ਮੋਨਾਕੋ (ਪੀਟੀਆਈ) : ਟ੍ਰੈਕ ਤੇ ਫੀਲਡ ਦੇ ਡੋਪਿੰਗ ਮਾਮਲਿਆਂ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਅਥਲੈਟਿਕਸ ਇੰਟੇਗਿ੍ਟੀ ਯੂਨਿਟ (ਏਆਈਯੂ) ਨੇ ਭਾਰਤੀ ਫਰਾਟਾ ਦੌੜਾਕ ਨਿਰਮਲਾ ਸ਼ਿਓਰਾਣ ਤੋਂ ਏਸ਼ੀਅਨ ਚੈਂਪੀਅਨਸ਼ਿਪ ਦੇ ਉਨ੍ਹਾਂ ਦੇ ਦੋ ਗੋਲਡ ਮੈਡਲ ਖੋਹ ਲਏ ਤੇ ਉਨ੍ਹਾਂ 'ਤੇ ਚਾਰ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਏਆਈਯੂ ਨੇ ਨਿਰਮਲਾ ਨੂੰ ਜੂਨ 2018 ਵਿਚ ਘਰੇਲੂ ਚੈਂਪੀਅਨਸ਼ਿਪ ਵਿਚ ਸਟੇਰਾਇਡ ਡ੍ਰੋਸਤਾਨੋਲੋਨ ਤੇ ਮੇਟੇਨੋਲੋਨ ਦੇ ਇਸਤੇਮਾਲ ਦਾ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ ਸੱਤ ਅਕਤੂਬਰ ਨੂੰ ਉਨ੍ਹਾਂ 'ਤੇ ਪਾਬੰਦੀ ਲਾ ਦਿੱਤੀ ਗਈ। ਏਆਈਯੂ ਮੁਤਾਬਕ ਇਸ ਭਾਰਤੀ ਅਥਲੀਟ ਦੇ ਖ਼ੂਨ ਦੇ ਨਮੂਨਿਆਂ 'ਚ ਗੜਬੜੀ ਪਾਈ ਗਈ ਸੀ। ਉਨ੍ਹਾਂ ਨੇ ਪਾਬੰਦੀ ਨੂੰ ਸਵੀਕਾਰ ਕਰ ਲਿਆ ਹੈ ਤੇ ਮਾਮਲੇ ਦੀ ਸੁਣਵਾਈ ਦੀ ਮੰਗ ਨਹੀਂ ਕੀਤੀ। ਉਨ੍ਹਾਂ ਦੀ ਪਾਬੰਦੀ 28 ਜੂਨ 2018 ਤੋਂ ਸ਼ੁਰੂ ਹੋਵੇਗੀ ਜਦਕਿ ਅਗਸਤ 2016 ਤੋਂ ਨਵੰਬਰ 2018 ਤਕ ਦੇ ਉਨ੍ਹਾਂ ਦੇ ਸਾਰੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਨਿਰਮਲਾ ਨੇ 2017 ਵਿਚ ਭਾਰਤ ਵਿਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ 400 ਮੀਟਰ ਤੇ ਚਾਰ ਗੁਣਾ 400 ਮੀਟਰ ਰਿਲੇਅ ਵਿਚ ਗੋਲਡ ਮੈਡਲ ਹਾਸਲ ਕੀਤੇ ਸਨ। ਉਨ੍ਹਾਂ ਨੇ ਰੀਓ ਓਲੰਪਿਕ ਵਿਚ ਵੀ ਇਨ੍ਹਾਂ ਦੋਵਾਂ ਮੁਕਾਬਲਿਆਂ 'ਚ ਹਿੱਸਾ ਲਿਆ ਸੀ।