ਵਿੱਚ ਭਾਰਤ ਨੇ ਚਾਰ ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚ ਇਕ ਸੋਨੇ, ਦੋ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਸ਼ਾਮਲ ਹੈ। ਅਭਿਨਵ ਬਿੰਦਰਾ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿੱਚ ਵਿਅਕਤੀਗਤ ਵਰਗ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ। ਕੁਸ਼ਤੀ ਵਿੱਚ 1 ਚਾਂਦੀ ਤੇ 4 ਕਾਂਸੀ, ਬੈਡਮਿੰਟਨ ਵਿੱਚ 1-1 ਚਾਂਦੀ ਤੇ ਕਾਂਸੀ ਦਾ ਤਮਗਾ, ਮੁੱਕੇਬਾਜ਼ੀ ਵਿੱਚ 2 ਕਾਂਸੀ ਅਤੇ ਟੈਨਿਸ ਤੇ ਵੇਟਲਿਫਟਿੰਗ ਵਿੱਚ 1-1 ਕਾਂਸੀ ਦਾ ਤਮਗਾ ਜਿੱਤਿਆ ਹੈ। ਸੁਸ਼ੀਲ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਵਿਅਕਤੀਗਤ ਵਰਗ ਵਿੱਚ ਇਕ ਤੋਂ ਵੱਧ ਤਮਗੇ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਜਿਸ ਨੇ 2008 ਵਿੱਚ ਕਾਂਸੀ ਤੇ 2012 ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਟੋਕੀਓ ਓਲੰਪਿਕ ਖੇਡਾਂ

ਓਲੰਪਿਕ ਖੇਡਾਂ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਕੁੰਭ ਜਿਸ ਦੀ ਚਾਰ ਸਾਲ ਬਾਅਦ ਖਿਡਾਰੀਆਂ ਦੇ ਨਾਲ ਖੇਡ ਪ੍ਰੇਮੀਆਂ ਨੂੰ ਉਡੀਕ ਰਹਿੰਦੀ ਹੈ। ਲੀਪ ਵਾਲੇ ਸਾਲ ਵਿੱਚ ਹੁੰਦੀਆਂ ਇਹ ਖੇਡਾਂ ਪਹਿਲੀ ਵਾਰ ਇਸ ਵਾਰ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ 23 ਜੁਲਾਈ ਤੋਂ 8 ਅਗਸਤ ਤੱਕ ਹੋ ਰਹੀਆਂ। ਇਹ ਖੇਡਾਂ ਤੈਅਸ਼ੁਦਾ ਪ੍ਰੋਗਰਾਮ ਤਹਿਤ 24 ਜੁਲਾਈ ਤੋਂ 9 ਅਗਸਤ, 2020 ਤੱਕ ਹੋਣੀਆਂ ਸਨ ਪਰ ਕੋਵਿਡ-19 ਮਹਾਂਮਾਰੀ ਕਾਰਨ ਇਕ ਸਾਲ ਅੱਗੇ ਪੈ ਗਈਆਂ ਸਨ। ਏਸ਼ੀਆ ਵਿੱਚ 13 ਵਰ੍ਹਿਆਂ ਬਾਅਦ ਓਲੰਪਿਕਸ ਦੀ ਵਾਪਸੀ ਹੋਵੇਗੀ। ਟੋਕੀਓ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ 7 ਸਤੰਬਰ 2013 ਨੂੰ ਅਰਜਨਟਾਈਨਾ ਦੇ ਸ਼ਹਿਰ ਬਿਓਨਸ ਆਇਰਸ ਵਿਖੇ ਹੋਈ ਕੌਮਾਂਤਰੀ ਓਲੰਪਿਕ ਕਮੇਟੀ ਦੇ 125ਵੇਂ ਸੈਸ਼ਨ ਦੌਰਾਨ ਹਾਸਲ ਕੀਤੀ ਸੀ ਜਦੋਂ ਉਸ ਨੇ ਮੇਜ਼ਬਾਨੀ ਦੀ ਦੌਡ਼ ਵਿੱਚ ਤੁਰਕੀ ਦੇ ਸ਼ਹਿਰ ਇੰਸਤਾਬੁਲ ਅਤੇ ਸਪੇਨ ਦੇ ਸ਼ਹਿਰ ਮੈਡਰਿਡ ਨੂੰ ਹਰਾਇਆ ਸੀ। ਫਾਈਨਲ ਗੇਡ਼ ਵਿੱਚ ਟੋਕੀਓ ਨੂੰ 60 ਤੇ ਇੰਸਤਾਬੁਲ ਨੂੰ 36 ਵੋਟਾਂ ਪਈਆਂ ਸਨ। ਟੋਕੀਓ ਵਿਖੇ 33 ਖੇਡਾਂ ਦੇ 50 ਵੰਨਗੀਆਂ ਦੇ 339 ਈਵੈਂਟਾਂ ਲਈ ਮੁਕਾਬਲਿਆਂ ਵਿੱਚ 206 ਮੁਲਕਾਂ ਦੇ 11000 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਦੇ 120 ਖਿਡਾਰੀ 18 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚੋਂ ਕੁਸ਼ਤੀ, ਮੁੱਕੇਬਾਜ਼ੀ, ਨਿਸ਼ਾਨੇਬਾਜ਼ੀ, ਬੈਡਮਿੰਟਨ, ਹਾਕੀ, ਤੀਰਅੰਦਾਜ਼ੀ, ਟੈਨਿਸ, ਅਥਲੈਟਿਕਸ ਆਦਿ ਵਿੱਚ ਭਾਰਤ ਤਮਗੇ ਜਿੱਤਣ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕਰੇਗਾ।

-ਨਵਦੀਪ ਸਿੰਘ ਗਿੱਲ

(97800-36216)

Posted By: Tejinder Thind