ਟੋਕੀਓ (ਏਐੱਫਪੀ) : ਜਾਪਾਨ ਦੇ ਪ੍ਰਧਾਨ ਮੰਤਰੀ ਤੇ ਅੰਤਰਰਾਸ਼ਟਰੀ ਓਲੰਪਿਕ ਸੰਘ (ਆਈਓਸੀ) ਮੰਗਲਵਾਰ ਨੂੰ ਟੋਕੀਓ 2020 ਓਲੰਪਿਕ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰਨ ਲਈ ਰਾਜ਼ੀ ਹੋ ਗਏ। ਇਹ ਫ਼ੈਸਲਾ ਪੂਰੀ ਦੁਨੀਆ ਦੇ ਦੇਸ਼ਾਂ ਦੇ ਕੋਰੋਨਾ ਵਾਇਰਸ ਨਾਲ ਜੂਝਣ ਕਾਰਨ ਲਿਆ ਗਿਆ ਹੈ ਤੇ ਇਹ ਓਲੰਪਿਕ ਦੇ 124 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨਾ ਪਿਆ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਕਿਹਾ ਹੈ ਕਿ ਮੈਂ ਆਈਓਸੀ ਪ੍ਰਧਾਨ ਥਾਮਸ ਬਾਕ ਨਾਲ ਮੰਗਲਵਾਰ ਨੂੰ ਟੈਲੀਫੋਨ 'ਤੇ ਗੱਲਬਾਤ ਵਿਚ ਓਲੰਪਿਕ ਨੂੰ ਇਕ ਸਾਲ ਮੁਲਤਵੀ ਕਰਨ ਦਾ ਫ਼ੈਸਲਾ ਲੈਣ ਲਈ ਕਿਹਾ ਸੀ ਜਿਸ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਮੰਨ ਲਿਆ ਹੈ। ਉਥੇ ਇਹ ਫ਼ੈਸਲਾ ਟੋਕੀਓ ਸ਼ਹਿਰ ਲਈ ਵੱਡਾ ਝਟਕਾ ਹੋ ਸਕਦਾ ਹੈ ਕਿਉਂਕਿ ਪ੍ਰਬੰਧਕਾਂ ਨੇ ਤੈਅ ਸਮੇਂ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ। ਸਟੇਡੀਅਮ ਵੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਤੇ ਟਿਕਟਾਂ ਵੀ ਵਿਕਣੀਆਂ ਸ਼ੁਰੂ ਹੋ ਗਈਆਂ ਸਨ। ਓਲੰਪਿਕ ਬਾਈਕਾਟ ਅੱਤਵਾਦੀ ਹਮਲੇ ਤੇ ਪ੍ਰਦਰਸ਼ਨਾਂ ਦਾ ਗਵਾਹ ਰਿਹਾ ਹੈ ਪਰ 1948 ਤੋਂ ਇਹ ਹਰੇਕ ਚਾਰ ਸਾਲ ਬਾਅਦ ਹੁੰਦਾ ਆਇਆ ਹੈ। ਇਹ ਕੋਰੋਨਾ ਕਾਰਨ ਪ੍ਰਭਾਵਿਤ ਹੋਈਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੇਡਾਂ ਹਨ। ਵਾਇਰਸ ਕਾਰਨ ਪੂਰੀ ਦੁਨੀਆ ਦੀਆਂ ਸਾਰੀਆਂ ਖੇਡਾਂ ਇਸ ਕਾਰਨ ਬੰਦ ਹਨ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਅਗਲੇ ਸਾਲ ਇਹ ਖੇਡਾਂ ਕਿਸ ਸਮੇਂ ਕਰਵਾਈਆਂ ਜਾਣਗੀਆਂ। ਆਈਓਸੀ 'ਤੇ ਪਿਛਲੇ ਕੁਝ ਦਿਨਾਂ ਤੋਂ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ ਦਾ ਦਬਾਅ ਬਣ ਰਿਹਾ ਸੀ। 24 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਦੇਸ਼ ਕੋਰੋਨਾ ਨਾਲ ਲੜਾਈ ਲੜ ਰਹੇ ਸਨ। ਟ੍ਰੇਨਿੰਗ ਕਰਨਾ ਕਈ ਐਥਲੀਟਾਂ ਲਈ ਨਾਮੁਮਕਿਨ ਹੋ ਗਿਆ ਤੇ ਉਨ੍ਹਾਂ ਕੋਲ ਘਰਾਂ ਵਿਚ ਬੰਦ ਹੋਣ ਦਾ ਇੱਕੋ ਇਕ ਬਦਲ ਸੀ। ਟੂਰਨਾਮੈਂਟ ਤੇ ਕੁਆਲੀਫਾਇਰਜ਼ ਰੱਦ ਹੋ ਗਏ, ਉਥੇ ਪੂਰੀ ਦੁਨੀਆ ਵਿਚ ਯਾਤਰਾ ਵੀ ਇਸ ਸਮੇਂ ਬੰਦ ਹੋ ਚੁੱਕੀ ਹੈ। ਐਤਵਾਰ ਨੂੰ ਹੀ ਆਈਓਸੀ ਨੇ ਖੇਡਾਂ ਦੀ ਮੁਲਤਵੀ ਤੇ ਫ਼ੈਸਲਾ ਚਾਰ ਹਫ਼ਤੇ ਅੰਦਰ ਲੈਣ ਦੀ ਗੱਲ ਕਹੀ ਸੀ ਪਰ ਕੈਨੇਡਾ ਤੇ ਆਸਟ੍ਰੇਲੀਆ ਸਮੇਤ ਅਮਰੀਕੀ ਓਲੰਪਿਕ ਸੰਘ, ਵਿਸ਼ਵ ਐਥਲੈਟਿਕਸ ਦੇ ਤੈਅ ਸਮੇਂ 'ਤੇ ਓਲੰਪਿਕ ਹੋਣ 'ਤੇ ਬਾਈਕਾਟ ਦੀ ਗੱਲ ਕਹਿਣ 'ਤੇ ਜੁਲਾਈ ਤੋਂ ਖੇਡਾਂ ਦਾ ਸ਼ੁਰੂ ਹੋਣਾ ਲਗਭਗ ਨਾਮੁਮਕਿਨ ਹੋ ਗਿਆ ਸੀ। ਟੋਕੀਓ ਨੇ ਖੇਡਾਂ ਕਰਵਾਉਣ ਲਈ 960 ਅਰਬ ਰੁਪਏ ਖ਼ਰਚ ਕੀਤੇ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਓਲੰਪਿਕ ਮੁਲਤਵੀ ਕਰਨ 'ਤੇ ਉਨ੍ਹਾਂ ਨੂੰ 457 ਅਰਬ ਰੁਪਏ ਦਾ ਨੁਕਸਾਨ ਹੋਵੇਗਾ। ਇਸ ਨਾਲ ਸਪਾਂਸਰ ਤੇ ਵੱਡੇ ਬ੍ਰਾਡਕਾਸਟਰਾਂ ਨੂੰ ਵੀ ਨੁਕਸਾਨ ਹੋਵੇਗਾ ਜੋ ਹਰੇਕ ਚਾਰ ਸਾਲ ਵਿਚ ਇਸ਼ਤਿਹਾਰਾਂ ਤੋਂ ਹੋਣ ਵਾਲੀ ਵੱਡੀ ਕਮਾਈ ਬਾਰੇ ਸੋਚਦੇ ਹਨ।

