ਟੋਕੀਓ (ਪੀਟੀਆਈ) : ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਟੋਕੀਓ ਓਲੰਪਿਕ ਵਿਚ ਮਰਦ ਸਿੰਗਲਜ਼ ਵਰਗ ਦੇ ਪਹਿਲੇ ਗੇੜ ਵਿਚ ਉਜ਼ਬੇਕਿਸਤਾਨ ਦੇ ਡਨਿਸ ਇਸਤੋਮਿਨ ਨਾਲ ਭਿੜਨਗੇ। ਡਰਾਅ ਮੁਤਾਬਕ ਪਹਿਲੇ ਗੇੜ ਵਿਚ ਉਨ੍ਹਾਂ ਦਾ ਸਾਹਮਣਾ ਹੇਠਲੀ ਰੈਂਕਿੰਗ ਵਾਲੇ ਇਸਤੋਮਿਨ ਨਾਲ ਹੋਵੇਗਾ। ਵਿਸ਼ਵ ਰੈਂਕਿੰਗ ਵਿਚ 160ਵੇਂ ਸਥਾਨ 'ਤੇ ਕਾਬਜ ਨਾਗਲ ਅਗਲੇ ਗੇੜ ਵਿਚ ਦੂਜਾ ਦਰਜਾ ਹਾਸਲ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਖੇਡ ਸਕਦੇ ਹਨ ਜੋ ਪਹਿਲੇ ਗੇੜ ਵਿਚ ਅਲੈਗਜ਼ੈਂਡਰ ਬੁਬਲਿਕ ਦਾ ਸਾਹਮਣਾ ਕਰਨਗੇ। ਮਹਿਲਾ ਡਬਲਜ਼ ਵਿਚ ਛੇ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦਾ ਸਾਹਮਣਾ ਪਹਿਲੇ ਗੇੜ ਵਿਚ ਯੂਕਰੇਨ ਦੀ ਨਾਦੀਆ ਤੇ ਯੁਡਮਾਇਲਾ ਕਿਚੇਨੋਕ ਨਾਲ ਹੋਵੇਗਾ।

ਮੁੱਕੇਬਾਜ਼ੀ ਡਰਾਅ 'ਚ ਅਮਿਤ ਪੰਘਾਲ ਨੂੰ ਮਿਲੀ ਬਾਈ

ਟੋਕੀਓ (ਪੀਟੀਆਈ) : ਸਿਖਰਲਾ ਦਰਜਾ ਹਾਸਲ ਤੇ ਵਿਸ਼ਵ ਨੰਬਰ ਇਕ ਅਮਿਤ ਪੰਘਾਲ (52 ਕਿਲੋਗ੍ਰਾਮ) ਉਨ੍ਹਾਂ ਚਾਰ ਭਾਰਤੀ ਮੁੱਕੇਬਾਜ਼ਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਓਲੰਪਿਕ ਦੇ ਪਹਿਲੇ ਗੇੜ ਵਿਚ ਬਾਈ ਮਿਲੀ ਹੈ। ਓਲੰਪਿਕ ਵਿਚ ਮੁੱਕੇਬਾਜ਼ੀ ਦੇ ਡਰਾਅ ਵੀਰਵਾਰ ਨੂੰ ਜਾਰੀ ਕੀਤੇ ਗਏ। ਪੰਘਾਲ 31 ਜੁਲਾਈ ਨੂੰ ਪ੍ਰਰੀ ਕੁਆਰਟਰ ਫਾਈਨਲ ਵਿਚ ਰਿੰਗ ਵਿਚ ਉਤਰਨਗੇ। ਉਨ੍ਹਾਂ ਦਾ ਮੁਕਾਬਲਾ ਬੋਤਸਵਾਨਾ ਦੇ ਮੁਹੰਮਦ ਰਜਬ ਓਤੁਕਿਲੇ ਤੇ ਕੋਲੰਬੀਆ ਦੇ ਹਰਨੀ ਰਿਵਾਸ ਮਾਰਟੀਨੇਜ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਉਥੇ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਨੂੰ ਵੀ ਪਹਿਲੇ ਗੇੜ ਵਿਚ ਬਾਈ ਮਿਲੀ ਹੈ। ਮਹਿਲਾ ਵਰਗ ਵਿਚ ਐੱਮਸੀ ਮੈਰੀਕਾਮ (51 ਕਿਲੋਗ੍ਰਾਮ) ਦਾ ਮੁਕਾਬਲਾ 25 ਜੁਲਾਈ ਨੂੰ ਡੋਮੀਨਿਕਾ ਦੀ ਮਿਗੁਲਿਨਾ ਹਰਨਾਂਡੇਜ ਨਾਲ ਹੋਵੇਗਾ ਜਦਕਿ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਤੇ ਸਿਮਰਨਜੀਤ ਕੌਰ (60 ਕਿਲੋਗ੍ਰਾਮ) ਨੂੰ ਵੀ ਬਾਈ ਮਿਲੀ ਹੈ। ਭਾਰਤ ਦੇ ਨੌਂ ਮੁੱਕੇਬਾਜ਼ ਇਸ ਵਾਰ ਓਲੰਪਿਕ ਵਿਚ ਆਪਣੀ ਚੁਣੌਤੀ ਪੇਸ਼ ਕਰ ਰਹੇ ਹਨ।

