ਮੈਲਬੌਰਨ (ਏਪੀ) : ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਡਿਟੈਂਸ਼ਨ ਹੋਟਲ ਵਿਚ ਚਾਰ ਰਾਤਾਂ ਬਿਤਾਉਣ ਤੋਂ ਬਾਅਦ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਆਸਟ੍ਰੇਲੀਆ 'ਚੋਂ ਬਾਹਰ ਕਰਨ ਦੇ ਮਾਮਲੇ ਦੀ ਅਦਾਲਤ ਵਿਚ ਸੋਮਵਾਰ ਨੂੰ ਸੁਣਵਾਈ ਹੋਵੇਗੀ। ਜੋਕੋਵਿਕ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ ਜਾਂ ਨਹੀਂ ਇਹ ਦੱਸਣ ਤੋਂ ਮਨ੍ਹਾ ਕੀਤਾ ਸੀ ਜਿਸ ਤੋਂ ਬਾਅਦ ਉਹ ਮੈਡੀਕਲ ਛੋਟ ਦੇ ਆਧਾਰ 'ਤੇ ਆਸਟ੍ਰੇਲੀਆ ਆਏ ਸਨ। ਹਾਲਾਂਕਿ ਪਿਛਲੇ ਹਫ਼ਤੇ ਮੈਲਬੌਰਨ ਹਵਾਈ ਅੱਡੇ 'ਤੇ ਪੁੱਜਣ ਤੋਂ ਬਾਅਦ ਜੋਕੋਵਿਕ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਆਸਟ੍ਰੇਲੀਆ ਦੀ ਬਾਰਡਰ ਫੋਰਸ ਨੇ ਕਿਹਾ ਹੈ ਕਿ ਉਹ ਦੇਸ਼ ਵਿਚ ਪ੍ਰਵੇਸ਼ ਲਈ ਸਾਰੇ ਗ਼ੈਰ ਨਾਗਰਿਕਾਂ ਦੇ ਮਾਪਦੰਡਾਂ 'ਤੇ ਪੂਰਾ ਨਹੀਂ ਉਤਰਦੇ।