ਟੋਕੀਓ 2020 ਦੇ ਨਾਂ ਨਾਲ ਜਾਣਿਆ ਜਾਵੇਗਾ

ਆਈਓਸੀ ਵੱਲੋਂ ਕਿਹਾ ਗਿਆ ਹੈ ਕਿ ਚਾਹੇ ਹੀ ਇਹ ਖੇਡਾਂ ਹੁਣ ਅਗਲੇ ਸਾਲ ਹੋਣਗੀਆਂ ਪਰ ਇਹ ਟੋਕੀਓ 2020 ਦੇ ਨਾਂ ਨਾਲ ਜਾਣੀਆਂ ਜਾਣਗੀਆਂ। ਆਈਓਸੀ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਤੇ ਡਬਲਯੂਐੱਚਓ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਆਈਓਸੀ ਪ੍ਰਧਾਨ ਤੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਇਸ ਨਤੀਜੇ 'ਤੇ ਪੁੱਜੇ ਹਨ ਕਿ 2020 ਓਲੰਪਿਕ ਨੂੰ ਮੁਲਤਵੀ ਕੀਤਾ ਜਾਵੇ ਪਰ ਇਸ ਨੂੰ 2021 ਦੀਆਂ ਗਰਮੀਆਂ ਤੋਂ ਅੱਗੇ ਨਹੀਂ ਵਧਾਇਆ ਜਾਵੇਗਾ।

ਓਲੰਪਿਕ 'ਤੇ ਵਿਸ਼ਵ ਜੰਗ ਦੀ ਵੀ ਪਈ ਸੀ ਮਾਰ

ਟੋਕੀਓ (ਏਐੱਫਪੀ) : ਹੁਣ ਤਕ ਤਿੰਨ ਵਾਰ ਓਲੰਪਿਕ ਖੇਡਾਂ ਰੱਦ ਹੋਈਆਂ ਸਨ ਪਰ ਕਦੀ ਮੁਲਤਵੀ ਨਹੀਂ ਹੋਈਆਂ ਸਨ। 1916, 1940, 1944 ਖੇਡਾਂ 'ਤੇ ਵਿਸ਼ਵ ਜੰਗ ਦੀ ਮਾਰ ਪਈ ਸੀ ਤੇ ਇਹ ਰੱਦ ਹੋ ਗਏ ਸਨ। ਉਥੇ ਇਹ ਪਹਿਲਾ ਮੌਕਾ ਨਹੀਂ ਹੈ ਜਦ ਜਾਪਾਨ ਨੂੰ ਓਲੰਪਿਕ ਕਰਵਾਉਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ 1940 ਵਿਚ ਪਹਿਲੀ ਵਾਰ ਕਿਸੇ ਏਸ਼ਿਆਈ ਦੇਸ਼ ਨੂੰ ਓਲੰਪਿਕ ਦੀ ਮੇਜ਼ਬਾਨੀ ਮਿਲੀ ਸੀ ਪਰ ਤਦ ਦੂਜੀ ਵਿਸ਼ਵ ਜੰਗ ਦਾ ਇਸ 'ਤੇ ਅਸਰ ਪਿਆ ਸੀ ਤੇ ਇਹ ਰੱਦ ਹੋ ਗਏ ਸਨ।

