ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਪੰਜਾਬ 'ਚ ਇਨ੍ਹੀਂ ਦਿਨੀਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਪਹਿਲੀ ਦਸੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਹੋਈ। 10 ਦਸੰਬਰ ਤਕ ਇਹ ਟੂਰਨਾਮੈਂਟ ਪੰਜਾਬ 'ਚ ਵੱਖ-ਵੱਖ ਥਾਈਂ ਤੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਨੂੰ ਕਰਵਾਉਣ 'ਚ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਅਹਿਮ ਯੋਗਦਾਨ ਹੈ। ਟੂਰਨਾਮੈਂਟ 'ਚ 8 ਮੁਲਕਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਵਿਰੋਧੀ ਟੀਮਾਂ ਦੀ ਤਾਕਤ ਨੂੰ ਭਾਂਪਦਿਆ ਚੋਣ ਕਮੇਟੀ ਨੇ ਭਾਰਤੀ ਟੀਮ ਨੂੰ ਹਰ ਪੱਖੋਂ ਮਜ਼ਬੂਤ ਬਣਾਉਣ ਦਾ ਯਤਨ ਕੀਤਾ ਹੈ। ਟੀਮ 'ਚ ਜਿੱਥੇ ਤਜਰਬੇਕਾਰ ਖਿਡਾਰੀਆਂ ਨੂੰ ਚੁਣਿਆ ਗਿਆ, ਉੱਥੇ ਕੁਝ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ ਹਨ।

ਕਪਤਾਨ ਯਾਦਾ ਸੁਰਖ਼ਪੁਰੀਆ

ਵਿਸ਼ਵ ਕੱਪ-2014 ਵਿਚ ਭਾਰਤੀ ਟੀਮ ਲਈ ਬਿਹਤਰੀਨ ਜੱਫੇ ਲਾ ਕੇ ਇਨਾਮ 'ਚ ਟ੍ਰੈਕਟਰ ਜਿੱਤਣ ਤੇ ਪਾਕਿਸਤਾਨੀ ਟੀਮ ਨੂੰ ਧੂੜ ਚਟਾਉਣ ਵਾਲੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁਰਖ਼ਪੁਰ ਨਿਵਾਸੀ ਯਾਦਵਿੰਦਰ ਸਿੰਘ ਯਾਦਾ ਉਰਫ਼ ਯਾਦਾ ਸੁਰਖ਼ਪੁਰੀਆ ਇਸ ਵਾਰ ਭਾਰਤੀ ਟੀਮ ਦੀ ਕਮਾਂਡ ਸੰਭਾਲ ਰਿਹਾ ਹੈ।।ਉਹ 2014 ਦੀ ਵੀਵੋ ਕਬੱਡੀ ਲੀਗ 'ਚ 'ਪੰਜਾਬ ਥੰਡਰ ਟੀਮ' ਦਾ ਕਪਤਾਨ ਤੇ 2016 ਦੇ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਅਹਿਮ ਖਿਡਾਰੀ ਰਿਹਾ ਹੈ। ਯਾਦਾ ਜਾਫੀ ਦੇ ਤੌਰ 'ਤੇ ਕਬੱਡੀ 'ਚ ਚਰਚਿਤ ਨਾਂ ਹੈ।

ਉਪ ਕਪਤਾਨ ਗੁਰਲਾਲ ਘਨੌਰ

ਕਬੱਡੀ ਦੇ ਖੇਤਰ 'ਚ ਅਨੇਕਾਂ ਜਿੱਤਾਂ ਨਾਲ ਇਤਿਹਾਸ ਸਿਰਜਣ ਵਾਲੇ ਗੁਰਲਾਲ ਘਨੌਰ ਨੂੰ ਕਬੱਡੀ ਦਾ 'ਸਦਾ ਬਹਾਰ ਖਿਡਾਰੀ' ਆਖਿਆ ਜਾਂਦਾ ਹੈ। ਕੈਨੇਡਾ ਵਰਲਡ ਕੱਪ-2001 ਦੀ ਜਿੱਤ ਦਾ ਤਾਜ ਲੈ ਕੇ ਦੇਸ਼-ਵਿਦੇਸ਼ 'ਚ ਧੁੰਮਾਂ ਮਚਾਉਣ ਵਾਲਾ ਗੁਰਲਾਲ ਘਨੌਰ ਬਤੌਰ ਧਾਵੀ ਕਬੱਡੀ ਜਗਤ 'ਚ ਵੱਡਾ ਹਸਤਾਖ਼ਰ ਹੈ, ਜੋ ਵਿਸ਼ਵ ਕੱਪ-2013 ਤੇ 2016 ਤੋਂ ਬਾਅਦ ਇਸ ਵਾਰੀ ਵੀ ਭਾਰਤੀ ਟੀਮ ਦਾ ਉੱਪ ਕਪਤਾਨ ਹੋਵੇਗਾ।।ਉਸ ਦੇ ਤਜਰਬੇ ਦਾ ਭਾਰਤੀ ਟੀਮ ਨੂੰ ਭਰਪੂਰ ਫ਼ਾਇਦਾ ਹੋਵੇਗਾ।

ਖ਼ੁਸ਼ਦੀਪ ਖ਼ੁਸ਼ੀ ਦੁੱਗਾ

'ਪ੍ਰਿੰਸ ਆਫ ਕਬੱਡੀ' ਦੇ ਨਾਂ ਨਾਲ ਜਾਣਿਆ ਜਾਂਦਾ ਖ਼ੁਸ਼ਦੀਪ ਸਿੰਘ ਖ਼ੁਸ਼ੀ ਦੁੱਗਾ ਖਿਡਾਰੀ ਵਿਸ਼ਵ ਕੱਪ-2010 ਵਿਚ ਆਪਣੀ ਖੇਡ ਪਾਰੀ ਦੀ ਸਫਲ ਸ਼ੁਰੂਆਤ ਕਰਨ ਤੋਂ ਇਲਾਵਾ ਵਿਸ਼ਵ ਕਬੱਡੀ ਕੱਪ-2016 ਵਿਚ ਭਾਰਤੀ ਟੀਮ ਦਾ ਕਪਤਾਨ ਬਣਨ ਦੇ ਨਾਲ-ਨਾਲ ਟ੍ਰੈਕਟਰ ਤੇ ਹੋਰ ਨਾਮੀ ਸਨਮਾਨ ਜਿੱਤ ਚੁੱਕਾ ਹੈ। ਖ਼ੁਸ਼ੀ ਦੁੱਗਾ ਦੀ ਖੇਡ ਦੇ ਦੇਸ਼-ਵਿਦੇਸ਼ 'ਚ ਚਰਚੇ ਹਨ। ਉਹ ਇਸ ਕੱਪ ਵਿਚ ਵੀ ਬਤੌਰ ਜਾਫੀ ਭਾਰਤੀ ਟੀਮ ਲਈ ਅਹਿਮ ਭੂਮਿਕਾ ਨਿਭਾਏਗਾ।

ਸੁਲਤਾਨ ਸਮਸਪੁਰ

ਵਿਸ਼ਵ ਕੱਪ-2013 ਤੋਂ ਬਾਅਦ 2016 ਵਿਚ ਟ੍ਰੈਕਟਰ ਇਨਾਮ 'ਚ ਜਿੱਤਣ ਵਾਲਾ ਧਾਵੀ ਸੁਲਤਾਨ ਸਮਸਪੁਰ ਇਸ ਕਬੱਡੀ ਕੱਪ ਵਿਚ ਭਾਰਤੀ ਟੀਮ ਲਈ ਮੁੜ ਕਬੱਡੀਆਂ ਪਾਉਂਦਾ ਨਜਰ ਆਵੇਗਾ।

ਬਲਬੀਰ ਸਿੰਘ ਦੁੱਲਾ

ਬਲਬੀਰ ਸਿੰਘ ਦੁੱਲਾ ਕਬੱਡੀ ਵਾਲਿਆਂ ਲਈ 'ਦੁੱਲਾ ਭੱਟੀ' ਹੀ ਹੈ। ਵਿਸ਼ਵ ਕਬੱਡੀ ਕੱਪ-2013 ਵਿਚ ਟ੍ਰੈਕਟਰ ਜਿੱਤਣ ਵਾਲਾ ਕਬੱਡੀ ਦੇ ਮੈਦਾਨਾਂ ਦਾ ਇਹ ਤੂਫ਼ਾਨ ਮੇਲ ਧਾਵੀ ਇਸ ਸਾਲ ਫਿਰ ਭਾਰਤੀ ਟੀਮ ਲਈ ਉੱਡਣਾ ਸੱਪ ਬਣ ਕੇ ਰੇਡਾਂ ਪਾਵੇਗਾ।

ਕਮਲ ਨਵਾਂ ਪਿੰਡ

2014 ਦੇ ਵਿਸ਼ਵ ਕੱਪ ਦੇ ਫਾਈਨਲ ਮੈਚ ਦੇ ਆਖ਼ਰੀ ਪਲਾਂ ਦੌਰਾਨ ਭਾਰਤੀ ਟੀਮ ਦੇ ਡਾਵਾਂਡੋਲ ਹੋਏ ਬੇੜੇ ਨੂੰ ਪਾਰ ਲਗਾਉਣ ਵਾਲਾ ਧਾਵੀ ਕਮਲਜੀਤ ਸਿੰਘ ਕਮਲ ਨਵਾਂ ਪਿੰਡ ਇਸ ਵਾਰੀ ਫਿਰ ਭਾਰਤ ਦਾ ਝੰਡਾ ਬਰਦਾਰ ਹੋਵੇਗਾ।

ਮਾਲਾ ਗੋਬਿੰਦਪੁਰਾ

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਖੇਤਰ ਦਾ ਨੌਜਵਾਨ ਤੇਜ਼-ਤਰਾਰ ਧਾਵੀ ਮਾਲਵਿੰਦਰ ਸਿੰਘ ਮਾਲਾ-2013 ਦੇ ਵਿਸ਼ਵ ਕਬੱਡੀ ਕੱਪ ਤੋਂ ਬਾਅਦ ਇਸ ਟੂਰਨਾਮੈਂਟ 'ਚ ਮੁੜ ਖੇਡਦਾ ਨਜ਼ਰ ਆਵੇਗਾ।।ਉਹ 2013 ਵਿਚ ਪਾਕਿਸਤਾਨ ਵਿਖੇ ਏਸ਼ੀਆ ਕਬੱਡੀ ਕੱਪ 'ਚ ਵੀ ਹਿੱਸਾ ਲੈ ਚੁੱਕਾ ਹੈ।

ਰਣਜੋਧ ਸਿੰਘ ਜੋਧਾ ਸੁਰਖ਼ਪੁਰ

ਵਿਸ਼ਵ ਕਬੱਡੀ ਕੱਪ ਵਿੱਚ ਕਈ ਮੌਕੇ ਅਜਿਹੇ ਆਏ ਹਨ, ਜਦੋਂ ਸੁਰਖ਼ਪੁਰ ਦੇ ਖਿਡਾਰੀ ਇਕੱਠੇ ਖੇਡਦੇ ਵੇਖੇ ਗਏ ਹਨ। ਇਸ ਮੰਚ 'ਤੇ ਜਦੋਂ ਕਈ ਇਲਾਕਿਆਂ ਜਾਂ ਜ਼ਿਲ੍ਹਿਆਂ ਨੂੰ ਕਈ ਖਿਡਾਰੀ ਮਾਣ ਨਹੀਂ ਦਿਵਾ ਸਕੇ ਤਾਂ ਅਜਿਹੇ ਵਿਚ ਦੁੱਲੇ ਤੇ ਸੰਦੀਪ ਵਰਗੇ ਖਿਡਾਰੀ ਸੁਰਖ਼ਪੁਰ ਦੀ ਸ਼ਾਨ ਵਧਾਉਂਦੇ ਰਹੇ ਹਨ। ਜੋਧਾ ਸੁਰਖ਼ਪੁਰੀਆ-2014 ਅਤੇ 2016 ਤੋਂ ਬਾਅਦ ਯਾਦਾ ਸੁਰਖ਼ਪੁਰ ਨਾਲ ਫਿਰ ਇਸ ਟੂਰਨਾਮੈਂਟ 'ਚ ਜੱਫੇ ਲਗਾਉਂਦਾ ਨਜ਼ਰ ਆਵੇਗਾ।

ਮੱਖਣ ਮੱਖੀ

ਮਾਝੇ ਦੀ ਧਰਤੀ ਦਾ ਕੋਈ ਵੀ ਧਾਵੀ ਇਸ ਤੋਂ ਪਹਿਲਾਂ ਖੇਡੇ ਗਏ ਵਿਸ਼ਵ ਕੱਪ ਦੇ ਮੰਚ 'ਤੇ ਪ੍ਰਦਰਸ਼ਨ ਕਰਦਾ ਨਜ਼ਰ ਨਹੀਂ ਆਇਆ।ਪਰ 2014 ਦੀ ਵਿਸ਼ਵ ਕਬੱਡੀ ਲੀਗ ਵਿਚ ਜਗਮੋਹਨ ਸਿੰਘ ਸੰਧੂ ਮੱਖਣ ਮੱਖੀ ਦੀਆਂ ਰੇਡਾਂ ਨੇ ਦੁਨੀਆ ਦਾ ਮਨ ਮੋਹ ਲਿਆ ਸੀ। ਇਹ ਧਾਵੀ ਪਹਿਲੀ ਵਾਰ ਇਸ ਟੂਰਨਾਮੈਂਟ ਜ਼ਰੀਏ ਭਾਰਤੀ ਟੀਮ ਦਾ ਸ਼ਿੰਗਾਰ ਬਣੇਗਾ।

ਵਿਨੈ ਖੱਤਰੀ ਹਰਿਆਣਾ

ਕਬੱਡੀ ਖੇਡ ਜਗਤ 'ਚ ਵਿਨੈ ਖੱਤਰੀ ਖਰਕਜਟਾਣ ਹਰਿਆਣੇ ਦਾ ਮਸਤਮੌਲਾ ਧਾਵੀ ਹੈ। ਵਿਸ਼ਵ ਕਬੱਡੀ ਲੀਗ-2016 ਦੀ ਸਭ ਤੋਂ ਸਫਲ ਰੇਡ ਪਾਉਣ ਵਾਲਾ ਇਹ ਧਾਵੀ ਪਹਿਲੀ ਵਾਰ ਭਾਰਤੀ ਟੀਮ ਲਈ ਖੇਡ ਰਿਹਾ ਹੈ।

ਅਰਸ਼ ਚੋਹਲਾ ਸਾਹਿਬ

ਦੁਨੀਆ ਭਰ ਦੇ ਖੇਡ ਮੈਦਾਨਾਂ 'ਚ ਬੈਸਟ ਜਾਫੀ ਦਾ ਖ਼ਿਤਾਬ ਜਿੱਤਣ ਵਾਲਾ ਅਰਸ਼ਦੀਪ ਸਿੰਘ ਚੋਹਲਾ ਸਾਹਿਬ ਇਸ ਕਬੱਡੀ ਕੱਪ ਵਿਚ ਡੀਟੀਓ ਬਣ ਕੇ ਇਕ ਵਾਰ ਫਿਰ ਰੇਡਰਾਂ ਦੇ ਚਾਲਾਨ ਕੱਟੇਗਾ। ਸੰਨ 2013 ਵਿਚ ਇੰਗਲੈਂਡ ਦੇ ਖੇਡ ਸੀਜ਼ਨ ਤੋਂ ਇਲਾਵਾ 2018 ਦੇ ਕੈਨੇਡਾ ਕਬੱਡੀ ਕੱਪ ਅਤੇ ਸੀਜ਼ਨ ਦਾ ਬੈਸਟ ਜਾਫੀ ਅਰਸ਼ ਅੱਜ ਕੱਲ ਖ਼ੂਬ ਚਰਚਾ 'ਚ ਹੈ।

