ਨਵੀਂ ਦਿੱਲੀ (ਜੇਐੱਨਐੱਨ) : ਦੁਨੀਆ ਦੇ ਨੰਬਰ ਇਕ ਮਰਦ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਇਸ ਸਰਬੀਆਈ ਟੈਨਿਸ ਖਿਡਾਰੀ ਨੇ ਪਿਛਲੇ ਦਿਨੀਂ ਸਰਬੀਆ ਤੇ ਕ੍ਰੋਏਸ਼ੀਆ ਵਿਚ ਕਰਵਾਈ ਪ੍ਰਦਰਸ਼ਨੀ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ ਜਿੱਥੇ ਕਈ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ। ਉਸ ਤੋਂ ਬਾਅਦ ਨੋਵਾਕ ਨੇ ਆਪਣੀ ਜਾਂਚ ਕਰਵਾਈ ਸੀ। ਜ਼ਿਕਰਯੋਗ ਹੈ ਕਿ ਫਾਈਨਲ ਦੇ ਰੱਦ ਹੋਣ ਤੋਂ ਬਾਅਦ ਉਹ ਕ੍ਰੋਏਸ਼ੀਆ ਤੋਂ ਚਲੇ ਗਏ ਸਨ ਤੇ ਬੇਲਗ੍ਰੇਡ ਵਿਚ ਉਨ੍ਹਾਂ ਦੀ ਜਾਂਚ ਹੋਈ। ਜਾਂਚ ਵਿਚ ਜੋਕੋਵਿਕ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਪਹਿਲਾਂ ਪ੍ਰਦਸ਼ਨੀ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਵਿਕਟਰ ਟ੍ਰਾਇਕੀ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਨੋਵਾਕ ਅਤੇ ਉਨ੍ਹਾਂ ਦੀ ਗਰਭਵਤੀ ਪਤਨੀ ਦੋਵੇਂ ਕੋਰੋਨਾ ਵਾਇਰਸ ਨਾਲ ਪੀੜਤ ਹਨ। ਸਰਬੀਆ ਦੇ ਖਿਡਾਰੀ ਟ੍ਰਾਇਕੀ ਦੋ ਗੇੜ ਦੀ ਚੈਂਪੀਅਨਸ਼ਿਪ ਦੇ ਪਹਿਲੇ ਗੇੜ ਵਿਚ ਬੇਲਗ੍ਰੇਡ ਵਿਚ ਜੋਕੋਵਿਕ ਖ਼ਿਲਾਫ਼ ਖੇਡੇ ਸਨ। ਟ੍ਰਾਇਕੀ ਵਿਸ਼ਵ ਰੈਂਕਿੰਗ ਵਿਚ ਚੋਟੀ ਦੇ 20 ਵਿਚ ਸ਼ਾਮਲ ਰਹਿ ਚੁੱਕੇ ਹਨ। ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਜੋਕੋਵਿਕ ਆਡਰੀਆ ਟੂਰ ਦਾ ਚਿਹਰਾ ਸਨ। ਆਡਰੀਆ ਟੂਰ ਪ੍ਰਦਸ਼ਨੀ ਮੈਚਾਂ ਦੀ ਸੀਰੀਜ਼ ਸੀ ਜਿਸ ਦੀ ਸ਼ੁਰੂਆਤ ਸਰਬੀਆ ਦੀ ਰਾਜਧਾਨੀ ਵਿਚ ਹੋਈ ਤੇ ਪਿਛਲੇ ਹਫਤੇ ਦੇ ਅੰਤ ਵਿਚ ਕ੍ਰੋਏਸ਼ੀਆ ਦੇ ਜਦਰ ਵਿਚ ਮੈਚ ਕਰਵਾਏ ਗਏ।

ਨਹੀਂ ਕੀਤਾ ਗਿਆ ਸੀ ਨਿਯਮਾਂ ਦਾ ਪਾਲਣ

ਇਸ ਤੋਂ ਪਹਿਲਾਂ ਤਿੰਨ ਵਾਰ ਦੇ ਗਰੈਂਡ ਸਲੈਮ ਸੈਮੀਫਾਈਨਲ ਵਿਚ ਥਾਂ ਬਣਾਉਣ ਵਾਲੇ ਬੁਲਗਾਰੀਆ ਦੇ ਗਿ੍ਗੋਰ ਦਿਮਿਤ੍ਰੋਵ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਹਨ। ਦਿਮਿਤ੍ਰੋਵ ਖ਼ਿਲਾਫ਼ ਖੇਡਣ ਵਾਲੇ ਬੋਰਨਾ ਕੋਰਿਕ ਨੇ ਵੀ ਸੋਮਵਾਰ ਨੂੰ ਕਿਹਾ ਸੀ ਕਿ ਉਹ ਵੀ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੋਵਾਂ ਹੀ ਦੇਸ਼ਾਂ ਵਿਚ ਮੈਚਾਂ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ।