ਮੋਨਾਕੋ (ਪੀਟੀਆਈ) : ਟੈਨਿਸ ਸਟਾਰ ਨੋਵਾਕ ਜੋਕੋਵਿਕ, ਜਿਮਨਾਸਟ ਸਿਮੋਨ ਬਾਈਲਸ, ਦਿੱਗਜ ਗੋਲਫਰ ਟਾਈਗਰ ਵੁਡਜ਼ ਤੇ ਫੁੱਟਬਾਲ ਵਿਸ਼ਵ ਕੱਪ ਜੇਤੂ ਫਰਾਂਸ ਦੀ ਟੀਮ ਨੇ ਇੱਥੇ 2019 ਲਾਰੀਅਸ ਵਿਸ਼ਵ ਖੇਡ ਪੁਰਸਕਾਰ ਜਿੱਤੇ। ਜੋਕੋਵਿਕ ਨੇ ਸੋਮਵਾਰ ਰਾਤ ਕਾਇਲੀਅਨ ਐਮਬਾਪੇ, ਇਲੀਉਦ ਕਿਪਚੋਗੇ ਤੇ ਲੇਬ੍ਰੋਨ ਜੇਮਜ਼ ਵਰਗੇ ਦਿੱਗਜ਼ਾਂ ਨੂੰ ਪਛਾੜ ਕੇ 'ਸਾਲ ਦੇ ਸਰਬੋਤਮ ਮਰਦ ਖਿਡਾਰੀ' ਦਾ ਪੁਰਸਕਾਰ ਜਿੱਤਿਆ। ਕੂਹਣੀ ਦੀ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਪਿਛਲੇ ਤਿੰਨ ਗਰੈਂਡ ਸਲੈਮ ਜਿੱਤਣ ਵਾਲੇ ਜੋਕੋਵਿਕ ਨੇ ਚੌਥੀ ਵਾਰ ਇਹ ਪੁਰਸਕਾਰ ਜਿੱਤਿਆ। ਰੋਜਰ ਫੈਡਰਰ ਨੇ ਰਿਕਾਰਡ ਪੰਜ ਵਾਰ ਇਹ ਪੁਰਸਕਾਰ ਜਿੱਤਿਆ ਹੈ। ਜਿਮਨਾਸਟ ਸਿਮੋਨ ਬਾਈਲਸ ਨੂੰ ਸਾਲ ਦੀ ਸਰਬੋਤਮ ਮਹਿਲਾ ਖਿਡਾਰਨ ਦਾ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਰਿਕਾਰਡ ਪ੍ਦਰਸ਼ਨ ਕਰਦੇ ਹੋਏ ਚਾਰ ਗੋਲਡ, ਇਕ ਸਿਲਵਰ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ ਸੀ। ਉਨ੍ਹਾਂ ਨੂੰ 2017 ਵਿਚ ਵੀ ਇਹ ਪੁਰਸਕਾਰ ਮਿਲਿਆ ਸੀ। ਫੀਫਾ ਵਿਸ਼ਵ ਕੱਪ ਜੇਤੂ ਫਰਾਂਸ ਦੁਨੀਆ ਦੀ ਪਹਿਲੀ ਰਾਸ਼ਟਰੀ ਫੁੱਟਬਾਲ ਟੀਮ ਬਣੀ ਜਿਸ ਨੂੰ ਦੂਜੀ ਵਾਰ ਸਾਲ ਦੀ ਸਰਬੋਤਮ ਟੀਮ ਚੁਣਿਆ ਗਿਆ। ਜਾਪਾਨ ਦੀ ਪਹਿਲੀ ਗਰੈਂਡ ਸਲੈਮ ਜੇਤੂ ਨਾਓਮੀ ਓਸਾਕਾ ਨੂੰ 'ਬ੍ਰੇਕਥਰੂ ਆਫ ਦ ਯੀਅਰ' ਪੁਰਸਕਾਰ ਲਈ ਚੁਣਿਆ ਗਿਆ। ਉਨ੍ਹਾਂ ਨੇ ਅਮਰੀਕੀ ਓਪਨ ਦੇ ਫਾਈਨਲ ਵਿਚ ਪੰਜ ਵਾਰ ਦੀ ਲਾਰੀਅਸ ਪੁਰਸਕਾਰ ਜੇਤੂ ਸੇਰੇਨਾ ਵਿਲੀਅਮਜ਼ ਨੂੰ ਹਰਾਇਆ ਸੀ। ਸਟਾਰ ਗੋਲਫਰ ਵੁਡਜ਼ ਨੂੰ ਵਾਪਸੀ ਕਰਨ ਵਾਲਾ ਸਾਲ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ। ਉਹ ਇਸ ਪੁਰਸਕਾਰ ਨੂੰ ਲੈਣ ਲਈ ਮੌਜੂਦ ਨਹੀਂ ਸਨ। ਇਸ ਤੋਂ ਪਹਿਲਾਂ ਉਹ 2000 ਤੇ 2001 ਵਿਚ ਸਰਬੋਤਮ ਮਰਦ ਖਿਡਾਰੀ ਚੁਣੇ ਗਏ ਸਨ।

'ਯੁਵਾ' ਨੂੰ ਵੀ ਮਿਲਿਆ ਇਨਾਮ :

ਭਾਰਤ ਦੇ ਝਾਰਖੰਡ ਦੇ ਪੇਂਡੂ ਖੇਤਰ ਵਿਚ ਕੰਮ ਕਰਨ ਵਾਲੀ ਸੰਸਥਾ 'ਯੁਵਾ' ਨੂੰ 'ਲਾਰੀਅਸ ਸਪੋਰਟ ਫਾਰ ਗੁਡ' ਪੁਰਸਕਾਰ ਲਈ ਚੁਣਿਆ ਗਿਆ। ਇਹ ਸੰਸਥਾ ਫੁੱਟਬਾਲ ਰਾਹੀਂ ਵਾਂਝੇ ਤਬਕੇ ਨਾਲ ਜੁੜੀਆਂ ਕੁੜੀਆਂ ਦੇ ਜੀਵਨ ਵਿਚ ਸੁਧਾਰ ਲਈ ਕੰਮ ਕਰ ਰਹੀ ਹੈ। ਦਿੱਗਜ ਫੁੱਟਬਾਲ ਮੈਨੇਜਰ ਆਰਸੇਨੀ ਵੇਂਗਰ ਨੂੰ 22 ਸਾਲ ਤਕ ਆਰਸੇਨਲ ਦੇ ਮੈਨੇਜਰ ਵਜੋਂ ਫੁੱਟਬਾਲ ਵਿਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦਿੱਤਾ ਗਿਆ।