ਬੇਲਗ੍ਰੇਡ (ਰਾਇਟਰ) : ਵਿਸ਼ਵ ਨੰਬਰ ਇਕ ਟੈਨਿਸ ਸਟਾਰ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਪੈਰਿਸ ਮਾਸਟਰਜ਼ 'ਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦ ਖੇਡਣ ਦੇ ਅੰਕ ਹੀ ਨਹੀਂ ਮਿਲਣਗੇ ਤਾਂ ਫਿਰ ਖੇਡਣ ਦਾ ਕੀ ਫ਼ਾਇਦਾ। ਇਸ ਲਈ ਉਹ ਇੱਥੇ ਨਹੀਂ ਖੇਡਣਗੇ।

ਹਾਲਾਂਕਿ ਉਨ੍ਹਾਂ ਨੇ ਵਿਅਨਾ ਤੇ ਲੰਡਨ ਵਿਚ ਖੇਡਣ ਦੀ ਪੁਸ਼ਟੀ ਕੀਤੀ ਹੈ। ਪੈਰਿਸ ਮਾਸਟਰਜ਼ ਦੋ ਤੋਂ ਅੱਠ ਨਵੰਬਰ ਵਿਚਾਲੇ ਹੋਣਾ ਹੈ। 33 ਸਾਲ ਦੇ ਸਰਬਿਆਈ ਟੈਨਿਸ ਸਟਾਰ ਨੇ ਕਿਹਾ ਕਿ ਮੈਂ ਪੈਰਿਸ ਵਿਚ ਨਹੀਂ ਖੇਡਾਂਗਾ ਕਿਉਂਕਿ ਉਸ ਰਾਹੀਂ ਮੈਂ ਆਪਣੀ ਅੰਕ ਸੂਚੀ ਵਿਚ ਕੋਈ ਅੰਕ ਨਹੀਂ ਬਣਾ ਸਕਦਾ, ਪਰ ਮੈਂ ਵਿਅਨਾ (26 ਅਕਤੂਬਰ ਤੋਂ ਇਕ ਨਵੰਬਰ) ਤੇ ਲੰਡਨ (15-22 ਨਵੰਬਰ) ਜ਼ਰੂਰ ਜਾਵਾਂਗਾ। ਵਿਅਨਾ ਵਿਚ ਮੈਨੂੰ ਖੇਡਣ ਦੇ 500 ਅੰਕ ਮਿਲ ਸਕਦੇ ਹਨ।

ਮੈਂ ਉਥੇ ਪਿਛਲੇ ਸਾਲ ਨਹੀਂ ਖੇਡਿਆ ਸੀ। ਇਸੇ ਤਰ੍ਹਾਂ ਲੰਡਨ ਵਿਚ ਵੀ ਖੇਡਣ ਦੇ ਮੈਨੂੰ ਕਾਫੀ ਸਾਰੇ ਅੰਕ ਮਿਲਣਗੇ। ਜੋਕੋਵਿਕ ਨੇ ਪਿਛਲੇ ਮਹੀਨੇ ਇਟਾਲੀਅਨ ਓਪਨ ਜਿੱਤ ਕੇ ਰਿਕਾਰਡ 36ਵਾਂ ਏਟੀਪੀ ਮਾਸਟਰਜ਼ ਖ਼ਿਤਾਬ ਜਿੱਤਿਆ ਸੀ ਤੇ ਇਸ ਮਾਮਲੇ ਵਿਚ ਰਾਫੇਲ ਨਡਾਲ ਨੂੰ ਪਿੱਛੇ ਛੱਡਿਆ ਸੀ। ਜ਼ਿਕਰਯੋਗ ਹੈ ਕਿ ਜੋਕੋਵਿਕ ਪੈਰਿਸ ਮਾਸਟਰਜ਼ ਦੇ ਮੌਜੂਦਾ ਚੈਂਪੀਅਨ ਹਨ।

ਇਹ ਪੁੱਛੇ ਜਾਣ 'ਤੇ ਕਿ ਪੈਰਿਸ ਮਾਸਟਰਜ਼ ਵਿਚ ਨਾ ਖੇਡ ਕੇ ਕੀ ਉਹ ਏਟੀਪੀ ਮਾਸਟਰਜ਼ ਦੀ ਰੇਸ ਵਿਚ ਨਡਾਲ ਨੂੰ ਬਰਾਬਰੀ ਕਰਨ ਦਾ ਮੌਕਾ ਨਹੀਂ ਦੇ ਰਹੇ ਤਾਂ ਜੋਕੋਵਿਕ ਨੇ ਕਿਹਾ ਕਿ ਫ਼ਿਲਹਾਲ ਉਨ੍ਹਾਂ ਦਾ ਫੋਕਸ ਸਿਰਫ਼ ਅੰਕ ਹਾਸਲ ਕਰਨ 'ਤੇ ਹੈ। ਪੈਰਿਸ ਮਾਸਟਰਜ਼ ਉਨ੍ਹਾਂ ਦੀ ਤਰਜੀਹ ਵਿਚ ਨਹੀਂ ਹੈ। ਫਿਰ ਚਾਹੇ ਉਸ ਵਿਚ ਨਡਾਲ ਖੇਡਣ ਜਾਂ ਨਾ, ਉਸ ਨਾਲ ਜ਼ਿਆਦਾ ਫ਼ਰਕ ਨਹੀਂ ਪਵੇਗਾ।

ਫਰੈਂਚ ਓਪਨ 'ਚ ਰਾਫੇਲ ਨਡਾਲ ਹੱਥੋਂ ਸੀ ਹਾਰ : ਜ਼ਿਕਰਯੋਗ ਹੈ ਕਿ ਇਸ ਸਾਲ ਰਾਫੇਲ ਨਡਾਲ ਨੇ ਨੋਵਾਕ ਜੋਕੋਵਿਕ ਨੂੰ ਹਰਾ ਕੇ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਤੇ ਰੋਜਰ ਫੈਡਰਰ ਦੇ 20 ਗਰੈਂਡ ਸਲੈਮ ਦੀ ਬਰਾਬਰੀ ਕੀਤੀ ਸੀ।