ਪੈਰਿਸ (ਏਐੱਫਪੀ) : ਨੋਵਾਕ ਜੋਕੋਵਿਕ ਨੂੰ ਵਿਸ਼ਵਾਸ ਹੈ ਕਿ ਉਹ ਆਪਣਾ ਕਰੀਅਰ ਸਮਾਪਤ ਹੋਣ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਨਾਲ ਸਭ ਤੋਂ ਜ਼ਿਆਦਾ ਹਫਤੇ ਤਕ ਵਿਸ਼ਵ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਰਹਿਣ ਦਾ ਰਿਕਾਰਡ ਆਪਣੇ ਨਾਂ ਕਰ ਲੈਣਗੇ। ਸਰਬੀਆ ਦੇ ਇਸ ਟੈਨਿਸ ਖਿਡਾਰੀ ਨੇ 17 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਉਹ ਇਸ ਮਾਮਲੇ ਵਿਚ ਪਹਿਲੇ ਸਥਾਨ 'ਤੇ ਕਾਬਜ ਰੋਜਰ ਫੈਡਰਰ (20) ਤੋਂ ਤਿੰਨ ਤੇ ਰਾਫੇਲ ਨਡਾਲ (19) ਤੋਂ ਦੋ ਕਦਮ ਦੂਰ ਹਨ। ਕੋਰੋਨਾ ਕਾਰਨ 2020 ਸੈਸ਼ਨ ਦਾ ਖੇਡ ਰੋਕੇ ਜਾਣ ਤੋਂ ਪਹਿਲਾਂ ਜੋਕੋਵਿਕ ਨੇ ਆਸਟ੍ਰੇਲੀਆਈ ਓਪਨ ਦਾ ਆਪਣਾ ਅੱਠਵਾਂ ਖ਼ਿਤਾਬ ਜਿੱਤਿਆ ਸੀ। ਜੋਕੋਵਿਕ ਨੇ ਕਿਹਾ ਕਿ ਮੇਰੇ ਕੋਲ ਅਜੇ ਵੀ ਇਸ ਖੇਡ ਵਿਚ ਕਾਫੀ ਕੁਝ ਕਰਨ ਦੀ ਯੋਗਤਾ ਹੈ। ਮੈਂ ਹੋਰ ਜ਼ਿਆਦਾ ਗਰੈਂਡ ਸਲੈਮ ਜਿੱਤ ਸਕਦਾ ਹਾਂ ਤੇ ਨੰਬਰ ਇਕ ਰੈਂਕਿੰਗ 'ਤੇ ਸਭ ਤੋਂ ਜ਼ਿਆਦਾ ਹਫ਼ਤੇ ਤਕ ਰਹਿਣ ਦਾ ਰਿਕਾਰਡ ਤੋੜ ਸਕਦਾ ਹਾਂ। ਯਕੀਨੀ ਤੌਰ 'ਤੇ ਇਹ ਦੋਵੇਂ ਮੇਰੇ ਟੀਚੇ ਹਨ। ਜੋਕੋਵਿਕ 282 ਹਫਤੇ ਤਕ ਚੋਟੀ ਦੀ ਰੈਂਕਿੰਗ 'ਤੇ ਰਹੇ ਹਨ। ਇਹ ਰਿਕਾਰਡ ਵੀ ਫੈਡਰਰ ਦੇ ਨਾਂ ਹੈ ਜੋ 310 ਹਫਤੇ ਤਕ ਪਹਿਲੇ ਸਥਾਨ 'ਤੇ ਰਹੇ ਹਨ। ਦਿੱਗਜ ਪੀਟ ਸੰਪ੍ਰਾਸ 286 ਹਫਤੇ ਤਕ ਪਹਿਲੇ ਸਥਾਨ 'ਤੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਸਮਾਂ ਹੱਦ ਵਿਚ ਨਹੀਂ ਬੱਝਣਾ ਚਾਹੁੰਦਾ ਹਾਂ। ਮੈਂ ਯਕੀਨੀ ਤੌਰ 'ਤੇ ਲੰਬੇ ਸਮੇਂ ਲਈ ਖੇਡ ਸਕਾਂਗਾ। ਮੈਂ ਸ਼ਾਇਦ 40 ਸਾਲ ਦੀ ਉਮਰ ਤਕ ਖੇਡਾਂਗਾ ਪਰ ਇਸ ਲਈ ਮੈਨੂੰ ਵੱਡੇ ਟੂਰਨਾਮੈਂਟ ਦੀ ਚੋਣ ਕਰ ਕੇ ਖੇਡਣਾ ਪਵੇਗਾ।