ਨਵੀਂ ਦਿੱਲੀ (ਪੀਟੀਆਈ) : ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਟ ਡਾਇਰੈਕਟਰ ਸੈਂਟੀਆਗੋ ਨੀਵਾ ਨੇ ਪਟਿਆਲਾ ਵਿਚ ਚੱਲ ਰਹੇ ਰਾਸ਼ਟਰੀ ਕੈਂਪ ਵਿਚ ਸੱਤ ਹੋਰ ਮੁੱਕੇਬਾਜ਼ਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਮੁੱਕੇਬਾਜ਼ਾਂ ਲਈ ਇਸ ਕੈਂਪ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ। ਨੀਵਾ ਨੇ ਕਿਹਾ ਕਿ ਕੈਂਪ ਨੂੰ ਮੁੜ ਤੋਂ ਸੁਚਾਰੂ ਢੰਗ ਨਾਲ ਸ਼ੁਰੂ ਕੀਤਾ ਜਾ ਚੁੱਕਾ ਹੈ ਤੇ ਹੁਣ ਇਸ ਦਾ ਵਿਸਤਾਰ ਕੀਤਾ ਜਾ ਸਕਦਾ ਹੈ। ਕੋਵਿਡ-19 ਮਹਾਮਾਰੀ ਵਿਚਾਲੇ ਰਾਸ਼ਟਰੀ ਖੇਡ ਸੰਸਥਾਨ (ਐੱਨਆਈਐੱਸ) ਪਟਿਆਲਾ ਵਿਚ ਮੁੜ ਤੋਂ ਕੈਂਪ ਸ਼ੁਰੂ ਕਰਨ ਦਾ ਸ਼ੁਰੂਆਤੀ ਕਦਮ ਉਠਾਇਆ ਗਿਆ ਸੀ। ਇਸ ਵਿਚ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਮਰਦ ਮੁੱਕੇਬਾਜ਼ਾਂ ਤੇ ਕੁਝ ਮਹਿਲਾ ਮੁੱਕੇਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਤੇ ਓਲੰਪਿਕ ਮੈਡਲ ਦੇ ਦਾਅਵੇਦਾਰ ਅਮਿਤ ਪੰਘਾਲ ਵੀ ਸ਼ਾਮਲ ਹਨ। ਨੀਵਾ ਨੇ ਕਿਹਾ ਕਿ ਅਸੀਂ ਅਗਲੇ ਕੁਝ ਹਫ਼ਤਿਆਂ ਵਿਚ ਇਸ ਸੂਚੀ ਵਿਚ ਸੱਤ ਹੋਰ ਮੁੱਕੇਬਾਜ਼, ਦੋ ਕੋਚ ਤੇ ਇਕ ਸਹਾਇਕ ਮੈਂਬਰ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ। ਇਸ ਲਈ ਭਾਰਤੀ ਖੇਡ ਅਥਾਰਟੀ (ਸਾਈ) ਤੋਂ ਇਜਾਜ਼ਤ ਮੰਗੀ ਗਈ ਹੈ। ਇੱਥੇ ਜੋ ਮੁੱਕੇਬਾਜ਼ ਹਨ ਉਹ ਸਖ਼ਤ ਸਿਹਤ ਸੁਰੱਖਿਆ ਪ੍ਰਰੋਟੋਕਾਲ ਤਹਿਤ ਸਿਖਲਾਈ ਲੈ ਰਹੇ ਹਨ। ਮੈਂ ਨਾਂ ਨਹੀਂ ਦੱਸ ਸਕਦਾ ਪਰ ਜਿਨ੍ਹਾਂ ਨੂੰ ਅਸੀਂ ਸ਼ਾਮਲ ਕਰਨਾ ਚਾਹੁੰਦੇ ਹਾਂ ਉਹ ਆਪਣੇ ਸਬੰਧਤ ਵਰਗਾਂ ਦੀ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਹਨ।

ਟੋਕੀਓ ਲਈ ਕੁਆਲੀਫਾਈ ਕਰਨ ਵਾਲੇ ਨੌਂ ਮੁੱਕੇਬਾਜ਼ :

ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਨੌਂ ਭਾਰਤੀ ਮੁੱਕੇਬਾਜ਼ਾਂ 'ਚ ਐੱਮਸੀ ਮੈਰੀ ਕਾਮ (51 ਕਿਲੋਗ੍ਰਾਮ), ਸਿਮਰਨਜੀਤ ਕੌਰ (60 ਕਿਲੋਗ੍ਰਾਮ), ਲਵਲੀਨਾ ਬੋਰਗੋਹਿਨ (69 ਕਿਲੋਗ੍ਰਾਮ), ਪੂਜਾ ਰਾਣੀ (75 ਕਿਲੋਗ੍ਰਾਮ), ਅਮਿਤ ਪੰਘਾਲ (52 ਕਿਲੋਗ੍ਰਾਮ), ਮਨੀਸ਼ ਕੌਸ਼ਿਕ (63 ਕਿਲੋਗ੍ਰਾਮ), ਵਿਕਾਸ (69 ਕਿਲੋਗ੍ਰਾਮ) ਤੋਂ ਇਲਾਵਾ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਤੇ ਸਤੀਸ਼ (91 ਕਿਲੋਗ੍ਰਾਮ ਤੋਂ ਜ਼ਿਆਦਾ) ਸ਼ਾਮਲ ਹਨ।

ਵੀਜ਼ੇ ਦੀ ਉਡੀਕ ਕਰ ਰਹੇ ਨੇ ਰਾਫੇਲ

ਮਹਿਲਾ ਮੁੱਕੇਬਾਜ਼ਾਂ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਰਾਫੇਲ ਬਰਗਾਮਾਸਕੋ ਇਟਲੀ ਤੋਂ ਵਾਪਿਸ ਆਉਣ ਲਈ ਤਿਆਰ ਹਨ। ਉਹ ਪਤਨੀ ਦੇ ਇਲਾਜ ਲਈ ਜੂਨ ਵਿਚ ਇਟਲੀ ਗਏ ਸਨ ਤੇ ਉਨ੍ਹਾਂ ਦੀ ਪਤਨੀ ਕੈਂਸਰ ਤੋਂ ਠੀਕ ਹੋ ਚੁੱਕੀ ਹੈ। ਉਹ ਵੀਜ਼ਾ ਮਿਲਣ ਦੀ ਈਡੀਕ ਕਰ ਰਹੇ ਹਨ।