ਸੁਸ਼ੀਲਾ ਦੇਵੀ ਦਾ ਪਹਿਲੇ ਗੇੜ ਵਿਚ ਹੀ ਸਖ਼ਤ ਮੁਕਾਬਲਾ

ਟੋਕੀਓ (ਪੀਟੀਆਈ) : ਭਾਰਤੀ ਜੁਡੋਕਾ ਸੁਸ਼ੀਲਾ ਦੇਵੀ ਨੂੰ ਟੋਕੀਓ ਓਲੰਪਿਕ ਖੇਡਾਂ ਵਿਚ ਮੁਸ਼ਕਲ ਡਰਾਅ ਮਿਲਿਆ ਹੈ ਤੇ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਇੱਥੇ ਪਹਿਲੇ ਗੇੜ ਵਿਚ ਹੀ ਲੰਡਨ ਓਲੰਪਿਕ 2012 ਦੀ ਕਾਂਸੇ ਦਾ ਮੈਡਲ ਜੇਤੂ ਹੰਗਰੀ ਦੀ ਇਵਾ ਸੇਰਨੋਵਿਸਕੀ ਦਾ ਸਾਹਮਣਾ ਕਰਨਾ ਪਵੇਗਾ। ਉਹ 26 ਸਾਲਾ ਖਿਡਾਰੀ ਟੋਕੀਓ ਓਲੰਪਿਕ ਵਿਚ ਜੂਡੋ ਵਿਚ ਭਾਰਤ ਦੀ ਇੱਕੋ ਇਕ ਖਿਡਾਰੀ ਹੈ ਤੇ ਜੇ ਉਹ ਪਹਿਲਾ ਅੜਿੱਕਾ ਪਾਰ ਕਰ ਲੈਂਦੀ ਹੈ ਤਾਂ ਉਨ੍ਹਾਂ ਨੂੰ ਅਗਲੇ ਗੇੜ ਵਿਚ ਸਥਾਨਕ ਖਿਡਾਰੀ ਫੁਨਾ ਤੋਨਾਕੀ ਨਾਲ ਭਿੜਨਾ ਪਵੇਗਾ ਜੋ 2017 ਦੀ ਵਿਸ਼ਵ ਚੈਂਪੀਅਨ ਹੈ। ਸੁਸ਼ੀਲਾ 48 ਕਿਲੋਗ੍ਰਾਮ ਭਾਰ ਵਰਗ ਵਿਚ ਆਪਣੀ ਚੁਣੌਤੀ ਪੇਸ਼ ਕਰੇਗੀ। ਉਨ੍ਹਾਂ ਨੇ ਮਹਾਦੀਪੀ ਕੋਟੇ ਰਾਹੀਂ ਪਹਿਲੀ ਵਾਰ ਓਲੰਪਿਕ ਵਿਚ ਥਾਂ ਬਣਾਈ ਹੈ।

