ਪੈਰਿਸ (ਏਐੱਫਪੀ) : ਅੰਤਰਰਾਸ਼ਟਰੀ ਓਲੰਪਿਕ ਸੰਘ (ਆਈਓਸੀ) ਪ੍ਰਬੰਧਕਾਂ 'ਤੇ ਟੋਕੀਓ ਖੇਡਾਂ 2020 ਨੂੰ ਮੁਲਤਵੀ ਕਰਨ ਦਾ ਹੁਣ ਦਬਾਅ ਵਧਣ ਲੱਗਾ ਹੈ। ਹੁਣ ਅਮਰੀਕਾ ਟ੍ਰੈਕ ਐਂਡ ਫੀਲਡ ਫੈਡਰੇਸ਼ਨ ਨੇ ਵੀ ਕੋਰੋਨਾ ਵਾਇਰਸ ਕਾਰਨ ਓਲੰਪਿਕ ਨੂੰ ਮੁਲਤਵੀ ਕਰਨ ਦੀ ਮੰਗ ਕਰ ਦਿੱਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਹੈਡ ਮੈਕਸ ਨੇ ਅਮਰੀਕਾ ਓਲੰਪਿਕ ਤੇ ਪੈਰਾਲੰਪਿਕ ਕਮੇਟੀ (ਯੂਐੱਸਓਪੀਸੀ) ਨੂੰ ਪੱਤਰ ਲਿਖ ਕੇ ਓਲੰਪਿਕ ਨੂੰ ਮੁਲਤਵੀ ਕਰਨ ਦੀ ਮੰਗ ਕਰਨ ਨੂੰ ਕਿਹਾ ਹੈ। ਉਥੇ ਹੁਣ ਅੰਤਰਰਾਸ਼ਟਰੀ ਓਲੰਪਿਕ ਸੰਘ ਨੇ ਵੀ ਆਪਣੇ ਮੈਂਬਰ ਦੇਸ਼ਾਂ ਤੋਂ ਖਿਡਾਰੀਆਂ ਦੀਆਂ ਤਿਆਰੀਆਂ ਤੇ ਕੋਰੋਨਾ ਨਾਲ ਹੋਏ ਨੁਕਸਾਨ ਦੀਆਂ ਜਾਣਕਾਰੀਆਂ ਮੰਗੀਆਂ ਹਨ। ਸ਼ੁੱਕਰਵਾਰ ਨੂੰ ਅਮਰੀਕਾ ਤੈਰਾਕੀ ਸੰਘ ਦੇ ਓਲੰਪਿਕ ਨੂੰ ਮੁਲਤਵੀ ਕਰਨ ਦੀ ਵਕਾਲਤ ਕਰਨ ਤੋਂ ਬਾਅਦ ਤੋਂ ਹੀ ਆਈਓਸੀ ਪੂਰੀ ਤਰ੍ਹਾਂ ਦਬਾਅ 'ਚ ਬਣੀ ਹੋਈ ਹੈ। ਆਈਓਸੀ ਨੇ ਆਪਣੇ ਮੈਂਬਰ ਦੇਸ਼ਾਂ ਤੋਂ ਪੁੱਿਛਆ ਹੈ ਕਿ ਐਮਰਜੈਂਸੀ ਕਾਰਨ ਕਿਸ ਤਰ੍ਹਾਂ ਤੁਹਾਡੇ ਐਥਲੀਟਾਂ ਦੀਆਂ ਓਲੰਪਿਕ ਤਿਆਰੀਆਂ ਵਿਚ ਰੁਕਾਵਟ ਆ ਰਹੀ ਹੈ। ਸਵਾਲਾਂ ਵਿਚ ਆਈਓਸੀ ਨੇ ਸੰਭਵ ਬਦਲਾਅ ਜਾਂ ਟ੍ਰੇਨਿੰਗ ਕੈਂਪ ਲਈ ਥਾਂ ਦੀ ਤਬਦੀਲੀ ਵਰਗੇ ਜਵਾਬ ਮੰਗੇ ਹਨ। ਓਲੰਪਿਕ ਨੂੰ ਮੁਲਤਵੀ ਕਰਨ ਲਈ ਹੁਣ ਆਵਾਜ਼ ਉੱਠਣ ਲੱਗੀਆਂ ਹਨ ਕਿਉਂਕਿ ਯੂਰੋ 2020 ਫੁੱਟਬਾਲ ਟੂਰਨਾਮੈਂਟ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਯੂਐੱਸਓਪੀਸੀ ਨੇ ਕਿਹਾ ਕਿ 24 ਜੁਲਾਈ ਤੋਂ ਨੌਂ ਅਗਸਤ ਤਕ ਹੋਣ ਵਾਲੇ ਓਲੰਪਿਕ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਜਲਦਬਾਜ਼ੀ ਵਾਲਾ ਹੋਵੇਗਾ। ਉਥੇ ਅੰਤਰਰਾਸ਼ਟਰੀ ਓਲੰਪਿਕ ਸੰਘ (ਆਈਓਸੀ) ਨੇ ਕਿਹਾ ਕਿ ਇੰਨੀ ਜਲਦੀ ਓਲੰਪਿਕ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਨਹੀਂ ਲਿਆ ਜਾ ਸਕਦਾ। ਮੈਕਸ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਸਹੀ ਤੇ ਜ਼ਿੰਮੇਵਾਰੀ ਵਾਲਾ ਫ਼ੈਸਲਾ ਇਹ ਹੈ ਕਿ ਸਾਰਿਆਂ ਦੀ ਸਿਹਤ ਤੇ ਸੁਰੱਖਿਆ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਇਹ ਬਹੁਤ ਮਸ਼ਕਲ ਸਥਿਤੀ ਹੈ ਤੇ ਸਾਡੇ ਐਥਲੀਟਾਂ ਦੀਆਂ ਓਲੰਪਿਕ ਦੀਆਂ ਤਿਆਰੀਆਂ 'ਤੇ ਅਸਰ ਪੈ ਰਿਹਾ ਹੈ।

ਯੂਐੱਸਓਪੀਸੀ ਆਗੂ ਦੀ ਭੂਮਿਕਾ ਨਿਭਾਵੇ

ਸ਼ਨਿਚਰਵਾਰ ਨੂੰ ਅਮਰੀਕਾ ਤੈਰਾਕੀ ਸੰਘ ਨੇ ਵੀ ਯੂਐੱਸਓਪੀਸੀ ਨੂੰ ਕਿਹਾ ਸੀ ਕਿ ਉਹ ਓਲੰਪਿਕ ਮੁਲਤਵੀ ਕਰਨ ਦੀ ਵਕਾਲਤ ਕਰੇ। ਤੈਰਾਕੀ ਸੰਘ ਦੀ ਸੀਈਓ ਟਿਮ ਹਿੰਚੇ ਨੇ ਕਿਹਾ ਸੀ ਕਿ ਅਸੀਂ ਯੂਐੱਸਓਪੀਸੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਆਗੂ ਵਜੋਂ ਓਲੰਪਿਕ ਨੂੰ ਮੁਲਤਵੀ ਕਰਨ ਦੀ ਵਕਾਲਤ ਕਰੇ। ਇਸ ਤੋਂ ਬਾਅਦ ਸ਼ਨਿਚਰਵਾਰ ਨੂੰ ਹੀ ਫਰਾਂਸ ਦੇ ਤੈਰਾਕੀ ਸੰਘ ਨੇ ਵੀ ਕਿਹਾ ਸੀ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਓਲੰਪਿਕ ਨਹੀਂ ਕਰਵਾਇਆ ਜਾ ਸਕਦਾ।

ਤਿਆਰ ਨਹੀਂ ਹਨ ਖਿਡਾਰੀ :

ਸਪੇਨ ਦੇ ਐਥਲੈਟਿਕਸ ਸੰਘ ਨੇ ਵੀ ਆਪਣੀ ਆਵਾਜ਼ ਉਠਾਈ ਤੇ ਕਿਹਾ ਕਿ ਸਪੈਨਿਸ਼ ਐਥਲੈਟਿਕਸ ਫੈਡਰੇਸ਼ਨ ਦੇ ਬੋਰਡ ਆਫ ਡਾਇਰੈਕਟਰ ਨੇ ਸਪੇਨ ਦੇ ਐਥਲੀਟਾਂ ਦੀ ਥਾਂ ਕਿਹਾ ਕਿ ਉਹ ਓਲੰਪਿਕ ਮੁਲਤਵੀ ਕਰਨ ਦੀ ਵਕਾਲਤ ਕਰਨ। ਇਸ ਸਥਿਤੀ ਵਿਚ ਓਲੰਪਿਕ ਦੀ ਤਿਆਰੀ ਨਹੀਂ ਕੀਤੀ ਜਾ ਸਕਦੀ ਹੈ। ਦੁਨੀਆ ਭਰ ਦੇ ਐਥਲੀਟਾਂ ਦੀ ਮੁਕਾਬਲਾ ਕਰਨ ਦੀ ਤਿਆਰੀ ਨਹੀਂ ਹੈ। ਸਪੇਨ ਵਿਚ 1320 ਲੋਕਾਂ ਦੀ ਮੌਤ ਹੋ ਚੁੱਕੀਆਂ ਹਨ।

ਸੁਰੱਖਿਆ ਨੂੰ ਖ਼ਤਰੇ 'ਚ ਨਹੀਂ ਪਾਇਆ ਜਾ ਸਕਦਾ :

ਸ਼ਨਿਚਰਵਾਰ ਨੂੰ ਵਿਸ਼ਵ ਐਥਲੈਟਿਕਸ ਦੇ ਪ੍ਰਧਾਨ ਸੇਬੇਸਟੀਅਨ ਕੋ ਨੇ ਵੀ ਕਿਹਾ ਸੀ ਕਿ ਮੈਨੂੰ ਨਹੀਂ ਲਗਦਾ ਕਿ ਓਲੰਪਿਕ ਖੇਡਾਂ ਹੋਣੀਆਂ ਚਾਹੀਦੀਆਂ ਹਨ। ਐਥਲੀਟਾਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਨਹੀਂ ਪਾਇਆ ਜਾ ਸਕਦਾ। ਉਥੇ ਨਾਰਵੇ ਓਲੰਪਿਕ ਕਮੇਟੀ ਨੇ ਵੀ ਆਈਓਸੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਨਾਰਵੇ ਸਰਕਾਰ ਨੇ ਸਾਰੀ ਤਰ੍ਹਾਂ ਦੀਆਂ ਖੇਡ ਸਰਗਰਮੀਆਂ ਨੂੰ ਬੰਦ ਕਰ ਦਿੱਤਾ ਹੈ। ਇਸ ਕਾਰਨ ਖੇਡਾਂ ਨੂੰ ਅੱਗੇ ਵਧਾਉਣ ਲਈ ਨਾਰਵੇ ਮੁਸ਼ਕਲ ਸਥਿਤੀ 'ਚੋਂ ਗੁਜ਼ਰ ਰਿਹਾ ਹੈ। ਗ੍ਰੇਟ ਬਿ੍ਟੇਨ ਦੇ ਨਵੇਂ ਚੇਅਰਮੈਨ ਨੇ ਵੀ ਓਲੰਪਿਕ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ।