ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ : ਦੇਸ਼ ਦੀ ਵੰਡ ਤੋਂ ਪਹਿਲਾਂ ਤੇ ਬਾਅਦ 'ਚ ਕੁਝ ਖਿਡਾਰੀਆਂ ਦਾ ਨਾਂ ਵਿਸ਼ਵ ਹਾਕੀ ਦੇ ਨਕਸ਼ੇ 'ਤੇ ਉਕਰਿਆ ਹੋਇਆ ਹੈ, ਜਿਨ੍ਹਾਂ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਦੋਵੇਂ ਕੌਮੀ ਟੀਮਾਂ ਨਾਲ ਓਲੰਪਿਕ ਹਾਕੀ ਦੇ ਮੈਦਾਨ 'ਚ ਖੇਡਣ ਦਾ ਹੱਕ ਹਾਸਲ ਹੋਇਆ ਹੈ। ਇਨ੍ਹਾਂ ਖਿਡਾਰੀਆਂ 'ਚ ਸ਼ੁਮਾਰ ਅਟੈਕਿੰਗ ਫਾਰਵਰਡ ਅਲੀ ਸ਼ਾਹ ਦਾਰਾ ਹਾਕੀ ਦੀ ਦੁਨੀਆਂ ਦਾ ਪਲੇਠਾ ਹਾਕੀ ਓਲੰਪੀਅਨ ਹੈ, ਜਿਸ ਨੂੰ ਓਲੰਪਿਕ ਖੇਡਾਂ 'ਚ ਪਹਿਲਾਂ ਅਣਵੰਡੇ ਭਾਰਤ ਦੀ ਕੌਮੀ ਹਾਕੀ ਟੀਮ ਨਾਲ ਅਤੇ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨੀ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ 'ਚ ਓਲੰਪਿਕ ਹਾਕੀ ਖੇਡਣ ਦਾ ਮੌਕਾ ਨਸੀਬ ਹੋਇਆ ਹੈ। ਅਲੀ ਸ਼ਾਹ ਦਾਰਾ ਬਰਲਿਨ-1936 ਓਲੰਪਿਕ ਹਾਕੀ 'ਚ ਅਣਵੰਡੇ ਭਾਰਤ ਦੀ ਕੌਮੀ ਹਾਕੀ ਟੀਮ ਨਾਲ ਮੈਦਾਨ 'ਚ ਖੇਡਣ ਲਈ ਨਿੱਤਰਿਆ। 1940 ਅਤੇ 1944 ਦੀਆਂ ਓਲੰਪਿਕ ਖੇਡਾਂ ਦੂਜੇ ਵਿਸ਼ਵ ਯੁੱਧ ਦੀ ਭੇਟ ਚੜ੍ਹ ਗਈਆਂ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੀ ਵੰਡ ਹੋਈ, ਜਿਸ 'ਚੋਂ ਨਵਾਂ ਦੇਸ਼ ਪਾਕਿਸਤਾਨ ਹੋਂਦ 'ਚ ਆਇਆ। ਆਜ਼ਾਦੀ ਤੋਂ ਬਾਅਦ ਲੰਡਨ-1948 ਦੀਆਂ ਓਲੰਪਿਕ ਖੇਡਾਂ 'ਚ ਦੋਵੇਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵੱਲੋਂ ਅਲੱਗ-ਅਲੱਗ ਦੋ ਹਾਕੀ ਟੀਮਾਂ ਓਲੰਪਿਕ ਹਾਕੀ ਦੇ ਮੈਦਾਨ 'ਚ ਉਤਾਰੀਆਂ ਗਈਆਂ। ਪਹਿਲਾ ਕੌਮਾਂਤਰੀ ਹਾਕੀ ਮੁਕਾਬਲਾ ਖੇਡਣ ਵਾਲੀ ਪਾਕਿਸਤਾਨੀ ਹਾਕੀ ਟੀਮ ਦਾ ਕਪਤਾਨ ਅਲੀ ਸ਼ਾਹ ਦਾਰਾ ਸੀ।