ਭਾਰਤੀ ਦੀ ਟ੍ਰੈਕ ਕਿੱਟ ਪਹਿਨੇ ਦਿਖਿਆ ਯੁਗਾਂਡਾ ਦਾ ਫਰਾਰ ਐਥਲੀਟ

ਟੋਕੀਓ (ਪੀਟੀਆਈ) : ਭਾਰਤੀ ਅਧਿਕਾਰੀਆਂ ਦੀ ਟੀਮ ਵਿਚ ਵੀਰਵਾਰ ਨੂੰ ਤਦ ਹੜਕੰਪ ਮਚ ਗਿਆ ਜਦ ਯੁਗਾਂਡਾ ਦਾ ਵੇਟਲਿਫਟਰ ਜੂਲੀਅਸ ਸੇਕੀਟੋਲੇਂਕੋ ਹਵਾਈ ਅੱਡੇ 'ਤੇ ਭਾਰਤ ਦੀ ਟ੍ਰੈਕ ਜੈਕਟ ਪਹਿਨੇ ਹੋਏ ਦਿਖਾਈ ਦਿੱਤਾ। ਜੂਲੀਅਸ ਓਲੰਪਿਕ ਤੋਂ ਪਹਿਲਾਂ ਅਭਿਆਸ ਦੌਰਾਨ ਭੱਜ ਗਿਆ ਸੀ ਜਿਸ ਤੋਂ ਚਾਰ ਦਿਨ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਰਵਾਨਾ ਕਰ ਦਿੱਤਾ ਗਿਆ। ਇਕ ਰਿਪੋਰਟ ਵਿਚ ਕਿਹਾ ਗਿਆ ਕਿ 20 ਸਾਲ ਦੇ ਜੂਲੀਅਸ ਨਰੀਤਾ ਹਵਾਈ ਅੱਡੇ 'ਤੇ ਲਾਲ ਰੰਗ ਦਾ ਟ੍ਰੈਕ ਟਾਪ ਪਹਿਨੇ ਦਿਖਾਈ ਦੇ ਰਹੇ ਹਨ ਤੇ ਇਸ ਦੇ ਪਿੱਛੇ ਇੰਡੀਆ ਲਿਖਿਆ ਸੀ। ਇਹ ਉਸੇ ਤਰ੍ਹਾਂ ਦੀ ਕਿੱਟ ਲੱਗ ਰਹੀ ਹੈ ਜੋ ਭਾਰਤੀ ਖਿਡਾਰੀਆਂ ਨੇ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੌਰਾਨ ਪਹਿਨੀ ਸੀ। ਭਾਰਤੀ ਓਲੰਪਿਕ ਸੰਘ (ਆਈਓਏ) ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਕਿ ਇਹ ਰੰਗ ਟੋਕੀਓ ਓਲੰਪਿਕ ਵਿਚ ਭਾਰਤ ਦੀ ਰਾਸ਼ਟਰੀ ਓਲੰਪਿਕ ਕਮੇਟੀ ਦਾ ਨਹੀਂ ਹੈ। ਯੁਗਾਂਡਾ ਦੀ ਟੀਮ ਦੇ ਮੁਖੀ ਐਸ਼ਾ ਨਾਸਾਂਗਾ ਨੂੰ ਵੀ ਨਹੀਂ ਪਤਾ ਸੀ ਕਿ ਜੂਲੀਅਸ ਨੇ ਭਾਰਤ ਦੀ ਟ੍ਰੈਕ ਜੈਕਟ ਕਿਵੇਂ ਪਹਿਨੀ ਹੋਈ ਸੀ।