ਟੋਕੀਓ (ਏਪੀ) : ਕੋਰੋਨਾ ਵਾਇਰਸ ਮਹਾਮਾਰੀ ਦੇ ਪਰਛਾਵੇਂ ਹੇਠ ਓਲੰਪਿਕ ਦੇ ਸ਼ੁਰੂ ਹੋਣ ਵਿਚ ਬੁੱਧਵਾਰ ਤੋਂ 100 ਦਿਨ ਬਾਕੀ ਰਹਿ ਜਾਣਗੇ। ਇਹ ਖੇਡਾਂ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਜੁਲਾਈ ਵਿਚ ਹੋਣੀਆਂ ਹਨ। ਇਹ ਪਿਛਲੇ ਸਾਲ ਹੋਣੀਆਂ ਸੀ ਪਰ ਕੋਰੋਨਾ ਕਾਰਨ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਤੇ ਪ੍ਰਬੰਧਕਾਂ ਨੇ ਇਸ ਨੂੰ ਇਸ ਸਾਲ ਤਕ ਲਈ ਮੁਲਤਵੀ ਕਰ ਦਿੱਤਾ ਸੀ। ਕੋਰੋਨਾ ਦੇ ਮਾਮਲੇ ਵਧਣ ਕਾਰਨ ਟੋਕੀਓ ਓਲੰਪਿਕ ਦੀ ਟਾਰਚ ਰਿਲੇ ਓਸਾਕਾ ਵਿਚ ਮੰਗਲਵਾਰ ਨੂੰ ਲਗਭਗ ਖਾਲੀ ਪਏ ਪਾਰਕ 'ਚੋਂ ਗੁਜ਼ਰੀ। ਜ਼ਿਆਦਾਤਰ ਦੌੜਾਕ ਬਸ ਪਾਰਕ ਵਿਚ ਪੁੱਜੇ ਤੇ ਛੋਟੀ ਦੂਰੀ ਤੈਅ ਕੀਤੀ। ਉਨ੍ਹਾਂ ਦੇ ਨਾਲ ਸੁਰੱਖਿਆ ਅਧਿਕਾਰੀ ਵੀ ਸਨ। ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਜਾਪਾਨੀ ਮਹਿਲਾ ਤੈਰਾਕ ਆਇਆ ਤੇਰਾਕਾਵਾ ਟਾਰਚ ਲੈ ਕੇ ਪਾਰਕ 'ਚ ਘੁੰਮੀ ਉਨ੍ਹਾਂ ਨੇ ਕਿਹਾ ਕਿ ਮੇਰਾ ਓਸਾਕਾ ਵਿਚ ਜਨਮ ਹੋਇਆ ਹੈ। ਮੈਂ ਓਸਾਕਾ ਵਿਚ ਆਪਣੇ ਕਰੀਅਰ ਵਿਚ ਸਭ ਕੁਝ ਸਿੱਖਿਆ।

ਇਕ ਦਿਨ 'ਚ ਕੋਰੋਨਾ ਦੇ ਰਿਕਾਰਡ ਮਾਮਲੇ :

ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਓਸਾਕਾ ਵਿਚ ਕੋਰੋਨਾ ਵਾਇਰਸ ਦੇ 1099 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਜਾਪਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਚ ਇਕ ਦਿਨ ਵਿਚ ਸਭ ਤੋਂ ਵੱਧ ਮਾਮਲਿਆਂ ਦਾ ਰਿਕਾਰਡ ਹੈ। ਟਾਰਚ ਰਿਲੇਅ ਤਿੰਨ ਹਫ਼ਤੇ ਪਹਿਲਾਂ ਸ਼ੁਰੂ ਹੋਈ ਸੀ ਤੇ 23 ਜੁਲਾਈ ਨੂੰ ਓਲੰਪਿਕ ਉਦਘਾਟਨੀ ਸਮਾਗਮ ਤਕ ਇਸ ਨੇ ਟੋਕੀਓ ਪੁੱਜਣਾ ਹੈ।