ਬਿ੍ਸਬੇਨ (ਏਪੀ) : ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਮੈਲਬੌਰਨ ਦੀ ਯਾਤਰਾ ਕਰਨ ਦੀ ਮੈਡੀਕਲ ਛੋਟ ਮਿਲ ਗਈ ਹੈ ਜਿਸ ਨਾਲ ਉਨ੍ਹਾਂ ਨੂੰ ਆਸਟ੍ਰੇਲੀਅਨ ਓਪਨ ਵਿਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਦਾ ਮੌਕਾ ਮਿਲ ਗਿਆ ਹੈ। ਜੋਕੋਵਿਕ ਨੇ ਕੋਰੋਨਾ ਟੀਕਾਕਰਨ ਦੀ ਸਥਿਤੀ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਆਸਟ੍ਰੇਲੀਆ ਵਿਚ ਕੁਆਰੰਟਾਈਨ ਨਿਯਮਾਂ ਨੂੰ ਦੇਖਦੇ ਹੋਏ ਉਨ੍ਹਾਂ ਦਾ ਸਾਲ ਦੇ ਪਹਿਲੇ ਗਰੈਂਡ ਸਲੈਮ ਵਿਚ ਹਿੱਸਾ ਲੈਣਾ ਪੱਕਾ ਨਹੀਂ ਹੈ। ਜੋਕੋਵਿਕ ਨੇ ਇੰਟਰਨੈੱਟ ਮੀਡੀਆ 'ਤੇ ਮੰਗਲਵਾਰ ਨੂੰ ਪੋਸਟ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਆਸਟ੍ਰੇਲੀਆ ਜਾਣ ਲਈ ਛੋਟ ਦੀ ਇਜਾਜ਼ਤ ਮਿਲ ਗਈ ਹੈ। ਉਨ੍ਹਾਂ ਨੇ ਲਿਖਿਆ ਕਿ ਮੈਂ ਬ੍ਰੇਕ ਦੌਰਾਨ ਆਪਣੇ ਪਰਿਵਾਰ ਵਾਲਿਆਂ ਨਾਲ ਸ਼ਾਨਦਾਰ ਸਮਾਂ ਬਿਤਾਇਆ ਤੇ ਮੈਂ ਖ਼ਾਸ ਛੋਟ ਨਾਲ ਜਾ ਰਿਹਾ ਹਾਂ।