ਲੰਡਨ-1948 ਓਲੰਪਿਕ 'ਚ ਪਾਕਿਸਤਾਨੀ ਹਾਕੀ ਟੀਮ ਦੇ ਕਪਤਾਨ ਏਆਈਐੱਸ ਦਾਰਾ ਦਾ ਪੂਰਾ ਨਾਂ ਅਲੀ ਇਫ਼ਤਕਾਰ ਸ਼ਾਹ ਦਾਰਾ ਸੀ। ਉਸ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਫ਼ੈਸਲਾਬਾਦ 'ਚ 01 ਅਪ੍ਰੈਲ, 1915 'ਚ ਹੋਇਆ। ਦੁਨੀਆਂ ਦੀ ਹਾਕੀ ਦੇ ਮੈਜੀਸ਼ੀਅਨ ਮੇਜਰ ਧਿਆਨ ਚੰਦ ਸਿੰਘ ਅਤੇ ਕਰਨਲ ਅਲੀ ਸ਼ਾਹ ਦਾਰਾ ਨੈਸ਼ਨਲ ਹਾਕੀ 'ਚ ਪੰਜਾਬ ਰੈਜੀਮੈਂਟ ਦੀ ਟੀਮ ਦੀ ਪ੍ਰਤੀਨਿੱਧਤਾ ਕਰਦੇ ਰਹੇ। ਅਲੀ ਸ਼ਾਹ ਦਾਰਾ ਨੂੰ ਭਾਰਤੀ ਫ਼ੌਜ 'ਚ ਕਰਨਲ ਦਾ ਅਹੁਦਾ ਹਾਸਲ ਹੋਇਆ। ਦੂਜੀ ਸੰਸਾਰ ਜੰਗ ਸਮੇਂ ਅਲੀ ਸ਼ਾਹ ਦਾਰਾ ਦੀ ਰੈਜੀਮੈਂਟ ਨੂੰ ਮਲੇਸ਼ੀਆ 'ਚ ਤਾਇਨਾਤ ਕੀਤਾ ਗਿਆ। ਵਿਰੋਧੀਆਂ ਵੱਲੋਂ ਫੜੇ ਜਾਣ 'ਤੇ ਅਲੀ ਸ਼ਾਹ ਦਾਰਾ ਨੂੰ ਕੁੱਝ ਸਮੇਂ ਜੰਗੀ ਕੈਦੀ ਬਣਨ ਦੇ ਮਾੜੇ ਦਿਨ ਵੀ ਵੇਖਣੇ ਪਏ। ਮੈਲਬੌਰਨ-1956 ਅਤੇ ਰੋਮ-1964 ਓਲੰਪਿਕ ਹਾਕੀ ਅਤੇ ਬੈਂਕਾਕ-1966 ਏਸ਼ੀਅਨ ਹਾਕੀ ਖੇਡਣ ਵਾਲੀ ਪਾਕਿਸਤਾਨ ਹਾਕੀ ਟੀਮ ਦੇ ਕੋਚਿੰਗ ਕੈਂਪ ਦੀ ਕਮਾਨ ਅਲੀ ਸ਼ਾਹ ਦਾਰਾ ਦੇ ਹੱਥਾਂ 'ਚ ਰਹੀ। ਮਾਂਟੀਰੀਅਲ-1976 ਦੀਆਂ ਓਲੰਪਿਕ ਖੇਡਾਂ ਸਮੇਂ ਪਾਕਿ ਹਾਕੀ ਕੌਮੀ ਟੀਮ ਦੇ ਕੋਚਿੰਗ ਕੈਂਪ ਦਾ ਮੈਨੇਜਰ ਅਲੀ ਸ਼ਾਹ ਦਾਰਾ ਸੀ। ਅਲੀ ਦਾਰਾ ਦੀ ਮੈਨੇਜਰੀ 'ਚ ਪਾਕਿ ਹਾਕੀ ਟੀਮ ਨੇ ਮਾਂਟੀਰੀਅਲ ਓਲੰਪਿਕ 'ਚ ਗ੍ਰੇਟ ਬਿ੍ਟੇਨ ਤੋਂ ਸੈਮੀਫਾਈਨਲ ਹਾਰਨ ਤੋਂ ਬਾਅਦ ਤਾਂਬੇ ਦਾ ਮੈਡਲ ਹਾਸਲ ਕੀਤਾ ਸੀ।

