ਜੇਐੱਨਐੱਨ, ਨਵੀਂ ਦਿੱਲੀ : ਟੋਕੀਓ ਓਲੰਪਿਕ ਵਿਚ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਮੈਡਲ ਦੀ ਸਭ ਤੋਂ ਵੱਡੀ ਦਾਅਵੇਦਾਰ ਹੋਵੇਗੀ। ਓਲੰਪਿਕ ਵਿਚ ਮਨੂ ਦੋ ਸਿੰਗਲ ਤੇ ਇਕ ਮਿਕਸਡ ਮੁਕਾਬਲੇ ਵਿਚ ਦੇਸ਼ ਲਈ ਖੇਡੇਗੀ। ਲਾਕਡਾਊਨ ਤੋਂ ਬਾਅਦ ਚੈਂਪੀਅਨਸ਼ਿਪਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਟੋਕੀਓ ਦੀਆਂ ਤਿਆਰੀਆਂ ਤੇ ਮੈਡਲ ਜਿੱਤਣ ਦੀ ਸੰਭਾਵਨਾ ਵਰਗੇ ਸਾਰੇ ਮੁੱਦਿਆਂ 'ਤੇ ਮਨੂ ਭਾਕਰ ਨੇ ਅਨਿਲ ਭਾਰਦਵਾਜ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਤੁਹਾਡੇ ਉਤਸ਼ਾਹ ਨੂੰ ਦੇਖ ਕੇ ਲਗਦਾ ਹੈ ਕਿ ਦੇਸ਼ ਦਾ ਹਰ ਨਿਸ਼ਾਨੇਬਾਜ਼ ਮੈਡਲ ਜਿੱਤਣ ਦਾ ਦਾਅਵੇਦਾਰ ਹੈ?

-ਪਿਛਲੇ ਦਿਨੀਂ ਚੈਂਪੀਅਨਸ਼ਿਪਾਂ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਵੱਧ ਮੈਡਲ ਆਪਣੇ ਨਾਂ ਕੀਤੇ ਹਨ। ਜੇ ਇਹ ਲੈਅ ਕਾਇਮ ਰੱਖਣ ਵਿਚ ਅਸੀਂ ਕਾਮਯਾਬ ਰਹਿੰਦੇ ਹਾਂ ਤਾਂ ਟੋਕੀਓ ਵਿਚ ਚੰਗਾ ਪ੍ਰਦਰਸ਼ਨ ਕਰਨਾ ਜ਼ਿਆਦਾ ਮੁਸ਼ਕਲ ਨਹੀਂ ਹੋਵੇਗਾ। ਭਾਰਤ ਦਾ ਹਰ ਨਿਸ਼ਾਨੇਬਾਜ਼ ਮੈਡਲ ਦੀ ਦੌੜ ਵਿਚ ਸ਼ਾਮਲ ਹੈ। ਤੁਸੀਂ ਪਿਛਲੇ ਓਲੰਪਿਕ ਦੀ ਮੈਡਲ ਸੂਚੀ ਨੂੰ ਦੇਖਣਾ ਛੱਡ ਦਿਓ। ਇਸ ਵਾਰ ਨਵੀਂ ਮੈਡਲ ਸੂਚੀ ਬਣਨ ਦੀ ਚੰਗੀ ਸੰਭਾਵਨਾ ਹੈ।

ਤੁਸੀਂ ਕਿਸੇ ਨਿਸ਼ਾਨੇਬਾਜ਼ ਨੂੰ ਆਪਣਾ ਸਖ਼ਤ ਵਿਰੋਧੀ ਮੰਨਦੇ ਹੋ?

-ਕੋਈ ਇਕ ਵਿਰਧੀ ਹੁੰਦਾ ਤਾਂ ਜ਼ਰੂਰ ਦੱਸਦੀ ਪਰ ਇੱਥੇ ਹਰ ਨਿਸ਼ਾਨੇਬਾਜ਼ ਤੁਹਾਡਾ ਸਖ਼ਤ ਵਿਰੋਧੀ ਹੁੰਦਾ ਹੈ। ਮੈਂ ਪਹਿਲਾਂ ਹੀ ਕਿਹਾ ਹੈ ਕਿ ਓਲੰਪਿਕ ਵਿਚ ਮੈਡਲ ਜਿੱਤਣਾ ਹੋਰ ਚੈਂਪੀਅਨਸ਼ਿਪਾਂ ਦੇ ਮੁਕਾਬਲੇ ਮੁਸ਼ਕਲ ਹੁੰਦਾ ਹੈ। ਓਲੰਪਿਕ ਵਿਚ ਯੂਰਪ ਤੇ ਏਸ਼ੀਆ ਦੇਸ਼ਾਂ ਦੇ ਸਟਾਰ ਨਿਸ਼ਾਨੇਬਾਜ਼ ਤੁਹਾਡੇ ਵਿਰੋਧੀ ਹੋਣਗੇ। ਉਨ੍ਹਾਂ ਵਿਚੋਂ ਕਿਸੇ ਨੂੰ ਘੱਟ ਨਹੀਂ ਸਮਝ ਸਕਦੇ। ਤੁਸੀਂ ਕਿਸੇ ਨੂੰ ਘੱਟ ਸਮਿਝਆ ਤਾਂ ਮੁਕਾਬਲੇ ਤੋਂ ਬਾਹਰ ਹੋਵੋਗੇ।

-ਆਪਣੇ-ਆਪ ਨੂੰ ਮੈਡਲ ਜਿੱਤਣ ਦਾ ਕਿੰਨਾ ਦਾਅਵੇਦਾਰ ਮੰਨਦੇ ਹੋ?

-ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ ਤੇ ਹੋਰ ਚੈਂਪੀਅਨਸ਼ਿਪਾਂ ਵਿਚ ਮੈਡਲ ਜਿੱਤਣਾ ਤੁਹਾਨੂੰ ਓਲੰਪਿਕ ਮੈਡਲ ਜਿੱਤਣ ਦਾ ਦਾਅਵੇਦਾਰ ਬਣਾਉਂਦਾ ਹੈ। ਇਹ ਵੀ ਸਹੀ ਹੈ ਕਿ ਓਲੰਪਿਕ ਮੈਡਲ ਜਿੱਤਣਾ ਹੋਰ ਚੈਂਪੀਅਨਸ਼ਿਪਾਂ ਦੇ ਮੁਕਾਬਲੇ ਵੱਧ ਮੁਸ਼ਕਲ ਹੈ ਪਰ ਇਕ ਖਿਡਾਰੀ ਹੋਣ ਵਜੋਂ ਮੈਡਲ ਜਿੱਤਣ ਦਾ ਵਿਸ਼ਵਾਸ ਹੈ ਤੇ ਇਸੇ ਵਿਸ਼ਵਾਸ ਨਾਲ ਟੋਕੀਓ ਜਾਵਾਂਗੀ। ਸਭ ਤੋਂ ਪਹਿਲਾਂ ਖਿਡਾਰੀ ਨੂੰ ਖ਼ੁਦ 'ਤੇ ਵਿਸ਼ਵਾਸ ਕਰਨਾ ਪਵੇਗਾ। ਅਸੀਂ ਉਸ ਪੱਧਰ ਦੀ ਤਿਆਰੀ ਕੀਤੀ ਹੈ ਜਿਸ ਦੇ ਦਮ 'ਤੇ ਅਸੀਂ ਦੁਨੀਆ ਦੇ ਨਿਸ਼ਾਨੇਬਾਜ਼ਾਂ ਨੂੰ ਹਰਾ ਸਕਦੇ ਹਾਂ।

-ਤੁਸੀਂ 10 ਮੀਟਰ ਏਅਰ ਪਿਸਟਲ ਤੇ 25 ਮੀਟਰ ਪਿਸਟਲ ਵਿਚ ਖ਼ੁਦ ਨੂੰ ਮੈਡਲ ਦਾ ਵੱਧ ਦਾਅਵੇਦਾਰ ਕਿਸ ਵਿਚ ਮੰਨਦੇ ਹੋ?

-ਮੈਂ ਦੋਵਾਂ ਹੀ ਮੁਕਾਬਲਿਆਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੀ ਸਥਿਤੀ ਵਿਚ ਹਾਂ। ਜੇ ਮੈਂ ਕਿਸੇ ਇਕ ਮੁਕਾਬਲੇ ਵਿਚ ਮੈਡਲ ਜਿੱਤਣ ਦੀ ਵੱਧ ਸੰਭਾਵਨਾ ਦੱਸਦੀ ਹਾਂ ਤਾਂ ਇਹ ਕਹਿਣਾ ਆਪਣੀ ਖੇਡ ਨਾਲ ਬੇਇਮਾਨੀ ਕਰਨਾ ਹੋਵੇਗਾ। ਟੋਕੀਓ ਵਿਚ ਕੀ ਹੋਵੇਗਾ, ਇਹ ਭਵਿੱਖ ਦੀ ਗੱਲ ਹੈ, ਪਰ ਮੈਨੂੰ ਵਿਸ਼ਵਾਸ ਹੈ ਕਿ ਮੈਂ ਦੋਵਾਂ ਮੁਕਾਬਲਿਆਂ ਵਿਚ ਦੇਸ਼ ਲਈ ਬਿਹਤਰ ਪ੍ਰਦਰਸ਼ਨ ਕਰ ਸਕਦੀ ਹਾਂ।

-ਤੁਸੀਂ 10 ਮੀਟਰ ਏਅਰ ਪਿਸਟਲ ਵਿਚ ਸੌਰਭ ਚੌਧਰੀ ਨਾਲ ਮਿਕਸਡ ਮੁਕਾਬਲੇ ਵਿਚ ਖੇਡੋਗੇ। ਸੌਰਭ ਬਾਰੇ ਕੀ ਕਹਿਣਾ ਚਾਹੁੰਦੇ ਹੋ?

-ਸੌਰਭ ਦੇਸ਼ ਦੇ ਸਟਾਰ ਨਿਸ਼ਾਨੇਬਾਜ਼ ਹਨ। ਉਹ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਆ ਰਹੇ ਹਨ। ਅਸੀਂ ਦੋਵੇਂ ਮੈਡਲ ਜਿੱਤਣ ਦੇ ਦਾਅਵੇ ਦੇ ਬਹੁਤ ਨੇੜੇ ਹੋਵਾਂਗੇ। ਮੈਂ ਇੰਨਾ ਜ਼ਰੂਰ ਕਹਾਂਗੀ ਕਿ ਪੂਰੀ ਦੁਨੀਆ ਦੇ ਨਿਸ਼ਾਨੇਬਾਜ਼ਾਂ ਨੂੰ ਸਾਡੇ ਨਾਲ ਮੁਕਾਬਲੇ ਲਈ ਚਿੰਤਾ ਜ਼ਰੂਰ ਕਰਨੀ ਪਵੇਗੀ। ਸੌਰਭ ਅਜਿਹੇ ਨਿਸ਼ਾਨੇਬਾਜ਼ ਹਨ ਜੋ ਕਿਸੇ ਨੂੰ ਵੀ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕਰ ਸਕਦੇ ਹਨ।

ਓਲੰਪਿਕ ਜੁਲਾਈ ਵਿਚ ਹੋਣਗੇ, ਕੀ ਨਿਸ਼ਾਨੇਬਾਜ਼ਾਂ ਨੂੰ ਵਿਦੇਸ਼ ਵਿਚ ਸਿਖਲਾਈ ਜਾਂ ਹੋਰ ਕਿਸੇ ਸਹੂਲਤ ਦੀ ਲੋੜ ਹੈ?

-ਅਜੇ ਤਕ ਸਾਨੂੰ ਸਿਖਲਾਈ ਲਈ ਸਰਬੋਤਮ ਸਹੂਲਤਾਂ ਮਿਲੀਆਂ ਹਨ। ਹੁਣ ਭਾਰਤ ਵਿਚ ਉਹ ਸਹੂਲਤਾਂ ਹਨ ਕਿ ਵਿਦੇਸ਼ ਜਾਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਹੈ। ਤੁਹਾਡੇ ਦੇਸ਼ ਹੀ ਨਹੀਂ, ਬਲਕਿ ਦੁਨੀਆ ਦੇ ਸਰਬੋਤਮ ਨਿਸ਼ਾਨੇਬਾਜ਼ਾਂ ਵਿਚਾਲੇ ਸਿਖਲਾਈ ਲੈਣ ਦਾ ਮੌਕਾ ਆਪਣੇ ਹੀ ਦੇਸ਼ ਵਿਚ ਮਿਲ ਰਿਹਾ ਹੈ। ਅੱਜ ਰਾਸ਼ਟਰੀ ਪੱਧਰ 'ਤੇ ਮੈਡਲ ਜਿੱਤਣ ਵਿਚ ਇਕ ਨਿਸ਼ਾਨੇਬਾਜ਼ ਨੂੰ ਅੰਤਰਰਾਸ਼ਟਰੀ ਪੱਧਰ ਵਰਗੀ ਟੱਕਰ ਮਿਲਦੀ ਹੈ ਕਿਉਂਕਿ ਭਾਰਤ ਵਿਚ ਚੰਗੇ ਨਿਸ਼ਾਨੇਬਾਜ਼ਾਂ ਦੀ ਲੰਬੀ ਕਤਾਰ ਹੈ ਤੇ ਨਿਸ਼ਾਨੇਬਾਜ਼ ਨੂੰ ਇਹੀ ਚਾਹੀਦਾ ਹੁੰਦਾ ਹੈ।

-ਕੋਰੋਨਾ ਕਾਲ ਵਿਚ ਲਾਕਡਾਊਨ ਰਿਹਾ। ਇਸ ਨਾਲ ਕਿੰਨਾ ਨੁਕਸਾਨ ਹੋਇਆ ਹੈ?

-ਹਰ ਕਿਸੇ ਨੂੰ ਇਕ ਬੁਰੇ ਸਮੇਂ 'ਚੋਂ ਲੰਘਣਾ ਪੈਂਦਾ ਹੈ। ਹੁਣ ਉਹ ਸਮਾਂ ਨਿਕਲ ਗਿਆ ਹੈ। ਅਸੀਂ ਲਗਾਤਾਰ ਖੇਡ ਰਹੇ ਹਾਂ ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਹਰ ਖਿਡਾਰੀ ਨੂੰ ਲਾਕਡਾਊਨ ਨਾਲ ਬਹੁਤ ਨੁਕਸਾਨ ਹੋਇਆ ਹੈ ਪਰ ਤੁਸੀਂ ਇਸ ਲਈ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਪੂਰੀ ਦੁਨੀਆ ਇਸ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਆਸ ਹੈ ਕਿ ਰੱਬ ਅੱਗੇ ਸਭ ਚੰਗਾ ਕਰਨਗੇ।