ਸਰਨਾ ਡੱਗੋਰਮਾਣਾ

ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਡੱਗੋਰਮਾਣਾ ਦਾ ਜਾਫੀ ਗੁਰਸ਼ਰਨ ਸਿੰਘ ਸਰਨਾ ਵੀ ਇਸ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਦਾ ਨਜ਼ਰ ਆਵੇਗਾ, ਜੋ ਦੇਸ਼-ਵਿਦੇਸ਼ ਵਿਚ ਆਪਣੀ ਤਾਕਤਵਰ ਖੇਡ ਨਾਲ ਚਰਚਾ 'ਚ ਰਹਿੰਦਾ ਹੈ।

ਜੋਤਾ ਮਹਿਮਦਵਾਲ

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਹਿਮਦਵਾਲ ਦਾ ਜੰਮਪਲ ਨਵਜੋਤ ਸਿੰਘ ਜੋਤਾ ਜਾਨਦਾਰ ਧਾਵੀ ਹੈ, ਜੋ ਪਿਛਲੇ ਦਿਨੀਂ ਦੁਬਈ ਕਬੱਡੀ ਕੱਪ ਦਾ ਵੀ ਬੈਸਟ ਜਾਫੀ ਹੈ।।ਕੈਨੇਡਾ ਸਮੇਤ ਹੋਰਨਾਂ ਦੇਸ਼ਾਂ ਵਿਚ ਵੀ ਉਹ ਆਪਣੀ ਦਮਦਾਰ ਖੇਡ ਨਾਲ ਚਰਚਾ 'ਚ ਹੈ ਅਤੇ।ਇਸ ਵਾਰ ਭਾਰਤੀ ਟੀਮ ਦਾ ਹਿੱਸਾ ਹੈ।

ਅੰਮ੍ਰਿਤ ਔਲਖ

ਜ਼ਿਲ੍ਹਾ ਗੁਰਦਾਸਪੁਰ ਵਿਚ ਕਬੱਡੀ ਦੀ ਨਰਸਰੀ ਵਜੋਂ ਜਾਣੇ ਪਿੰਡ ਔਲਖਾਂ ਦਾ ਜੰਮਪਲ ਅੰਮ੍ਰਿਤਪਾਲ ਸਿੰਘ ਇਕ ਤੇਜ਼-ਤਰਾਰ ਜਾਫੀ ਹੈ, ਜੋ ਕੈਨੇਡਾ, ਦੁਬਈ ਤੇ ਹੋਰਨਾਂ ਦੇਸ਼ਾਂ 'ਚ ਚੰਗਾ ਪ੍ਰਦਰਸ਼ਨ ਕਰ ਚੁੱਕਿਆ ਹੈ। ਇਸ ਵਾਰ ਉਹ।ਇਸ ਟੂਰਨਾਮੈਂਟ 'ਚ ਭਾਰਤੀ ਟੀਮ ਲਈ

ਖੇਡਦਾ ਨਜ਼ਰ ਆਵੇਗਾ।

ਆਸੂ ਝਨੇਰ

ਪ੍ਰਸਿੱਧ ਖਿਡਾਰੀ ਦਿਲਬਰ ਝਨੇਰ ਦਾ ਪੁੱਤਰ ਆਸੂ ਮੁਹਮੰਦ ਵੀ ਛੋਟੀ ਉਮਰੇ ਵੱਡੀਆ ਪੁਲਾਂਘਾ ਪੁੱਟ ਰਿਹਾ ਹੈ,।ਜੋ ਆਪਣੀ ਪਿਤਾ-ਪੁਰਖੀ ਖੇਡ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਬੱਡੀ ਟੂਰਨਾਮੈਂਟਾਂ 'ਤੇ ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲਾ ਆਸੂ ਝਨੇਰ ਇਸ ਸਮੇਂ ਭਾਰਤੀ ਟੀਮ ਦਾ ਜਾਫੀ ਹੈ।