ਬਰਲਿਨ-1936 ਓਲੰਪਿਕ ਹਾਕੀ ਮੁਕਾਬਲਾ ਖੇਡਣ ਸਮੇਂ ਅਲੀ ਸ਼ਾਹ ਦਾਰਾ ਦੀ ਉਮਰ 21 ਸਾਲ ਅਤੇ ਲੰਡਨ-1948 ਦੀਆਂ ਓਲੰਪਿਕ ਗੇਮਜ਼ ਸਮੇਂ ਟੀਮ ਕੈਪਟਨ ਅਲੀ ਸ਼ਾਹ ਦਾਰਾ 33 ਸਾਲਾਂ ਨੂੰ ਢੁੱਕ ਚੁੱਕਾ ਸੀ। ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ 'ਪ੍ਰਰਾਈਡ ਆਫ ਪ੍ਰਫਾਰਮੈਂਸ ਐਵਾਰਡ' ਨਾਲ ਨਿਵਾਜੇ ਗਏ ਅਲੀ ਸ਼ਾਹ ਦਾਰਾ ਦਾ 65 ਸਾਲ ਦੀ ਉਮਰ 'ਚ ਜਨਵਰੀ-16, 1981 'ਚ ਦੇਹਾਂਤ ਹੋ ਗਿਆ। ਅਲੀ ਸ਼ਾਹ ਦਾਰਾ ਨੇ ਬਰਲਿਨ-1936 ਦਾ ਓਲੰਪਿਕ ਹਾਕੀ ਮੁਕਾਬਲਾ ਮੇਜਰ ਧਿਆਨ ਚੰਦ ਸਿੰਘ ਦੀ ਕਪਤਾਨੀ 'ਚ ਖੇਡਿਆ। ਬਰਲਿਨ ਓਲੰਪਿਕ ਖੇਡਣ ਗਈ ਭਾਰਤੀ ਟੀਮ 'ਚ ਦਾਰਾ ਸ਼ਾਮਲ ਨਹੀਂ ਸੀ ਪਰ ਓਲੰਪਿਕ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਮਹਿਮਾਨ ਭਾਰਤੀ ਖਿਡਾਰੀ ਮੇਜ਼ਬਾਨ ਜਰਮਨੀ ਦੀ ਟੀਮ ਤੋਂ ਪ੍ਰੈਕਟਿਸ ਮੈਚ ਹਾਰਨ ਕਾਰਨ ਭਾਰਤੀ ਟੀਮ ਦੇ ਕੋਚਿੰਗ ਕੈਂਪ 'ਚ ਬੇਚੈਨੀ ਜ਼ਰੂਰ ਸੀ। ਓਲੰਪਿਕ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਹੰਗਰੀ ਨੂੰ 4-0, ਅਮਰੀਕਾ ਨੂੰ 7-0, ਜਾਪਾਨ ਨੂੰ 9-0 ਗੋਲਾਂ ਨਾਲ ਹਰਾਉਣ ਸਦਕਾ ਸੈਮੀਫਾਈਨਲ ਖੇਡਣ ਦੇ ਦਰ 'ਤੇ ਦਸਤਕ ਦਿੱਤੀ। ਪਰ ਫਰਾਂਸੀਸੀ ਟੀਮ ਨਾਲ ਸੈਮੀਫਾਈਨਲ ਖੇਡਣ ਤੋਂ ਪਹਿਲਾਂ ਸੰਭਾਵੀ ਖਤਰੇ ਨੂੰ ਭਾਂਪਦਿਆਂ ਭਾਰਤੀ ਟੀਮ ਦੇ ਕਪਤਾਨ ਧਿਆਨ ਚੰਦ ਸਿੰਘ ਅਤੇ ਕੋਚਿੰਗ ਕੈਂਪ ਦੇ ਮੈਨੇਜਰ ਪੰਕਜ ਗੁਪਤਾ ਨੇ ਭਾਰਤੀ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਅਤੇ ਟੀਮ ਦੀ ਸਿਲੈਕਸ਼ਨ ਕਮੇਟੀ ਨੂੰ ਹਮਲਾਵਰ ਖਿਡਾਰੀ ਅਲੀ ਸ਼ਾਹ ਦਾਰਾ ਨੂੰ ਤੁਰੰਤ ਬਰਲਿਨ ਭੇਜਣ ਦੀ ਤਾਕੀਦ ਕੀਤੀ। ਟੀਮ ਕਪਤਾਨ ਅਤੇ ਮੈਨੇਜਰ ਪੰਕਜ ਗੁਪਤਾ ਦੀ ਬੇਨਤੀ ਪ੍ਰਵਾਨ ਹੁੰਦਿਆਂ ਹੀ ਅਲੀ ਸ਼ਾਹ ਦਾਰਾ ਸੈਮੀਫਾਈਨਲ ਖੇਡਣ ਲਈ ਬਰਲਿਨ ਟੀਮ 'ਚ ਸ਼ਾਮਲ ਹੋ ਗਿਆ। ਕਪਤਾਨ ਧਿਆਨ ਚੰਦ ਸਿੰਘ ਦੀ ਸਲਾਹ ਮੰਨਦੇ ਹੋਏ ਕੋਚਿੰਗ ਕੈਂਪ ਵੱਲੋਂ ਅਲੀ ਸ਼ਾਹ ਦਾਰਾ ਨੂੰ ਫਰਾਂਸ ਵਿਰੁੱਧ ਸੈਮੀਫਾਈਨਲ ਖਿਡਾਉਣ ਦਾ ਫ਼ੈਸਲਾ ਲਿਆ ਗਿਆ। ਫਾਰਵਰਡ ਖਿਡਾਰੀ ਅਲੀ ਸ਼ਾਹ ਦਾਰਾ ਨੇ ਟੀਮ ਕਪਤਾਨ ਧਿਆਨ ਚੰਦ ਸਿੰਘ ਅਤੇ ਕੋਚਿੰਗ ਕੈਂਪ ਦੇ ਫ਼ੈਸਲੇ 'ਤੇ ਖਰਾ ਉਤਰਦਿਆਂ ਸੈਮੀਫਾਈਨਲ 'ਚ ਫਰਾਂਸ ਵਿਰੁੱਧ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਦੋ ਗੋਲ ਦਾਗਣ ਦਾ ਕ੍ਰਿਸ਼ਮਾ ਕੀਤਾ। ਸੈਮੀਫਾਈਨਲ 'ਚ ਫਰਾਂਸ ਨੂੰ ਹਰਾਉਣ ਸਦਕਾ ਭਾਰਤੀ ਟੀਮ ਨੇ ਖ਼ਿਤਾਬੀ ਮੈਚ ਖੇਡਣ ਦਾ ਟਿਕਟ ਕਟਾਇਆ। ਭਾਰਤੀ ਹਾਕੀ ਟੀਮ ਨੇ ਮੇਜ਼ਬਾਨ ਜਰਮਨੀ ਦੇ ਖਿਡਾਰੀਆਂ ਨੂੰ 8-1 ਗੋਲ ਅੰਤਰ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਉੱਪ-ਜੇਤੂ ਰਹੀ ਮੇਜ਼ਬਾਨ ਟੀਮ ਵਿਰੁੱਧ ਕੈਪਟਨ ਧਿਆਨ ਚੰਦ ਸਿੰਘ ਨੇ ਤਿੰਨ ਗੋਲ ਮਾਰਨ ਸਦਕਾ ਹੈਟਿ੍ਕ ਜੜੀ ਜਦਕਿ ਸਟ੍ਰਾਈਕਰ ਅਲੀ ਸ਼ਾਹ ਦਾਰਾ ਨੇ ਦੋ ਗੋਲ ਸਕੋਰ ਕੀਤੇ। ਬਰਲਿਨ ਓਲੰਪਿਕ ਦਾ ਇਹ ਖਿਤਾਬੀ ਮੈਚ ਜਰਮਨੀ ਦੇ ਜ਼ਾਲਮ ਡਿਕਟੇਟਰ ਰਿਡੋਲਫ ਹਿਟਲਰ ਅਤੇ ਚਾਲੀ ਹਜ਼ਾਰ ਦਰਸ਼ਕਾਂ ਦੀ ਮੌਜੂਦਗੀ 'ਚ ਖੇਡਿਆ ਗਿਆ ਸੀ। ਬਰਲਿਨ ਓਲੰਪਿਕ ਟੂਰਨਾਮੈਂਟ 'ਚ ਮੇਜਰ ਧਿਆਨ ਚੰਦ ਸਿੰਘ ਅਤੇ ਉਸ ਦੇ ਭਰਾ ਰੂਪ ਸਿੰਘ ਨੇ ਬਰਾਬਰ 11-11 ਗੋਲ ਕੀਤੇ ਜਦਕਿ ਦੋ ਖਿਡਾਰੀਆਂ ਕਾਰਲੀਲ ਕੈਰੋਲ ਟੈਪਸੈਲ ਅਤੇ ਅਲੀ ਸ਼ਾਹ ਦਾਰਾ ਨੂੰ ਬਰਾਬਰ 4-4 ਗੋਲ ਕਰਨ ਦਾ ਹੱਕ ਹਾਸਲ ਹੋਇਆ।

1948 ਓਲੰਪਿਕ 'ਚ ਕੀਤੀ ਪਾਕਿ ਦੀ ਕਪਤਾਨੀ : 12 ਸਾਲ ਪਹਿਲਾਂ ਭਾਰਤ ਵੱਲੋਂ ਬਰਲਿਨ ਓਲੰਪਿਕ ਹਾਕੀ ਖੇਡਣ ਵਾਲੇ 33 ਸਾਲਾ ਅਲੀ ਸ਼ਾਹ ਦਾਰਾ ਨੇ ਲੰਡਨ-1948 ਦੀਆਂ ਓਲੰਪਿਕ ਖੇਡਾਂ 'ਚ ਪਹਿਲੀ ਵਾਰ ਓਲੰਪਿਕ ਹਾਕੀ ਖੇਡ ਰਹੇ ਨਵੇਂ ਦੇਸ਼ ਪਾਕਿਸਤਾਨੀ ਕੌਮੀ ਟੀਮ ਦੀ ਕਪਤਾਨੀ ਕੀਤੀ। ਅਲੀ ਸ਼ਾਹ ਦਾਰਾ ਦੀ ਕਮਾਨ 'ਚ ਸੈਮੀਫਾਈਨਲ ਹਾਰਨ ਵਾਲੀ ਪਾਕਿ ਹਾਕੀ ਟੀਮ ਹਾਲੈਂਡ ਤੋਂ ਪੁਜ਼ੀਸ਼ਨਲ ਮੈਚ ਹਾਰਨ ਸਦਕਾ ਚੌਥਾ ਰੈਂਕ ਹੀ ਹਾਸਲ ਕਰ ਸਕੀ। ਫਾਰਵਰਡ ਕਤਾਰ 'ਚ ਖੇਡਣ ਵਾਲੇ ਅਲੀ ਸ਼ਾਹ ਦਾਰਾ ਨੇ ਲੰਡਨ ਓਲੰਪਿਕ ਮੁਕਾਬਲੇ 'ਚ ਖੇਡੇ ਸੱਤ ਮੈਚਾਂ 'ਚ ਨੌਂ ਗੋਲ ਸਕੋਰ ਕੀਤੇ।

ਮੇਜਰ ਧਿਆਨ ਚੰਦ ਨਾਲ ਸੀ ਚੰਗੀ ਦੋਸਤੀ : ਮੇਜਰ ਧਿਆਨ ਚੰਦ ਸਿੰਘ ਅਤੇ ਅਲੀ ਸ਼ਾਹ ਦਾਰਾ ਜਿੱਥੇ ਲਾਸਾਨੀ ਹਾਕੀ ਖਿਡਾਰੀ ਸਨ ਉੱਥੇ ਇੱਕਠੇ ਹਾਕੀ ਖੇਡਣ ਸਦਕਾ ਦੋਵੇਂ ਚੰਗੇ ਮਿੱਤਰ ਵੀ ਸਨ। ਦੇਸ਼ ਦੀ ਵੰਡ ਤੋਂ ਬਾਅਦ ਵੀ ਦੋਹਾਂ ਦੀ ਮਿੱਤਰਤਾ ਬਰਕਰਾਰ ਰਹੀ। ਦੋਵਾਂ ਓਲੰਪੀਅਨਾਂ ਦੀ ਇਹ ਦੋਸਤੀ ਮੈਕਸੀਕੋ-1968 ਓਲੰਪਿਕ 'ਚ ਉਦੋਂ ਰੰਗ ਲਿਆਈ ਜਦੋਂ ਆਸਟ੍ਰੇਲੀਆ ਤੋਂ ਸੈਮੀਫਾਈਨਲ ਹਾਰਨ ਤੋਂ ਬਾਅਦ ਜਰਮਨੀ ਨਾਲ ਪੁਜ਼ੀਸ਼ਨਲ ਮੈਚ ਲਈ ਭਾਰਤੀ ਟੀਮ ਦੇ ਚੀਫ ਕੋਚ ਮੇਜਰ ਧਿਆਨ ਚੰਦ ਨੇ ਪਾਕਿਸਤਾਨੀ ਮੁੱਖ ਕੋਚ ਅਲੀ ਸ਼ਾਹ ਦਾਰਾ ਨਾਲ ਸਲਾਹ ਕਰ ਕੇ ਆਪਣੀ ਪਲੇਇੰਗ ਇਲੈਵਨ 'ਚ ਤਬਦੀਲੀ ਕੀਤੀ। ਕੋਚਿੰਗ ਕੈਂਪ ਨੂੰ ਅਲੀ ਸ਼ਾਹ ਦਾਰਾ ਦੀ ਸਲਾਹ ਮੰਨਣ ਦਾ ਫ਼ਾਇਦਾ ਇਹ ਹੋਇਆ ਕਿ ਭਾਰਤੀ ਟੀਮ ਨੇ ਜਰਮਨੀ ਨੂੰ ਹਰਾ ਕੇ ਤਾਂਬੇ ਦਾ ਮੈਡਲ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ।

ਵੱਖ-ਵੱਖ ਅਹੁਦਿਆਂ 'ਤੇ ਵੀ ਰਹੇ ਕਾਮਯਾਬ : ਅਲੀ ਸ਼ਾਹ ਦਾਰਾ ਦੀ ਕੋਚਿੰਗ 'ਚ ਪਾਕਿ ਹਾਕੀ ਟੀਮ ਨੇ ਮੈਲਬਰਨ-1956 ਓਲੰਪਿਕ 'ਚ ਸਿਲਵਰ ਅਤੇ ਰੋਮ-1960 ਓਲੰਪਿਕ 'ਚ ਗੋਲਡ ਮੈਡਲ ਹਾਸਲ ਕੀਤਾ। ਆਪਣੇ ਮੋਿਢਆਂ 'ਤੇ ਤਜਰਬੇਕਾਰ ਕੋਚ ਅਤੇ ਲਾਸਾਨੀ ਹਾਕੀ ਖਿਡਾਰੀ ਦਾ ਸਟਾਰ ਲਗਵਾਉਣ ਵਾਲੇ ਅਲੀ ਸ਼ਾਹ ਦਾਰਾ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦਾ ਉਪ-ਪ੍ਰਧਾਨ ਅਤੇ ਏਸ਼ੀਅਨ ਹਾਕੀ ਫੈਡਰੇਸ਼ਨ (ਐੱਫਏਐੱਚ) ਦੀ ਪ੍ਰਧਾਨਗੀ ਕਰਨ ਦਾ ਮਾਣ ਹਾਸਲ ਹੋਇਆ। ਐੱਫਆਈਐੱਚ 'ਚ ਅਹੁਦੇਦਾਰ ਰਹਿੰਦਿਆਂ ਅਲੀ ਸ਼ਾਹ ਦਾਰਾ ਨੇ ਵਿਸ਼ਵ ਹਾਕੀ ਕੱਪ ਅਤੇ ਸੰਸਾਰ ਹਾਕੀ ਚੈਂਪੀਅਨਜ਼ ਟਰਾਫੀ ਦੇ ਮੁਕਾਬਲੇ ਸ਼ੁਰੂ ਕਰਵਾਉਣ 'ਚ ਵੱਡਾ ਯੋਗਦਾਨ ਪਾਇਆ। ਦਾਰਾ ਅਲੀ ਸ਼ਾਹ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਬੂਰ ਪੈਣ ਸਦਕਾ ਹੀ ਪਲੇਠਾ ਵਿਸ਼ਵ ਹਾਕੀ ਕੱਪ ਬਾਰਸੀਲੋਨਾ-1971 ਅਤੇ ਪਹਿਲੇ 1978 ਚੈਂਪੀਅਨਜ਼ ਹਾਕੀ ਟਰਾਫੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮਾਣ ਲਾਹੌਰ ਸ਼ਹਿਰ ਨੂੰ ਨਸੀਬ ਹੋਇਆ।