ਜੋਕੋਵਿਕ ਦੇ ਵਕੀਲਾਂ ਨੇ ਆਸਟ੍ਰੇਲੀਆ ਤੋਂ ਬਾਹਰ ਕੀਤੇ ਜਾਣ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਵਿਚ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਹ ਸਰਬਿਆਈ ਖਿਡਾਰੀ ਪਿਛਲੇ ਮਹੀਨੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਤੇ ਉਸ ਤੋਂ ਠੀਕ ਹੋ ਚੁੱਕਾ ਹੈ। ਉਨ੍ਹਾਂ ਨੇ ਇਸ ਦੇ ਆਧਾਰ 'ਤੇ ਆਸਟ੍ਰੇਲੀਆ ਦੇ ਸਖ਼ਤ ਟੀਕਾਕਰਨ ਨਿਯਮਾਂ ਤੋਂ ਮੈਡੀਕਲ ਛੋਟ ਲਈ ਬਿਨੈ ਕੀਤਾ ਸੀ ਤੇ ਜੋਕੋਵਿਕ ਨੂੰ ਆਸਟ੍ਰੇਲੀਆ ਦੇ ਗ੍ਹਿ ਵਿਭਾਗ ਤੋਂ ਇਕ ਦਸਤਾਵੇਜ਼ ਮਿਲਿਆ ਜਿਸ ਵਿਚ ਕਿਹਾ ਗਿਆ ਕਿ ਉਨ੍ਹਾਂ ਦੀ ਯਾਤਰਾ ਦੇ ਵੇਰਵੇ ਨੂੰ ਦੇਖਿਆ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਸਟ੍ਰੇਲੀਆ ਪੁੱਜਣ 'ਤੇ ਕੁਆਰੰਟਾਈਨ ਤੋਂ ਮਿਲਣ ਵਾਲੀ ਛੋਟ ਦੀਆਂ ਲੋੜਾਂ ਨੂੰ ਪੂਰਾ ਕੀਤਾ ਹੈ। ਪਰ ਆਸਟ੍ਰੇਲਿਆਈ ਸਰਕਾਰ ਨੇ ਜੋ ਸਬਮਿਸ਼ਨ ਦਾਖਲ ਕੀਤਾ ਹੈ ਉਸ ਵਿਚ ਕਿਹਾ ਗਿਆ ਹੈ ਕਿ ਵਿਭਾਗ ਤੋਂ ਆਈ ਈ-ਮੇਲ ਇਸ ਗੱਲ ਨੂੰ ਸਾਬਤ ਨਹੀਂ ਕਰਦੀ ਕਿ ਉਨ੍ਹਾਂ ਦੀ ਮੈਡੀਕਲ ਛੋਟ ਨੂੰ ਮਨਜ਼ੂਰ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਪੁੱਜਣ 'ਤੇ ਇਸ ਪ੍ਰਕਿਰਿਆ ਨੂੰ ਦੇਖਿਆ ਤੇ ਜਾਂਚਿਆ ਨਹੀਂ ਜਾਵੇਗਾ। ਸਰਕਾਰ ਨੇ ਨਾਲ ਹੀ ਜੋਕੋਵਿਕ ਦੇ ਦਸੰਬਰ ਵਿਚ ਕੋਰੋਨਾ ਨਾਲ ਪੀੜਤ ਹੋਣ ਦੇ ਆਧਾਰ 'ਤੇ ਆਸਟ੍ਰੇਲੀਆ ਦੇ ਟੀਕਾਕਰਨ ਸਬੰਧੀ ਨਿਯਮਾਂ ਤੋਂ ਮਿਲੀ ਮੈਡੀਕਲ ਛੋਟ ਦੇ ਦਾਅਵੇ ਨੂੰ ਵੀ ਚੁਣੌਤੀ ਦਿੱਤੀ ਹੈ। ਸਬਮਿਸ਼ਨ ਵਿਚ ਕਿਹਾ ਗਿਆ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਬਿਨੈਕਾਰ ਨੂੰ ਦਸੰਬਰ 2021 ਵਿਚ ਗੰਭੀਰ ਬਿਮਾਰੀ ਸੀ। ਉਨ੍ਹਾਂ ਨੇ ਬਸ ਇੰਨਾ ਕਿਹਾ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ।

ਜੱਜ ਨੇ ਕੀਤਾ ਸੰਘੀ ਸਰਕਾਰ ਦੀ ਸਮੇਂ ਸਬੰਧੀ ਮੰਗ ਨੂੰ ਖ਼ਾਰਜ :

ਵੀਜ਼ਾ ਰੱਦ ਕਰਨ ਲਈ ਇਸ ਮਾਮਲੇ ਵਿਚ ਵਰਚੂਅਲ ਸੁਣਵਾਈ ਫੈਡਰਲ ਸਰਕਟ ਅਤੇ ਫੈਮਲੀ ਕੋਰਟ ਆਫ ਆਸਟ੍ਰੇਲੀਆ ਵਿਚ ਹੋਣੀ ਹੈ। ਆਸਟ੍ਰੇਲੀਆ ਦੀ ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਜੋਕੋਵਿਕ ਖ਼ਿਲਾਫ਼ ਮਾਮਲਾ ਤੈਅ ਕਰਨ ਲਈ ਵਾਧੂ ਸਮੇਂ ਦੀ ਸੰਘੀ ਸਰਕਾਰ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਹਫ਼ਤੇ ਦੇ ਅੰਤ ਦੌਰਾਨ ਇਹ ਪਟੀਸ਼ਨ ਗ੍ਹਿ ਮੰਤਰੀ ਕੇਰੇਨ ਐਂਡਰਿਊ ਵੱਲੋਂ ਦਾਖ਼ਲ ਕੀਤੀ ਗਈ ਸੀ ਜਿਸ ਵਿਚ ਸੁਣਵਾਈ ਦੋ ਦਿਨ ਲਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਸੀ। ਫੈਡਰਲ ਸਰਕਟ ਕੋਰਟ ਦੇ ਜੱਜ ਏਂਥੋਨੀ ਕੇਲੀ ਨੇ ਬਿਨੈ ਨੂੰ ਖ਼ਾਰਜ ਕਰ ਦਿੱਤਾ ਤੇ ਇਸ ਮਾਮਲੇ ਦੀ ਸੁਣਵਾਈ ਪਹਿਲਾਂ ਤੈਅ ਯੋਜਨਾ ਮੁਤਾਬਕ ਸੋਮਵਾਰ ਨੂੰ ਹੋਵੇਗੀ।

