ਲੁਸਾਨੇ (ਏਐੱਫਪੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੈਂਬਰ ਡਿਕ ਪਾਊਂਡ ਨੇ ਕਿਹਾ ਕਿ ਖੇਡਾਂ ਦਾ ਮਹਾਕੁੰਭ ਓਲੰਪਿਕ ਇਸ ਸਾਲ ਨਹੀਂ ਕਰਵਾਇਆ ਜਾਵੇਗਾ। ਉਸ ਨੂੰ 2021 ਤਕ ਲਈ ਟਾਲ਼ ਦਿੱਤਾ ਜਾਵੇਗਾ। ਉਨ੍ਹਾਂ ਨੇ ਅਮਰੀਕਾ ਦੇ ਇਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਜਿੱਥੇ ਤਕ ਮੇਰੀ ਜਾਣਕਾਰੀ ਹੈ ਆਈਓਸੀ ਨੇ ਇਸ ਨੂੰ ਟਾਲ਼ਣ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਵਾਇਰਸ ਕਾਰਨ 2020 ਓਲੰਪਿਕ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਈਓਸੀ ਪ੍ਰਧਾਨ ਥਾਮਸ ਬਾਕ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ, ਟੋਕੀਓ ਦੇ ਗਵਰਨਰ ਤੇ ਪ੍ਰਬੰਧਕੀ ਕਮੇਟੀ ਦੇ ਮੁਖੀ ਮੰਗਲਵਾਰ ਦੀ ਰਾਤ ਟੈਲੀਫੋਨ 'ਤੇ ਗੱਲ ਕਰਨਗੇ। ਇਸ ਤੋਂ ਪਹਿਲਾਂ ਬਰਤਾਨਵੀ ਓਲੰਪਿਕ ਸੰਘ ਦੇ ਪ੍ਰਧਾਨ ਨੇ ਕਿਹਾ ਕਿ ਬਰਤਾਨੀਆ ਵੱਲੋਂ ਇਸ ਗਰਮੀ ਵਿਚ ਟੋਕੀਓ ਵਿਚ ਇਕ ਟੀਮ ਭੇਜਣ ਦੀ ਸੰਭਾਵਨਾ ਨਹੀਂ ਹੋਵੇਗੀ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਗ਼ੈਰ ਜ਼ਿੰਮੇਵਾਰਨਾ, ਨਾਮੰਨਣਯੋਗ ਤੇ ਖਿਡਾਰੀਆਂ ਦੇ ਹਿਤਾਂ ਦੀ ਅਣਦੇਖੀ ਕਰਨ ਵਾਲਾ ਹੈ। ਬਰਤਾਨਵੀ ਸਾਈਕਲਿਸਟ ਕਾਲਮ ਸਕੀਨਰ ਨੇ ਬਾਕ 'ਤੇ ਨਿੱਜੀ ਹਿਤਾਂ ਨੂੰ ਤਰਜੀਹ ਦੇਣ ਦਾ ਦੋਸ਼ ਲਾਇਆ। ਆਸਟ੍ਰੇਲੀਆ ਤੇ ਕੈਨੇਡਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜਾਪਾਨ ਵਿਚ ਮੁਕਾਬਲੇ ਨਹੀਂ ਕਰਨਗੇ। ਪਾਊਂਡ ਨੇ ਦੱਸਿਆ ਕਿ ਆਈਓਸੀ ਦੀ ਜਾਣਕਾਰੀ ਦੇ ਆਧਾਰ 'ਤੇ ਮੁਲਤਵੀ ਦਾ ਫ਼ੈਸਲਾ ਕੀਤਾ ਗਿਆ ਹੈ। ਓਲੰਪਿਕ 24 ਜੁਲਾਈ ਤੋਂ ਟੋਕੀਓ ਦੀ ਮੇਜ਼ਬਾਨੀ ਵਿਚ ਸ਼ੁਰੂ ਹੋਣੇ ਸਨ। ਕੈਨੇਡਾ ਦੇ ਰਹਿਣ ਵਾਲੇ ਪਾਊਂਡ ਨੇ ਕਿਹਾ ਕਿ ਆਈਓਸੀ ਟੋਕੀਓ ਓਲੰਪਿਕ ਟਾਲ਼ਣ ਬਾਰੇ ਜਲਦ ਹੀ ਜਾਣਕਾਰੀ ਦੇ ਦੇਵੇਗਾ। ਇਸ ਤੋਂ ਪਹਿਲਾਂ ਕੈਨੇਡਾ ਓਲੰਪਿਕ ਕਮੇਟੀ ਨੇ ਕਿਹਾ ਸੀ ਕਿ ਉਹ ਆਪਣੇ ਖਿਡਾਰੀਆਂ ਨੂੰ ਇਸ ਸਾਲ ਓਲੰਪਿਕ ਵਿਚ ਨਹੀਂ ਭੇਜੇਗਾ ਤੇ ਖੇਡ ਘੱਟੋ ਘੱਟ ਇਕ ਸਾਲ ਲਈ ਟਲ਼ਣੇ ਚਾਹੀਦੇ ਹਨ। ਉਸ ਨੇ ਇਕ ਬਿਆਨ ਵਿਚ ਕਿਹਾ ਸੀ ਿ ਕਓਲੰਪਿਕ 'ਤੇ ਫ਼ੈਸਲਾ ਤੁਰੰਤ ਆਉਣਾ ਚਾਹੀਦਾ ਹੈ। ਅਜਿਹੇ ਸਮੇਂ ਵਿਚ ਖਿਡਾਰੀਆਂ ਲਈ ਅਭਿਆਸ ਕਰਨਾ ਵੀ ਸੁਰੱਖਿਅਤ ਨਹੀਂ ਹੈ। ਇਸ ਤੋਂ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਏਬੀ ਸ਼ਿੰਜੋ ਨੇ ਵੀ ਆਈਓਸੀ ਨੂੰ ਇਸ 'ਤੇ ਤੁਰੰਤ ਫ਼ੈਸਲਾ ਲੈਣ ਲਈ ਕਿਹਾ ਸੀ।

ਤੈਅ ਸਮੇਂ 'ਤੇ ਖੇਡਾਂ ਚਾਹੁੰਦੀ ਸੀ ਆਈਓਸੀ :

ਇਸ ਤੋਂ ਪਹਿਲਾਂ ਆਈਓਸੀ ਲਗਾਤਾਰ ਕਹਿੰਦੀ ਰਹੀ ਸੀ ਕਿ ਖੇਡ 24 ਜੁਲਾਈ ਤੋਂ ਸ਼ੁਰੂ ਹੋਣਗੇ ਹਾਲਾਂਕਿ ਕੋਵਿਡ-19 ਦੇ ਚਲਦੇ ਪੂਰੀ ਦੁਨੀਆ ਵਿਚ ਟੂਰਨਾਮੈਂਟ ਰੱਦ ਹੋ ਗਏ ਹਨ। ਹਰ ਪਾਸੇ ਹੋ ਰਹੀ ਨਿੰਦਾ ਤੋਂ ਬਾਅਦ ਆਈਓਸੀ ਨੇ ਆਖ਼ਰ ਸਵੀਕਾਰ ਕੀਤਾ ਸੀ ਕਿ ਓਲੰਪਿਕ ਮੁਲਤਵੀ ਕਰਨ ਦੀ ਸੰਭਾਵਨਾ 'ਤੇ ਵਿਚਾਰ ਹੋ ਸਕਦਾ ਹੈ। ਬ੍ਰਾਜ਼ੀਲ ਤੇ ਸਲੋਵੇਨੀਆ ਨੇ ਵੀ ਟੀਮਾਂ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਨਿਊਜ਼ੀਲੈਂਡ ਦੇ ਐਥਲੀਟਾਂ ਨੇ ਵੀ ਓਲੰਪਿਕ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।

ਹੁਣ ਅਮਰੀਕਾ ਵੀ ਓਲੰਪਿਕ ਮੁਲਤਵੀ ਕਰਨ ਦੇ ਪੱਖ 'ਚ

ਨਿਊਯਾਰਕ (ਏਐੱਫਪੀ) : ਆਈਓਸੀ 'ਤੇ ਟੋਕੀਓ ਓਲੰਪਿਕ ਨੂੰ ਮੁਲਤਵੀ ਕਰਨ ਲਈ ਦਬਾਅ ਲਗਾਤਾਰ ਵਧ ਰਿਹਾ ਹੈ ਤੇ ਹੁਣ ਅਮਰੀਕਾ ਨੇ ਵੀ ਖੇਡਾਂ ਨੂੰ ਅੱਗੇ ਵਧਾਉਣ ਦਾ ਸਮਰਥਨ ਕਰ ਦਿੱਤਾ ਹੈ ਜਦਕਿ ਖਿਡਾਰੀਆਂ ਨੇ ਚਾਰ ਹਫਤੇ ਦੀ ਸਮਾਂ ਹੱਦ ਦੀ ਨਿੰਦਾ ਕੀਤੀ ਹੈ। ਹੁਣ ਅਮਰੀਕੀ ਓਲੰਪਿਕ ਕਮੇਟੀ ਨੇ ਕਿਹਾ ਹੈ ਕਿ ਖੇਡਾਂ ਮੁਲਤਵੀ ਕਰਨਾ ਹੀ ਸਰਬੋਤਮ ਬਦਲ ਹੈ। ਵਿਸ਼ਵ ਐਥਲੈਟਿਕਸ ਸਮੇਤ ਪੂਰੀ ਦੁਨੀਆ ਦੇ ਖੇਡ ਮਹਾਸੰਘਾਂ ਨੇ 24 ਜੁਲਾਈ ਤੋਂ ਨੌਂ ਅਗਸਤ ਤਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਆਈਓਸੀ ਨੇ ਇਸ ਬਾਰੇ ਚਾਰ ਹਫਤੇ ਅੰਦਰ ਫ਼ੈਸਲਾ ਲੈਣ ਦਾ ਐਲਾਨ ਕੀਤਾ ਹੈ। ਅਮਰੀਕੀ ਓਲੰਪਿਕ ਕਮੇਟੀ ਨੇ 1780 ਅਮਰੀਕੀ ਖਿਡਾਰੀਆਂ ਵਿਚਾਲੇ ਕਰਵਾਏ ਗਏ ਸਰਵੇਅ ਤੋਂ ਬਾਅਦ ਮੁਲਤਵੀ ਦਾ ਸਮਰਥਨ ਕੀਤਾ ਹੈ। ਉਸ ਦੇ 68 ਫੀਸਦੀ ਖਿਡਾਰੀ ਚਾਹੁੰਦੇ ਹਨ ਕਿ ਖੇਡਾਂ ਬਾਅਦ ਵਿਚ ਕਰਵਾਈਆਂ ਜਾਣ। ਕੋਰੋਨਾ ਵਾਇਰਸ ਕਾਰਨ ਦੁਨੀਆ ਵਿਚ ਖੇਡ ਸਰਗਰਮੀਆਂ ਠੱਪ ਹਨ। ਜ਼ਿਆਦਾਤਰ ਓਲੰਪਿਕ ਕੁਆਲੀਫਾਇਰ ਵੀ ਨਹੀਂ ਹੋ ਸਕੇ ਹਨ। ਅਮਰੀਕੀ ਓਲੰਪਿਕ ਤੇ ਪੈਰਾਲੰਪਿਕ ਕਮੇਟੀ ਨੇ ਕਿਹਾ ਹੈ ਕਿ ਖਿਡਾਰੀਆਂ ਦੇ ਜਵਾਬ ਵਿਚ ਸਭ ਤੋਂ ਅਹਿਮ ਗੱਲ ਸਾਹਮਣੇ ਆਈ ਹੈ ਕਿ ਮੌਜੂਦਾ ਹਾਲਾਤ ਸੁਧਰਣ 'ਤੇ ਵੀ ਅਭਿਆਸ ਦੇ ਮਾਹੌਲ, ਡੋਪ ਕੰਟਰੋਲ, ਕੁਆਲੀਫਿਕੇਸ਼ਨ ਵਰਗੀਆਂ ਪ੍ਰਕਿਰਿਆਵਾਂ ਵਿਚ ਅੜਿੱਕਾ ਆਵੇਗਾ। ਅਮਰੀਕੀ ਜਿਮਨਾਸਟਿਕਸ, ਅਮਰੀਕੀ ਤੈਰਾਕੀ ਤੇ ਟ੍ਰੈਕ ਐਂਡ ਫੀਲਡ ਪਹਿਲਾਂ ਹੀ ਮੁਲਤਵੀ ਦੀ ਮੰਗ ਕਰ ਚੁੱਕੇ ਹਨ।

ਆਈਓਸੀ ਮੈਂਬਰ ਦਾ ਓਲੰਪਿਕ 'ਤੇ ਬਿਆਨ ਅਧਿਕਾਰਕ ਨਹੀਂ : ਆਈਓਏ

ਨਵੀਂ ਦਿੱਲੀ (ਏਐੱਫਪੀ) : ਭਾਰਤੀ ਓਲੰਪਿਕ ਸੰਘ (ਆਈਓਏ) ਨੇ ਕਿਹਾ ਹੈ ਕਿ ਆਈਓਸੀ ਨੇ ਟੋਕੀਓ ਓਲੰਪਿਕ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਅਜੇ ਤਕ ਨਹੀਂ ਲਿਆ ਹੈ। ਨਾਲ ਹੀ ਕਿਹਾ ਹੈ ਕਿ ਇਸ ਸਬੰਧੀ ਫ਼ੈਸਲਾ ਆਉਣ ਵਾਲੇ ਚਾਰ ਹਫਤੇ ਅੰਦਰ ਲਿਆ ਜਾਵੇਗਾ। ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਹੈ ਕਿ ਸਾਨੂੰ ਆਈਓਸੀ ਤੋਂ ਇਸ ਸਬੰਧੀ ਕੋਈ ਅਧਿਕਾਰਕ ਦਸਤਾਵੇਜ਼ ਨਹੀਂ ਮਿਲਿਆ ਹੈ। ਅਜੇ ਤਕ ਆਈਓਸੀ ਦਾ ਜੋ ਰੁਖ਼ ਹੈ ਉਹ ਇਹ ਹੈ ਕਿ ਉਹ ਆਉਣ ਵਾਲੇ ਚਾਰ ਹਫਤੇ ਵਿਚ ਇਸ 'ਤੇ ਫੈਸਲਾ ਲਵੇਗੀ। ਆਈਓਏ ਨੇ ਇਹ ਗੱਲ ਆਈਓਸੀ ਦੇ ਮੈਂਬਰ ਡਿਕ ਪਾਊਂਡ ਦੇ ਉਸ ਬਿਆਨ ਤੋਂ ਬਾਅਦ ਕਹੀ ਹੈ ਜਿਸ ਵਿਚ ਉਨ੍ਹਾਂ ਨੇ ਕੋਰੋਨਾ ਵਾਇਰਸ ਕਾਰਨ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ ਦੀ ਗੱਲ ਕਹੀ ਹੈ। ਮਹਿਤਾ ਨੇ ਇਸ 'ਤੇ ਕਿਹਾ ਕਿ ਮੈਂ ਪਾਊਂਡ ਦੇ ਬਿਆਨ ਨੂੰ ਅਧਿਕਾਰ ਬਿਆਨ ਨਹੀਂ ਸਮਝਦਾ।