ਟੋਕੀਓ (ਏਪੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਤੇ ਸਥਾਨਕ ਪ੍ਰਬੰਧਕਾਂ ਨੂੰ ਇਨ੍ਹਾਂ ਖ਼ਬਰਾਂ ਨਾਲ ਜੂਝਣਾ ਪੈ ਰਿਹਾ ਹੈ ਕਿ ਮੁਲਤਵੀ ਹੋ ਚੁੱਕੇ ਟੋਕੀਓ ਓਲੰਪਿਕ ਨੂੰ ਰੱਦ ਕਰ ਦਿੱਤਾ ਜਾਵੇਗਾ ਪਰ ਉਪ ਮੁੱਖ ਕੈਬਨਿਟ ਸਕੱਤਰ ਤੇ ਪ੍ਰਧਾਨ ਮੰਤਰੀ ਦੇ ਸਹਿਯੋਗੀ ਮਨਾਗੂ ਸਕਾਈ ਨੇ ਓਲੰਪਿਕ ਰੱਦ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ ਹੈ। ਟੋਕੀਓ ਦੀ ਰਾਜਪਾਲ ਯੂਰੀਕੋ ਕੋਇਕੇ ਨੇ ਵੀ ਕਿਹਾ ਕਿ ਮੈਂ ਕਦੀ ਅਜਿਹੀ ਚੀਜ਼ ਬਾਰੇ ਨਹੀਂ ਸੁਣਿਆ। ਜਾਪਾਨ ਸੁਪਨੇ ਵਿਚ ਵੀ ਓਲੰਪਿਕ ਰੱਦ ਹੋਣ ਦੀ ਗੱਲ ਸੋਚ ਨਹੀਂ ਸਕਦਾ। ਕੋਰੋਨਾ ਵਾਇਰਸ ਮਹਾਮਾਰੀ ਦੇ ਫ਼ੈਲਣ ਦੇ 10 ਮਹੀਨੇ ਪਹਿਲਾਂ ਮੁਲਤਵੀ ਕੀਤੇ ਗਏ ਟੋਕੀਓ ਓਲੰਪਿਕ ਦਾ ਉਦਘਾਟਨ ਸਮਾਗਮ 23 ਜੁਲਾਈ ਨੂੰ ਹੋਣਾ ਹੈ ਪਰ ਇਨ੍ਹਾਂ ਖੇਡਾਂ 'ਤੇ ਇਕ ਵਾਰ ਮੁੜ ਖ਼ਤਰਾ ਮੰਡਰਾ ਰਿਹਾ ਹੈ। ਜ਼ਿਕਰਯੋਗ ਹੈ ਕਿ ਆਖ਼ਰੀ ਵਾਰ ਦੂਜੀ ਸੰਸਾਰ ਜੰਗ ਦੌਰਾਨ ਓਲੰਪਿਕ ਖੇਡਾਂ ਰੱਦ ਹੋਈਆਂ ਸਨ। ਇਸ ਤੋਂ ਬਾਅਦ ਹੁਣ 2020 ਵਿਚ ਕੋਰੋਨਾ ਵਾਇਰਸ ਕਾਰਨ ਇਸ ਨੂੰ ਇਕ ਸਾਲ ਲਈ ਮੁਲਤਵੀ ਕੀਤਾ ਗਿਆ ਹੈ। ਦ ਟਾਈਮਜ਼ ਆਫ ਲੰਡਨ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਖੇਡਾਂ ਨੂੰ ਰੱਦ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਸਥਾਨਕ ਪ੍ਰਬੰਧਕੀ ਕਮੇਟੀ ਵੱਲੋਂ ਕਿਹਾ ਗਿਆ ਕਿ ਓਲੰਪਿਕ ਦੀ ਤਿਆਰੀ ਅੱਗੇ ਵਧ ਰਹੀ ਹੈ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਦਾ ਸਮਰਥਨ ਹਾਸਲ ਹੈ। ਕਮੇਟੀ ਨੇ ਕਿਹਾ ਕਿ ਜਾਪਾਨ ਸਰਕਾਰ, ਟੋਕੀਓ ਸੂਬਾਈ ਸਰਕਾਰ, ਟੋਕੀਓ 2020 ਪ੍ਰਬੰਧਕੀ ਕਮੇਟੀ, ਆਈਓਸੀ ਤੇ ਆਈਪੀਸੀ (ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ) ਸਮੇਤ ਸਾਡੇ ਸਾਰੇ ਭਾਈਵਾਲਾਂ ਦਾ ਧਿਆਨ ਇਨ੍ਹਾਂ ਗਰਮੀਆਂ ਵਿਚ ਖੇਡਾਂ ਦੀ ਮੇਜ਼ਬਾਨੀ 'ਤੇ ਹੈ। ਸਾਨੂੰ ਉਮੀਦ ਹੈ ਕਿ ਜਿੰਨਾ ਜਲਦੀ ਸੰਭਵ ਹੋਵੇ ਰੋਜ਼ਾਨਾ ਜੀਵਨ ਆਮ ਹੋਵੇਗਾ ਤੇ ਅਸੀਂ ਸੁਰੱਖਿਅਤ ਖੇਡਾਂ ਲਈ ਕੋਸ਼ਿਸ਼ ਜਾਰੀ ਰੱਖਾਂਗੇ।