ਸਰਬਿਆਈ ਪ੍ਰਧਾਨ ਮੰਤਰੀ ਨੇ ਦਿੱਤਾ ਖਿਡਾਰੀ ਨੂੰ ਸਮਰਥਨ :

ਸਰਬੀਆ ਵਿਚ ਜੋਕੋਵਿਕ ਦੇ ਪਰਿਵਾਰ ਨੇ ਉਨ੍ਹਾਂ ਦੇ ਸਮਰਥਨ ਵਿਚ ਬੇਲਗ੍ਰੇਡ ਵਿਚ ਲਗਾਤਾਰ ਤੀਜੇ ਦਿਨ ਰੈਲੀ ਕੀਤੀ ਤੇ ਪ੍ਰਧਾਨ ਮੰਤਰੀ ਏਨਾ ਬਰਨਾਬਿਕ ਨੇ ਵੀਜ਼ਾ ਲੜਾਈ ਵਿਚ ਜੋਕੋਵਿਕ ਨੂੰ ਆਪਣੀ ਸਰਕਾਰ ਦੇ ਸਮਰਥਨ ਦਾ ਭਰੋਸਾ ਦਿੱਤਾ ਜਿਸ ਨਾਲ ਕਿ ਯਕੀਨੀ ਬਣ ਸਕੇ ਕਿ ਇਹ ਦਿੱਗਜ ਖਿਡਾਰੀ ਆਸਟ੍ਰੇਲੀਆ ਵਿਚ ਪ੍ਰਵੇਸ਼ ਕਰੇ ਤੇ ਆਸਟ੍ਰੇਲੀਅਨ ਓਪਨ ਵਿਚ ਆਪਣੇ ਖ਼ਿਤਾਬ ਦਾ ਬਚਾਅ ਕਰੇ। ਬਰਨਾਬਿਕ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਵਿਚ ਕਾਮਯਾਬ ਰਹੇ ਹਾਂ ਕਿ ਜੋਕੋਵਿਕ ਨੂੰ ਗਲੁਟੇਨ ਮੁਕਤ ਭੋਜਨ ਮਿਲੇ ਤੇ ਨਾਲ ਹੀ ਕਸਰਤ ਲਈ ਮਸ਼ੀਨਰੀ, ਲੈਪਟਾਪ ਤੇ ਸਿਮ ਕਾਰਡ ਜਿਸ ਨਾਲ ਉਹ ਆਪਣੇ ਪਰਿਵਾਰ ਨਾਲ ਸੰਪਰਕ ਕਰ ਸਕਣ। ਇਸ ਵਿਚਾਲੇ ਜੋਕੋਵਿਕ ਦੇ ਸਮਰਥਕਾਂ ਨੇ ਐਤਵਾਰ ਨੂੰ ਮੈਲਬੌਰਨ ਦੇ ਪਾਰਕ ਹੋਟਲ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ ਕੁਝ ਪ੍ਰਸ਼ੰਸਕਾਂ ਨੇ ਸਰਬਿਆਈ ਝੰਡੇ ਵਾਲੀ ਟੋਪੀ ਪਹਿਨੀ ਹੋਈ ਸੀ ਤੇ ਉਹ ਹੋਟਲ ਦੇ ਬਾਹਰ ਸੰਗੀਤ 'ਤੇ ਡਾਂਸ ਕਰ ਰਹੇ ਸਨ।