ਦਬਾਅ 'ਚ ਸੀ ਆਈਓਸੀ

ਆਈਓਸੀ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ 'ਤੇ ਕੋਈ ਫ਼ੈਸਲਾ ਨਹੀਂ ਲੈ ਰਿਹਾ ਸੀ ਜਿਸ ਤੋਂ ਬਾਅਦ ਤੋਂ ਉਸ 'ਤੇ ਇਨ੍ਹਾਂ ਨੂੰ ਮੁਲਤਵੀ ਕਰਨ ਦਾ ਦਬਾਅ ਲਗਾਤਾਰ ਵਧ ਰਿਹਾ ਸੀ ਕਿਉਂਕਿ ਐੱਨਬੀਏ, ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਵਰਗੇ ਟੂਰਨਾਮੈਂਟ ਪਹਿਲਾਂ ਹੀ ਰੱਦ ਹੋ ਚੁੱਕੇ ਸਨ। ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਨੇ ਖੇਡਾਂ ਦਾ ਬਾਈਕਾਟ ਕਰ ਦਿੱਤਾ ਸੀ ਤਾਂ ਬਰਤਾਨੀਆ, ਅਮਰੀਕਾ, ਨਿਊਜ਼ੀਲੈਂਡ, ਇੰਡੋਨੇਸ਼ੀਆ ਤੇ ਵਿਸ਼ਵ ਐਥਲੈਟਿਕਸ ਨੇ ਕਿਹਾ ਸੀ ਕਿ ਜੇ ਓਲੰਪਿਕ ਤੈਅ ਸਮੇਂ 'ਤੇ ਹੁੰਦੇ ਹਨ ਤਾਂ ਉਹ ਇਸ ਦਾ ਬਾਈਕਾਟ ਕਰ ਦੇਣਗੇ। ਬਰਤਾਨਵੀ ਸਾਈਕਲਿਸਟ ਕੈਲਮ ਸਕੀਨਰ ਨੇ ਆਈਓਸੀ ਪ੍ਰਧਾਨ ਬਾਕ ਦੀ ਨਿੰਦਾ ਕੀਤੀ ਸੀ ਤੇ ਕਿਹਾ ਸੀ ਕਿ ਉਹ ਆਪਣਾ ਨਿੱਜੀ ਸੁਆਰਥ ਸਭ ਤੋਂ ਪਹਿਲਾਂ ਦੇਖ ਰਹੇ ਹਨ। ਇਸ ਤੋਂ ਪਹਿਲਾਂ ਜਰਮਨੀ ਓਲੰਪਿਕ ਸੰਘ ਦੇ ਪ੍ਰਧਾਨ ਅਲਫੋਂਸ ਹੋਏਰਮੈਨ ਨੇ ਵੀ ਕਿਹਾ ਸੀ ਕਿਓਲੰਪਿਕ ਅਗਲੇ ਸਾਲ ਤਕ ਮੁਲਤਵੀ ਹੋਣੇ ਚਾਹੀਦੇ ਹਨ। ਆਈਓਸੀ ਨੂੰ ਇਸ 'ਤੇ ਸੋਚਣਾ ਚਾਹੀਦਾ ਹੈ।

16 ਦਿਨਾਂ ਦੀਆਂ ਖੇਡਾਂ ਮੁਸ਼ਕਲ

ਉਥੇ 2021 ਵਿਚ 16 ਦਿਨ ਦੀਆਂ ਖੇਡਾਂ ਕਰਵਾਉਣਾ ਇੰਨਾ ਸੌਖਾ ਕੰਮ ਵੀ ਨਹੀਂ ਹੈ ਕਿਉਂਕਿ ਅਗਲੇ ਸਾਲ ਵਿਸ਼ਵ ਤੈਰਾਕੀ ਤੇ ਵਿਸ਼ਵ ਐਥਲੈਟਿਕਸ ਵਰਗੇ ਵੱਡੇ ਟੂਰਨਾਮੈਂਟ ਹਨ। ਹਾਲਾਂਕਿ ਹੁਣ ਇਹ ਦੋਵੇਂ ਟੂਰਨਾਮੈਂਟ ਅਗਲੇ ਸਾਲ ਰੋਕੇ ਜਾ ਸਕਦੇ ਹਨ। ਹਾਲਾਂਕਿ ਵਿਸ਼ਵ ਐਥਲੈਟਿਕਸ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੇ ਓਲੰਪਿਕ ਅਗਲੇ ਸਾਲ ਹੁੰਦਾ ਹੈ ਤਾਂ 6-15 ਅਗਸਤ 2021 ਤਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਨੂੰ ਅੱਗੇ ਵਧਾਇਆ ਜਾ ਸਕਦਾ ਹੈ।