ਸਿਨਸਿਨਾਟੀ (ਏਐੱਫਪੀ) : ਸਰਬੀਆ ਦੇ ਸੁਪਰ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਕੂਹਣੀ ਵਿਚ ਤਕਲੀਫ਼ ਦੇ ਬਾਵਜੂਦ ਫਰਾਂਸ ਦੇ ਲੁਕਾਸ ਪਾਲੀ 'ਤੇ ਸਿੱਧੇ ਸੈੱਟਾਂ ਵਿਚ 7-6, 6-1 ਦੀ ਜਿੱਤ ਨਾਲ ਸਿਨਸਿਨਾਟੀ ਮਾਸਟਰਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਇਹ ਮੁਕਾਬਲਾ 86 ਮਿੰਟ ਤਕ ਚੱਲਿਆ ਹੁਣ ਫਾਈਨਲ ਵਿਚ ਥਾਂ ਬਣਾਉਣ ਲਈ ਵਿਸ਼ਵ ਦੇ ਨੰਬਰ ਇਕ ਖਿਡਾਰੀ ਜੋਕੋਵਿਕ ਦਾ ਸਾਹਮਣਾ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਹੋਵੇਗਾ ਜੋ ਹਮਵਤਨ ਆਂਦਰੇ ਰੁਬਲੇਵ ਨੂੰ 6-2, 6-3 ਨਾਲ ਹਰਾ ਕੇ ਆਖ਼ਰੀ ਚਾਰ ਵਿਚ ਪੁੱਜੇ ਹਨ। ਮੇਦਵੇਦੇਵ ਨੇ ਇਸ ਸਾਲ ਹੋਏ ਮੋਂਟੇ ਕਾਰਲੋ ਮਾਸਟਰਜ਼ ਵਿਚ ਜੋਕੋਵਿਕ ਨੂੰ ਮਾਤ ਦਿੱਤੀ ਸੀ। ਫਰਾਂਸ ਦੇ ਰਿਚਰਡ ਗਾਸਕੇਟ ਨੇ ਛੇ ਸਾਲ ਵਿਚ ਮਾਸਟਰਜ਼ 1000 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹਿਲੀ ਜਿੱਤ ਹਾਸਲ ਕੀਤੀ। ਉਨ੍ਹਾਂ ਨੇ 2013 ਵਿਚ ਮਿਆਮੀ ਮਾਸਟਰਜ਼ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਸੀ। ਇਸ ਤਰ੍ਹਾਂ ਗਾਸਕੇਟ ਨੇ ਰਾਬਰਟੋ ਬਤਿਸਤਾ ਅਗੁਟ ਨੂੰ 7-6, 3-6, 6-2 ਨਾਲ ਮਾਤ ਦੇ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਗਾਸਕੇਟ ਹੁਣ ਫਾਈਨਲ ਵਿਚ ਥਾਂ ਬਣਾਉਣ ਲਈ 16ਵਾਂ ਦਰਜਾ ਡੇਵਿਡ ਗਾਫਿਨ ਨਾਲ ਨਾਲ ਭਿੜਨਗੇ ਜਿਨ੍ਹਾਂ ਨੇ ਜਾਪਾਨੀ ਕੁਆਲੀਫਾਇਰ ਯੋਸ਼ੀਹੀਤੋ ਨਿਸ਼ਓਕਾ ਦੇ ਵਾਕਓਵਰ ਨਾਲ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ।

ਓਸਾਕਾ ਨੇ ਛੱਡਿਆ ਮੈਚ, ਕੈਨਿਨ ਆਖ਼ਰੀ ਚਾਰ 'ਚ

ਸਿਨਸਿਨਾਟੀ : ਵਿਸ਼ਵ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰੀ ਨਾਓਮੀ ਓਸਾਕਾ ਨੂੰ ਇੱਥੇ ਸਿਨਸਿਨਾਟੀ ਮਾਸਟਰਜ਼ ਵਿਚ ਮਹਿਲਾ ਸਿੰਗਲਜ਼ ਦਾ ਕੁਆਰਟਰ ਫਾਈਨਲ ਮੈਚ ਸੱਜੇ ਗੋਡੇ ਦੀ ਸੱਟ ਕਾਰਨ ਵਿਚਾਲੇ ਛੱਡਣਾ ਪੈ ਗਿਆ। ਜਾਪਾਨੀ ਖਿਡਾਰਨ ਓਸਾਕਾ ਜਦ ਅਮਰੀਕਾ ਦੀ ਸੋਫੀਆ ਕੇਨਿਨ ਖ਼ਿਲਾਫ਼ 4-6, 6-1, 0-2 ਨਾਲ ਪਿੱਛੇ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਮੈਚ ਨੂੰ ਵਿਚਾਲੇ ਛੱਡਣ ਦਾ ਫ਼ੈਸਲਾ ਕਰ ਲਿਆ। ਇਸ ਨਾਲ ਕੈਨਿਨ ਆਖ਼ਰੀ ਚਾਰ 'ਚ ਪੁੱਜ ਗਈ ਜਿੱਥੇ ਉਨ੍ਹਾਂ ਦਾ ਸਾਹਮਣਾ ਅਮਰੀਕੀ ਖਿਡਾਰਨ ਮੈਡੀਸਨ ਕੀਜ ਨਾਲ ਹੋਵੇਗਾ ਜਿਨ੍ਹਾਂ ਨੇ ਹਮਵਤਨ ਵੀਨਸ ਵਿਲੀਅਮਜ਼ ਨੂੰ ਸਿੱਧੇ ਸੈੱਟਾਂ ਵਿਚ 6-2, 6-3 ਨਾਲ ਮਾਤ ਦਿੱਤੀ।