ਨਵੀਂ ਦਿੱਲੀ (ਜੇਐੱਨਐੱਨ) : ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਤੇ ਕੋਚਾਂ ਦੀ ਸਹਿਮਤੀ ਨਾਲ ਲੰਡਨ ਵਿਚ ਹੈ ਤੇ ਉਨ੍ਹਾਂ ਨੇ ਕਿਸੇ ਦੇ ਨਾਲ ਵੀ ਮਤਭੇਦ ਦੀਆਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ। ਹਾਲਾਂਕਿ ਇਸ ਦੇ ਉਲਟ ਸਿੰਧੂ ਦੇ ਪਿਤਾ ਪੀਵੀ ਰਮੰਨਾ ਨੇ ਭਾਰਤੀ ਕੋਚ ਪੁਲੇਲਾ ਗੋਪੀਚੰਦ ਨਾਲ ਸਭ ਕੁਝ ਸਹੀ ਨਾ ਹੋਣ ਦੀ ਗੱਲ ਕਹੀ। ਓਲੰਪਿਕ ਸਿਲਵਰ ਮੈਡਲ ਜੇਤੂ ਸਿੰਧੂ ਪਿਛਲੇ 10 ਦਿਨਾਂ ਤੋਂ ਲੰਡਨ ਵਿਚ ਹੈ ਤੇ ਸੋਮਵਾਰ ਨੂੰ ਉਨ੍ਹਾਂ ਨੇ ਗੇਟੋਰੇਡ ਖੇਡ ਵਿਗਿਆਨ ਸੰਸਥਾ (ਜੀਐੱਸਐੱਸਆਈ) ਦੀ ਖੇਡ ਪੋਸ਼ਣ ਮਾਹਿਰ ਰੇਬੇਕਾ ਰੇਂਡੇਲ ਨਾਲ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ। ਸਿੰਧੂ ਜੀਐੱਸਐੱਸਆਈ ਵਿਚ ਹੀ ਟ੍ਰੇਨਿੰਗ ਕਰ ਰਹੀ ਹੈ। ਪਹਿਲਾਂ ਖ਼ਬਰਾਂ ਆਈਆਂ ਸਨ ਕਿ ਸਿੰਧੂ ਨੇ ਪਰਿਵਾਰ 'ਚ ਤਣਾਅ ਕਾਰਨ ਦੇਸ਼ ਛੱਡਿਆ ਹੈ ਪਰ ਇਸ ਸਟਾਰ ਖਿਡਾਰਨ ਨੇ ਇਨ੍ਹਾਂ ਕਿਆਸ ਅਰਾਈਆਂ ਨੂੰ ਖ਼ਾਰਜ ਕੀਤਾ। ਸਿੰਧੂ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਮੈਂ ਕੁਝ ਦਿਨ ਪਹਿਲਾਂ ਲੰਡਨ ਆਈ ਜਿਸ ਨਾਲ ਕਿ ਜੀਐੱਸਐੱਸਆਈ ਦੇ ਨਾਲ ਆਪਣੇ ਪੋਸ਼ਣ ਨਾਲ ਜੁੜੀਆਂ ਚੀਜ਼ਾਂ 'ਤੇ ਕੰਮ ਕਰ ਸਕਾਂ। ਮੈਂ ਆਪਣੇ ਮਾਤਾ-ਪਿਤਾ ਦੀ ਸਹਿਮਤੀ ਨਾਲ ਇੱਥੇ ਆਈ ਹਾਂ ਤੇ ਇਸ ਸੰਦਰਭ ਵਿਚ ਪਰਿਵਾਰ ਨਾਲ ਕੋਈ ਮਤਭੇਦ ਨਹੀਂ ਹੈ। ਮੈਨੂੰ ਆਪਣੇ ਮਾਤਾ-ਪਿਤਾ ਨਾਲ ਕੋਈ ਮੁਸ਼ਕਲ ਕਿਉਂ ਹੋਵੇਗੀ ਜਿਨ੍ਹਾਂ ਨੇ ਮੇਰੇ ਲਈ ਆਪਣੇ ਜੀਵਨ ਵਿਚ ਬਲਿਦਾਨ ਦਿੱਤੇ। ਮੇਰਾ ਪਰਿਵਾਰ ਇਕ ਦੂਜੇ ਦੇ ਕਾਫੀ ਨੇੜੇ ਹੈ ਤੇ ਉਹ ਹਮੇਸ਼ਾ ਮੇਰਾ ਸਮਰਥਨ ਕਰਦੇ ਹਨ। ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਰੋਜ਼ਾਨਾ ਸੰਪਰਕ ਵਿਚ ਹਾਂ।

ਗੋਪੀਚੰਦ ਨੇ ਟ੍ਰੇਨਿੰਗ 'ਚ ਨਹੀਂ ਦਿਖਾਈ ਦਿਲਚਸਪੀ : ਰਮੰਨਾ

ਇਸ ਤੋਂ ਪਹਿਲਾਂ ਸਿੰਧੂ ਦੇ ਪਿਤਾ ਪੀਵੀ ਰਮੰਨਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਧੀ ਬੈਡਮਿੰਟਨ ਵਿਸ਼ਵ ਮਹਾਸੰਘ (ਬੀਡਬਲਯੂਐੱਫ) ਦੇ ਕੈਲੰਡਰ ਦੇ ਅਗਲੇ ਸਾਲ ਹੋਣ ਵਾਲੇ ਏਸ਼ਿਆਈ ਗੇੜ ਦੀ ਤਿਆਰੀ ਲਈ ਲੰਡਨ ਵਿਚ ਹੈ ਕਿਉਂਕਿ ਹੈਦਰਾਬਾਦ ਵਿਚ ਚੱਲ ਰਹੇ ਰਾਸ਼ਟਰੀ ਕੈਂਪ ਵਿਚ ਉਹ ਚੰਗੀ ਤਰ੍ਹਾਂ ਅਭਿਆਸ ਨਹੀਂ ਕਰ ਪਾ ਰਹੀ ਸੀ। ਏਸ਼ਿਆਈ ਖੇਡਾਂ 2018 ਤੋਂ ਬਾਅਦ ਮੁੱਖ ਕੋਚ ਪੁਲੇਲਾ ਗੋਪੀਚੰਦ ਨੇ ਉਨ੍ਹਾਂ ਦੀ ਟ੍ਰੇਨਿੰਗ ਵਿਚ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਨੇ ਉਸ ਨਾਲ ਚੰਗੇ ਅਭਿਆਸ ਜੋੜੀਦਾਰ ਨੂੰ ਮੁਹੱਈਆ ਨਹੀਂ ਕਰਵਾਇਆ।