ਅੰਮ੍ਰਿਤਪਾਲ ਸੁਰਲੀ ਖੀਰਾਂਵਾਲ

ਕਪੂਰਥਲਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਖੀਰਾਂਵਾਲੀ ਦਾ ਅੰਮ੍ਰਿਤਪਾਲ ਸਿੰਘ ਸੁਰਲੀ ਵੀ ਪਹਿਲੀ ਵਾਰ ਭਾਰਤੀ ਟੀਮ ਲਈ ਅੰਤਰਰਾਸ਼ਟਰੀ ਮੰਚ 'ਤੇ ਧੁੰਮਾਂ ਪਾਵੇਗਾ। ਸੁਰਲੀ।ਦੇਸ਼-ਵਿਦੇਸ਼ ਦੇ ਖੇਡ ਮੈਦਾਨਾਂ 'ਚ ਚੰਗੀ ਪਛਾਣ ਰੱਖਦਾ ਹੈ।

ਮੁੱਖ ਕੋਚ ਹਰਪ੍ਰੀਤ ਸਿੰਘ ਬਾਬਾ ਕਮਾਲੂ

ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਹਰਪ੍ਰੀਤ ਸਿੰਘ ਬਾਬਾ ਕਮਾਲੂ ਇਸ ਵਾਰ ਵੀ ਭਾਰਤੀ ਟੀਮ ਦੇ ਮੁੱਖ ਕੋਚ ਹਨ। ਕਿਸੇ ਸਮੇਂ ਭਾਰਤੀ ਟੀਮ ਦੇ ਕਪਤਾਨ ਰਹੇ ਬਾਬਾ ਕਮਾਲੂ ਨੇ 6 ਵਿਸ਼ਵ ਕੱਪਾਂ 'ਚ ਮੁੱਖ ਕੋਚ ਦੇ ਤੌਰ 'ਤੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ। ਇਸ ਵਾਰ ਵੀ ਭਾਰਤੀ ਟੀਮ ਦਾ ਮਾਰਗਦਰਸ਼ਨ ਹਰਪ੍ਰੀਤ ਬਾਬਾ ਹੀ ਕਰਨਗੇ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਵੀ ਇਸ ਕਬੱਡੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਲਈ ਮਾਝਾ, ਮਾਲਵਾ, ਦੁਆਬਾ, ਪੁਆਧ ਤੇ ਹਰਿਆਣਾ ਦੇ ਖਿਡਾਰੀ ਇਕੱਠੇ ਖੇਡ ਰਹੇ ਹੋਣ ਜਦਕਿ ਇਸ ਤੋਂ ਪਹਿਲਾਂ ਦੁਆਬਾ ਤੇ ਮਾਲਵੇ ਦੀ ਸਰਦਾਰੀ ਰਹੀ ਹੈ। ਕਬੱਡੀ ਜਗਤ ਲਈ ਇਹ ਅੰਤਰਰਾਸ਼ਟਰੀ ਟੂਰਨਾਮੈਂਟ ਸੁਨਹਿਰੇ ਭਵਿੱਖ ਦਾ ਸੁਨੇਹਾ ਹੈ, ਜਿਸ ਨਾਲ ਕਬੱਡੀ ਦਾ ਕੱਦ ਹੋਰ ਉੱਚਾ ਹੋਵੇਗਾ।

ਸਤਪਾਲ ਖਡਿਆਲ

98724-59691

Posted By: Harjinder Sodhi